Fake ਐਨਕਾਊਂਟਰ ਮਾਮਲੇ 'ਚ ਸ਼ਜਾ ਕੱਟ ਰਹੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਇਲਾਜ਼ ਦੌਰਾਨ ਮੌਤ, ਕੁੱਝ ਦਿਨ ਪਹਿਲਾਂ ਜੇਲ੍ਹ 'ਚ ਹੋਇਆ ਸੀ ਹਮਲਾ
ਜੇਲ੍ਹ 'ਚ ਹਮਲਾ, ਹਸਪਤਾਲ 'ਚ ਮੌਤ! ਪੜ੍ਹੋ ਫੇਕ ਐਨਕਾਊਂਟਰ ਮਾਮਲੇ ਦੇ ਦੋਸ਼ੀ ਸਾਬਕਾ ਇੰਸਪੈਕਟਰ ਸੂਬਾ ਸਿੰਘ ਅਤੇ ਹਮਲਾਵਰ ਸੰਦੀਪ ਸੰਨੀ ਦੀ ਪੂਰੀ ਕਹਾਣੀ!
ਚੰਡੀਗੜ੍ਹ, 17 ਸਤੰਬਰ 2025- ਫੇਕ ਐਨਕਾਊਂਟਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਇਲਾਜ਼ ਦੇ ਦੌਰਾਨ ਮੌਤ ਹੋਣ ਦੀ ਖ਼ਬਰ ਹੈ। ਉਹ ਪਟਿਆਲਾ ਜੇਲ੍ਹ ਅੰਦਰ ਬੰਦ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਉੱਪਰ ਪਿਛਲੇ ਦਿਨੀਂ ਜੇਲ੍ਹ ਦੇ ਅੰਦਰ ਸੰਦੀਪ ਸਿੰਘ ਸੰਨੀ ਨਾਮ ਦੇ ਵਿਅਕਤੀ ਨੇ ਜਾਨਲੇਵਾ ਹਮਲਾ ਕੀਤਾ ਸੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ ਸੀ। ਜ਼ਖਮੀ ਹਾਲਤ ਵਿੱਚ ਸੂਬਾ ਸਿੰਘ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹਦੀ ਅੱਜ ਮੌਤ ਹੋ ਗਈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਿੰਦੂ ਲੀਡਰ ਸੁਧੀਰ ਸੂਰੀ ਦਾ, ਜਿਸ ਸੰਦੀਪ ਸਿੰਘ ਸੰਨੀ ਨੇ ਕਤਲ ਕੀਤਾ ਸੀ, ਉਸਨੇ ਹੀ ਸਾਬਕਾ ਇੰਸਪੈਕਟਰ ਸੂਬਾ ਸਿੰਘ, ਸੇਵਾਮੁਕਤ ਡੀ.ਐੱਸ.ਪੀ. ਗੁਰਬਚਨ ਸਿੰਘ ਅਤੇ ਇੰਸਪੈਕਟਰ ਇੰਦਰਜੀਤ ਸਿੰਘ ’ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਸੂਬਾ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਦੌਰਾਨੇ ਇਲਾਜ ਉਹ ਰਾਜਿੰਦਰਾ ਹਸਪਤਾਲ ਵਿੱਚ ਹੀ ਦਮ ਤੋੜ ਗਿਆ। ਦੱਸਣਾ ਬਣਦਾ ਹੈ ਕਿ ਫੇਕ ਐਨਕਾਊਂਟਰ ਮਾਮਲੇ ਵਿੱਚ ਸੇਵਾ ਮੁਕਤ ਡੀ.ਐੱਸ.ਪੀ. ਗੁਰਬਚਨ ਸਿੰਘ, ਇੰਸਪੈਕਟਰ ਸੂਬਾ ਸਿੰਘ ਨੂੰ ਸੀ.ਬੀ.ਆਈ. ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਕੌਣ ਹੈ ਸੰਦੀਪ ਸੰਨੀ?
ਦੱਸ ਦਈਏ ਕਿ ਸੰਦੀਪ ਸਿੰਘ ਸੰਨੀ ਉਹ ਵਿਅਕਤੀ ਹੈ, ਜਿਸ ਨੇ ਹਿੰਦੂ ਲੀਡਰ ਸੁਧੀਰ ਸੂਰੀ ਦਾ 4 ਨਵੰਬਰ 2022 ਨੂੰ ਅੰਮ੍ਰਿਤਸਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਮੌਕੇ ਤੋਂ ਹੀ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਵੇਲੇ ਤੋਂ ਹੀ ਉਹ ਜੇਲ੍ਹ ਦੇ ਅੰਦਰ ਬੰਦ ਹੈ।
ਜੇਲ੍ਹ 'ਚ ਸੰਦੀਪ ਸਿੰਘ ਸੰਨੀ ਦੀ ਵੀ ਕੁੱਟਮਾਰ- ਐਸਜੀਪੀਸੀ ਪ੍ਰਧਾਨ ਦਾ ਦਾਅਵਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਜ਼ੇਲ੍ਹ ਪ੍ਰਸ਼ਾਸਨ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਨਾਲ ਕੀਤੀ ਗਈ ਵਧੀਕੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਦਾ ਅਜਿਹਾ ਵਰਤਾਰਾ ਬੇਹੱਦ ਦੁਖਦਾਈ ਅਤੇ ਬੇਇਨਸਾਫੀ ਵਾਲਾ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਜ਼ੇਲ੍ਹ ਵਿਚ ਹੋਏ ਝਗੜੇ ਦੀ ਨਿਰਪੱਖ ਜਾਂਚ ਕਰਨ ਦੀ ਬਜਾਏ ਭਾਈ ਸੰਦੀਪ ਸਿੰਘ ਦੀ ਮਾਰਕੁਟਾਈ ਕਰਨਾ ਅਤੇ ਉਸ ਦੇ ਪਰਿਵਾਰ ਨੂੰ ਵੀ ਉਸ ਨਾਲ ਮਿਲਣ ਨਾ ਦੇਣਾ ਚਿੰਤਾਜਨਕ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਇਨਸਾਫ਼ ਦੇਣ ਦੀ ਬਜਾਏ ਭਾਈ ਸੰਦੀਪ ਸਿੰਘ ਨੂੰ ਪਟਿਆਲਾ ਤੋਂ ਸੰਗਰੂਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ, ਜਦਕਿ ਅਦਾਲਤ ਵੱਲੋਂ ਕੀਤੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਅਦਾਲਤ ਨੇ ਭਾਈ ਸੰਦੀਪ ਸਿੰਘ ਦਾ ਰਾਜਿੰਦਰਾ ਹਸਪਤਾਲ ਤੋਂ ਮੈਡੀਕਲ ਕਰਵਾਉਣ ਦਾ ਆਦੇਸ਼ ਕੀਤਾ ਸੀ, ਜਿਸਨੂੰ ਵੀ ਲਾਗੂ ਨਹੀਂ ਕੀਤਾ ਗਿਆ। ਭਾਈ ਸੰਦੀਪ ਸਿੰਘ ਨੂੰ ਨਾ ਤਾਂ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਵਕੀਲਾਂ ਨਾਲ ਮੁਲਾਕਾਤ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਅਜਿਹਾ ਵਰਤਾਰਾ ਕਈ ਸਵਾਲ ਖੜ੍ਹੇ ਕਰਦਾ ਹੈ।
ਧਾਮੀ ਨੇ ਕਿਹਾ- ਜੇ ਸੰਨੀ ਦਾ ਕੋਈ ਨੁਕਸਾਨ ਹੋਇਆ ਤਾਂ, ਜ਼ੇਲ੍ਹ ਪ੍ਰਸ਼ਾਸਨ ਹੋਵੇਗਾ ਜਿੰਮੇਵਾਰ
ਐਸਜੀਪੀਸੀ ਪ੍ਰਧਾਨ ਧਾਮੀ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਖਿਲਾਫ਼ ਕੇਸ ਦਰਜ ਕਰਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ ਵਿਚ ਸਜ਼ਾ ਕੱਟ ਰਹੇ ਪੁਲਿਸ ਵਾਲਿਆਂ ਨੂੰ ਬਚਾਉਣ ਦੇ ਯਤਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਈ ਸੰਦੀਪ ਸਿੰਘ ਦਾ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਜਿੰਮੇਵਾਰੀ ਜ਼ੇਲ੍ਹ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਭਾਈ ਸੰਦੀਪ ਸਿੰਘ ਦੇ ਪਰਿਵਾਰ ਅਤੇ ਵਕੀਲਾਂ ਨੂੰ ਤੁਰੰਤ ਉਸ ਨਾਲ ਮਿਲਣ ਦੀ ਇਜਾਜਤ ਦਿੱਤੀ ਜਾਵੇ, ਤਾਂ ਜੋ ਪਰਿਵਾਰ ਨੂੰ ਉਸ ਬਾਰੇ ਸਹੀ ਜਾਣਕਾਰੀ ਮਿਲ ਸਕੇ।