ਘੱਗਰ ਦਰਿਆ ਕਾਰਨ ਹੁੰਦੇ ਨੁਕਸਾਨ ਨੂੰ ਰੋਕਣ ਲਈ MLA ਰੰਧਾਵਾ ਵੱਲੋਂ ਪਿੰਡਾਂ ਦਾ ਦੌਰਾ
ਟਿਵਾਣਾ ਪਿੰਡ ਵਿੱਚ ਬੰਨ੍ਹ ਨੂੰ ਮਜਬੂਤ ਕਰਨ ਦੇ ਕੰਮ ਦੀ ਕਰਵਾਈ ਸ਼ੁਰੂਆਤ
ਲਾਲੜੂ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 17 ਸਤੰਬਰ 2025:
ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਘੱਗਰ ਦਰਿਆ ਦੇ ਪਾਣੀ ਕਾਰਨ ਪਿੰਡ ਟਿਵਾਣਾ, ਖਜੂਰ ਮੰਡੀ, ਸਾਧਾਪੁਰ, ਡੰਗਡੇਹਰਾ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ ਡੇਰਾਬੱਸੀ ਅਮਿਤ ਗੁਪਤਾ ਸਮੇਤ ਸਾਰੇ ਸੰਬੰਧਤ ਅਧਿਕਾਰੀ ਹਾਜ਼ਰ ਸਨ। ਕਿਸਾਨਾਂ ਵੱਲੋਂ ਵਿਧਾਇਕ ਰੰਧਾਵਾ ਦੁਆਰਾ p ਪਹਿਲਾਂ ਲਗਵਾਏ ਗਏ ਪੱਥਰ ਦੇ ਬੰਨ੍ਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਾਰ ਦਰਿਆ ਵਿੱਚ ਪਾਣੀ ਦੇ ਵੱਧ ਆਉਣ ਨਾਲ, ਪੱਥਰ ਦੇ ਬੰਨ੍ਹ ਦੇ ਉਪਰੋਂ ਪਾਣੀ ਆਇਆ ਸੀ ਤੇ ਕੁਝ ਹਿੱਸੇ ਵਿੱਚ ਬੰਨ੍ਹ ਨਾ ਹੋਣ ਕਰਕੇ ਪਾਣੀ ਆਉਣ ਨਾਲ ਉਨ੍ਹਾਂ ਦੀਆਂ ਫਸਲਾਂ ਤੇ ਖੇਤ ਬਰਬਾਦ ਹੋ ਜਾਂਦੇ ਹਨ। ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼੍ਰੀ ਰੰਧਾਵਾ ਨੇ ਅੱਜ ਸਥਾਨਕ ਕਿਸਾਨ ਆਗੂਆਂ ਨਾਲ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਮੁਆਇਨਾ ਕੀਤਾ।
ਉਨ੍ਹਾਂ ਨੇ ਦਰਿਆ ਨੂੰ ਹੋਰ ਚੌੜਾ ਕਰਨ ਅਤੇ ਪਹਿਲਾਂ ਬਣੇ ਪੱਥਰ ਦੇ ਬੰਨ੍ਹ ਨੂੰ ਅੱਗੇ ਵਧਾ ਕੇ ਮਜ਼ਬੂਤ ਕਰਨ ਦੇ ਕੰਮ ਦੀ, ਖਵਾਜੇ ਦਾ ਮੱਥਾ ਟੇਕ, ਸ਼ੁਰੂਆਤ ਕਰਵਾਈ। ਰੰਧਾਵਾ ਨੇ ਕਿਹਾ ਕਿ ਇਹ ਕੰਮ ਸਿਰਫ਼ ਅਸਥਾਈ ਨਹੀਂ ਸਗੋਂ ਸਥਾਈ ਹੱਲ ਵਜੋਂ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਨੁਕਸਾਨ ਨਾ ਝੱਲਣਾ ਪਵੇ। ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਯਕੀਨ ਦਵਾਇਆ ਕਿ ਇਸ ਕੰਮ ਨੂੰ ਪੂਰੀ ਮਜ਼ਬੂਤੀ ਨਾਲ ਪੂਰਾ ਕੀਤਾ ਜਾਵੇਗਾ ਅਤੇ ਸਰਕਾਰ ਤੇ ਉਨ੍ਹਾਂ ਵੱਲੋ ਖ਼ੁਦ ਨਿੱਜੀ ਤੌਰ ਤੇ ਹਰ ਸੰਭਵ ਸਹਿਯੋਗ ਮਿਲੇਗਾ।
ਐਸ ਡੀ ਐਮ ਡੇਰਾਬੱਸੀ ਅਤੇ ਹੋਰ ਅਧਿਕਾਰੀਆਂ (ਡਰੇਨੇਜ਼, ਬੀਡੀਪੀਓ, ਖੇਤੀਬਾੜੀ) ਨੇ ਵੀ ਇਸ ਗੱਲ ਦਾ ਭਰੋਸਾ ਦਿੱਤਾ ਕਿ ਦਰਿਆ ਦੇ ਕੰਢੇ ‘ਤੇ ਜ਼ਰੂਰੀ ਮੁਰੰਮਤ ਤੇ ਮਜ਼ਬੂਤੀ ਦੇ ਕੰਮ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਕਿਸਾਨ ਆਗੂਆਂ ਨੇ ਵਿਧਾਇਕ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਉਹ ਇਸ ਸਮੱਸਿਆ ਦਾ ਹੱਲ ਚਾਹੁੰਦੇ ਸਨ, ਜੋ ਹੁਣ ਸ਼ੁਰੂ ਹੋ ਗਿਆ ਹੈ।
ਸ਼੍ਰੀ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਚੰਗੀ ਤਰਾਂ ਜਾਣਦੀ ਹੈ ਕਿ ਖੇਤੀਬਾੜੀ ਪੰਜਾਬ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ। ਇਸ ਕਦਮ ਨਾਲ ਟਿਵਾਣਾ ਹੀ ਨਹੀਂ ਸਗੋਂ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਰਾਹਤ ਮਿਲੇਗੀ।
ਇਸ ਉਪਰੰਤ ਸ਼੍ਰੀ ਰੰਧਾਵਾ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਡੰਗਡੇਹਰਾ ਤੇ ਸਾਧਾਪੁਰ ਪਿੰਡਾਂ ਨੂੰ ਬਾਹਰੋਂ ਆਉਣ ਜਾਣ ਮੌਕੇ, ਪੈਂਦੇ ਚੋਅ ਨੂੰ ਕਾਜਵੇ ਜਾਂ ਪਾਈਪ ਲਾਈਨ ਪਾਕੇ ਪੁੱਲੀ ਬਣਾਉਣ ਦਾ ਮੌਕਾ ਦੇਖ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ। ਇਸ ਦੌਰੇ ਦੌਰਾਨ ਵਿਧਾਇਕ ਰੰਧਾਵਾ ਦੇ ਨਾਲ ਪਿੰਡਾਂ ਦੇ ਸਰਪੰਚ ਪੰਚ ਮੋਹਤਬਰ ਤੇ ਪਾਰਟੀ ਦੀ ਟੀਮ ਮੌਜੂਦ ਰਹੀ।