ਦਾਦੀ ਦੇ ਗੁਨਾਹਾਂ ਦੀ ਸਜ਼ਾ ਪੋਤੇ ਨੂੰ ਕਿਉਂ? ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਦੇ ਮਾਮਲੇ ਤੇ ਬੋਲੇ ਬੀਬੀ ਕਿਰਨਜੋਤ ਕੌਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 17 ਸਤੰਬਰ 2025- ਰਾਹੁਲ ਗਾਂਧੀ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਸਿਰੋਪਾ ਦੇਣ ਦੇ ਮਾਮਲੇ ਵਿੱਚ ਸਿਆਸਤ ਭਖਦੀ ਹੋਈ ਨਜ਼ਰੀਂ ਆ ਰਹੀ ਹੈ। ਇਸ ਮਾਮਲੇ ਤੇ ਹੁਣ ਐਸਜੀਪੀਸੀ ਮੈਂਬਰ ਅਤੇ ਬਾਗੀ ਅਕਾਲੀ ਧੜੇ ਦੀ ਆਗੂ ਬੀਬੀ ਕਿਰਨਜੋਤ ਕੌਰ ਬੋਲੇ ਹਨ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ, ਦਾਦੀ ਦੇ ਗੁਨਾਹਾਂ ਦੀ ਸਜ਼ਾ ਪੋਤੇ ਨੂੰ ਕਿਉਂ ਦਿੱਤੀ ਜਾ ਰਹੀ ਹੈ? ਸੋਸ਼ਲ ਮੀਡੀਆ ਤੇ ਬੀਬੀ ਕਿਰਨਜੋਤ ਕੌਰ ਨੇ ਆਪਣੇ ਜਾਰੀ ਬਿਆਨ ਵਿੱਚ ਦੱਸਿਆ ਕਿ ਮੇਰੀ ਗੱਲ ਬੜੇ ਲੋਕਾਂ ਨੂੰ ਚੰਗੀ ਨਹੀਂ ਲਗਣੀ ਪਰ ਮੈਂ ਕਰਨਾ ਚਾਹੁੰਦੀ ਹਾਂ। ਜੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਕੌਮ ਨੇ ਬਖਸ਼ਿਆ ਨਹੀਂ। ਹਿਸਾਬ ਬਰਾਬਰ। ਉਸਦੇ ਪੋਤਰੇ ਦਾ ਕੀ ਦੋਸ਼ ਜੋ ਆਪ ਉਸ ਵਕਤ (1984) ਬੱਚਾ ਸੀ? ਰਾਹੁਲ ਗਾਂਧੀ ਇਕ ਨਿਮਾਣੇ ਬੰਦੇ ਵਾਂਗੂ ਕਈ ਵਾਰ ਦਰਬਾਰ ਸਾਹਿਬ ਆਇਆ ਹੈ ਤੇ ਉਸ ਨੇ ਸਿੱਖਾਂ ਖਿਲਾਫ ਕੋਈ ਗੱਲ ਨਹੀਂ ਕੀਤੀ। ਇਸ ਲਈ ਦਾਦੀ ਦੇ ਗੁਨਾਹਾਂ ਲਈ ਉਹ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਦੱਸ ਦਈਏ ਕਿ ਰਾਹੁਲ ਗਾਂਧੀ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਸਿਰੋਪਾ ਦੇਣ ਦੇ ਮਾਮਲੇ ਵਿਚ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਸੀ ਕਿ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਫੈਸਲੇ ਮੁਤਾਬਕ ਗੁਰਦੁਆਰਾ ਸਾਹਿਬਾਨ ਦੇ ਦਰਬਾਰ ਅੰਦਰ ਖ਼ਾਸ ਸ਼ਖ਼ਸੀਅਤਾਂ ਨੂੰ ਸਿਰੋਪਾ ਦੇਣ ਉੱਤੇ ਪਾਬੰਦੀ ਹੈ। ਗੁਰੂ ਦਰਬਾਰ ਵਿਚ ਕੇਵਲ ਧਾਰਮਿਕ ਸ਼ਖ਼ਸੀਅਤਾਂ, ਰਾਗੀ ਸਿੰਘਾਂ ਤੇ ਸਿੱਖ ਮਹਾਂਪੁਰਖਾਂ ਨੂੰ ਇਹ ਸਨਮਾਨ ਦੇਣ ਤੱਕ ਹੀ ਸੀਮਤ ਕੀਤਾ ਹੋਇਆ ਹੈ। ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਦੀ ਘਟਨਾ ਸਬੰਧੀ ਪੜਤਾਲ ਕਰਵਾਈ ਜਾ ਰਹੀ ਹੈ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਹੋਵੇਗੀ। ਧਾਮੀ ਨੇ ਕਿਹਾ ਕਿ ਸਿੱਖਾਂ ਦੀ ਨਸਲਕੁਸ਼ੀ ਦੀ ਦੋਸ਼ੀ ਕਾਂਗਰਸ ਦੇ ਆਗੂ ਅਤੇ ਗਾਂਧੀ ਪਰਿਵਾਰ ਦੇ ਮੈਂਬਰ ਰਾਹੁਲ ਗਾਂਧੀ ਨੂੰ ਗੁਰਦੁਆਰਾ ਸਾਹਿਬ ਤੋਂ ਸਿਰੋਪਾ ਤਾਂ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ।