ਕੇਂਦਰੀ ਯੂਨੀਵਰਸਿਟੀ ਨੂੰ ਇੰਡੀਆ ਰੈਂਕਿੰਗਜ਼ 2025 ਦੀ "ਯੂਨੀਵਰਸਿਟੀ ਸ਼੍ਰੇਣੀ" ਵਿੱਚ 77ਵਾਂ ਸਥਾਨ
ਅਸ਼ੋਕ ਵਰਮਾ
ਬਠਿੰਡਾ, 4 ਸਤੰਬਰ 2025: ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਮੋਹਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਗਤੀਸ਼ੀਲ ਅਗਵਾਈ ਹੇਠ ਇਸ ਸਾਲ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮ ਵਰਕ (ਐਨ.ਆਈ.ਆਰ.ਐਫ.)-ਇੰਡੀਆ ਰੈਂਕਿੰਗਜ਼ 2025 ਦੀ "ਯੂਨੀਵਰਸਿਟੀ ਸ਼੍ਰੇਣੀ" ਵਿੱਚ 77ਵਾਂ ਰੈਂਕ ਪ੍ਰਾਪਤ ਕਰਕੇ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਯੂਨੀਵਰਸਿਟੀ ਨੇ ਪਿਛਲੇ ਸਾਲ (ਐਨ.ਆਈ.ਆਰ.ਐਫ. 2024) ਦੇ 83ਵੇਂ ਸਥਾਨ ਦੇ ਮੁਕਾਬਲੇ ਇਸ ਸਾਲ ਆਪਣੀ ਰੈਂਕਿੰਗ ਵਿੱਚ 6 ਸਥਾਨਾਂ ਦਾ ਸੁਧਾਰ ਕੀਤਾ ਹੈ। ਇਸ ਪ੍ਰਾਪਤੀ ਸਦਕਾ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਲਗਾਤਾਰ ਸੱਤਵੇਂ ਸਾਲ "ਭਾਰਤ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ" ਦੀ ਸੂਚੀ ਵਿੱਚ ਆਪਣਾ ਸਥਾਨ ਕਾਇਮ ਰੱਖਣ ਦੀ ਪਰੰਪਰਾ ਜਾਰੀ ਰੱਖੀ ਹੈ।
ਇਸ ਸਾਲ ਯੂਨੀਵਰਸਿਟੀ ਨੇ ਫਾਰਮੇਸੀ ਸ਼੍ਰੇਣੀ ਵਿੱਚ 20ਵਾਂ ਰੈਂਕ ਅਤੇ ਕਾਨੂੰਨ ਸ਼੍ਰੇਣੀ ਵਿੱਚ 40ਵਾਂ ਰੈਂਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਗਤੀ ਦਰਜ ਕਰਦੇ ਹੋਏ ਅਕਾਦਮਿਕ ਉੱਤਮਤਾ ਅਤੇ ਆਧੁਨਿਕ ਖੋਜ ਦੇ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਆਪਣੇ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਸੀਯੂਪੀਬੀ ਨੇ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ 2025 ਦੀ ਸਮੁੱਚੀ ਸ਼੍ਰੇਣੀ ਵਿੱਚ "ਰੈਂਕ-ਬੈਂਡ 100-150" ਵਿੱਚ ਆਪਣਾ ਸਥਾਨ ਪ੍ਰਾਪਤ ਕੀਤਾ ਹੈ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ਇਹ ਸਫਲਤਾ ਯੂਨੀਵਰਸਿਟੀ ਦੇ ਅਧਿਆਪਕਾਂ, ਅਧਿਕਾਰੀਆਂ, ਸਟਾਫ਼, ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਾਰੇ ਹਿੱਸੇਦਾਰਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ। ਪ੍ਰੋ. ਤਿਵਾੜੀ ਨੇ ਆਉਣ ਵਾਲੇ ਸਾਲਾਂ ਵਿੱਚ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ ਦੇ ਸਾਰੇ ਮਾਪਦੰਡਾਂ ਵਿੱਚ ਯੂਨੀਵਰਸਿਟੀ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਯੂਨੀਵਰਸਿਟੀ ਪਰਿਵਾਰ ਨੂੰ ਨਵੇਂ ਜੋਸ਼ ਅਤੇ ਸਮਰਪਣ ਨਾਲ ਇਕੱਠੇ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ, ਤਾਂ ਜੋ ਨੇੜਲੇ ਭਵਿੱਖ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਭਾਰਤ ਦੀਆਂ "ਚੋਟੀ ਦੀਆਂ 50 ਯੂਨੀਵਰਸਿਟੀਆਂ" ਵਿੱਚ ਸ਼ਾਮਲ ਕਰਨ ਦਾ ਟੀਚਾ ਹਾਸਲ ਕੀਤਾ ਜਾ ਸਕੇ।