ਗੁਰਦਾਸਪੁਰ ਦੇ ਹੜ੍ਹ ਪੀੜਤਾਂ ਦੀ ਮੱਦਦ 'ਚ ਜੁਟੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
ਅਸ਼ੋਕ ਵਰਮਾ /ਰੋਹਿਤ ਗੁਪਤਾ
ਗੁਰਦਾਸਪੁਰ, 4 ਸਤੰਬਰ 2025 : ਹੜ੍ਹਾਂ ਦੀ ਮਾਰ ਝੱਲ ਰਹੇ ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਦੀ ਮੱਦਦ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਪੁੱਜ ਗਏ ਹਨ। ਇਨ੍ਹਾਂ ਸੇਵਾਦਾਰਾਂ ਵੱਲੋਂ ਲੋੜਵੰਦਾਂ ਦੇ ਘਰਾਂ ਤੱਕ ਪੁੱਜ ਕੇ ਰਾਹਤ ਸਮੱਗਰੀ ਵੰਡੀ ਜਾ ਰਹੀ ਹੈ ਤਾਂ ਜੋ ਹੜ੍ਹ ਪੀੜ੍ਹਤਾਂ ਦਾ ਦਰਦ ਵੰਡਾਉਂਦਿਆਂ ਉਨ੍ਹਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਚੀਜਾਂ ਮੁਹੱਈਆ ਕਰਵਾਈਆਂ ਜਾ ਸਕਣ। ਰਾਹਤ ਸਮੱਗਰੀ ਵਾਲੇ ਵਾਹਨਾਂ ਨੂੰ ਅੱਜ ਆਰਟੀਓ ਗੁਰਦਾਸਪੁਰ ਸ੍ਰੀਮਤੀ ਨਵਜੋਤ ਸ਼ਰਮਾ ਵੱਲੋਂ ਪੰਚਾਇਤ ਘਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਵੇਰਵਿਆਂ ਮੁਤਾਬਿਕ ਪੰਜਾਬ ਦੇ ਵੱਡੀ ਗਿਣਤੀ ਜ਼ਿਲਿ੍ਹਆਂ ’ਚ ਹੜ੍ਹ ਆਉਣ ’ਤੇ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੇ ਸ਼ਰਧਾਲੂਆਂ ਨੂੰ ਹੜ੍ਹ ਪੀੜ੍ਹਤਾਂ ਦੀ ਮੱਦਦ ਲਈ ਡਟਣ ਦਾ ਸੰਦੇਸ਼ ਦਿੱਤਾ ਸੀ। ਜ਼ਿਲ੍ਹਾ ਗੁਰਦਾਸਪੁਰ ’ਚ ਰਾਹਤ ਟੀਮਾਂ ਦੀ ਅਗਵਾਈ ਕਰ ਰਹੇ ਡੇਰਾ ਸਿਰਸਾ ਦੇ ਆਗੂ ਪ੍ਰਬੰਧਕ ਪਰਮਜੀਤ ਸਿੰਘ ਇੰਸਾਂ , ਬਿੰਦਰ ਸਿੰਘ ਇੰਸਾਂ, ਅਵਤਾਰ ਸਿੰਘ ਇੰਸਾਂ ਅਤੇ ਚਰਨਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਦੀ ਤਰਫੋਂ ਘਰੇਲੂ ਰਸੋਈ ਦੀ ਵਰਤੋਂ ਦਾ ਸਮਾਨ ਜਿਵੇਂ ਚਾਹ, ਖੰਡ, ਆਟਾ, ਦਵਾਈਆਂ ਆਦਮੀਆਂ ਤੇ ਪਸ਼ੂਆਂ ਲਈ, ਤਰਪਾਲਾਂ, ਮੱਛਰਦਾਨੀਆਂ, ਮੱਛਰ ਤੋਂ ਬਚਾਅ ਲਈ ਦਵਾਈਆਂ, ਅਤੇ ਪਸ਼ੂਆਂ ਲਈ ਮੱਕੀ ਦਾ ਆਚਾਰ ਹੈ, ਜਿਸ ਨੂੰ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਇਸ ਤੋਂ ਪਹਿਲਾਂ ਵੀ ਦੇਸ਼ ਭਰ ’ਚ ਕਿਧਰੇ ਵੀ ਕੋਈ ਕੁਦਰਤੀ ਆਫ਼ਤ ਆਈ ਹੈ, ਉਨ੍ਹਾਂ ਥਾਵਾਂ ’ਤੇ ਪੁੱਜ ਕੇ ਲੋੜਵੰਦਾਂ ਦੀ ਮੱਦਦ ਕੀਤੀ ਹੈ। ਰਾਹਤ ਸਮੱਗਰੀ ਲੈ ਕੇ ਪੁੱਜਣ ’ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਰਟੀਓ ਸ੍ਰੀਮਤੀ ਨਵਜੋਤ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਰਾਹਤ ਸਮੱਗਰੀ ਵੰਡਣ ’ਚ ਪ੍ਰਸ਼ਾਸਨ ਦੀ ਤਰਫੋ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਲੋੜਵੰਦਾਂ ਤੱਕ ਰਾਹਤ ਪੁੱਜਦੀ ਹੋ ਸਕੇ । ਦੱਸਣਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਫਾਜਿਲਕਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਗਈ ਹੈ।
ਸਰਪੰਚਾਂ ਵੱਲੋਂ ਡੇਰਾ ਸੱਚਾ ਸੌਦਾ ਦਾ ਧੰਨਵਾਦ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਕਲੀਆ ਦੇ ਸਰਪੰਚ ਦਿਲਬਾਗ ਸਿੰਘ ਤੇ ਪਿੰਡ ਸੰਗਤਪੁਰ ਦੇ ਸਰਪੰਚ ਚਰਨਜੀਤ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਸਾਡੇ ਹੜ੍ਹ ਪੀੜਤ ਪਿੰਡਾਂ ਦੀ ਸਹਾਇਤਾ ਲਈ ਰਸੋਈ ਦਾ ਸਮਾਨ ਰਾਸ਼ਨ ਆਦਿ ਤੇ ਪਸ਼ੂਆਂ ਲਈ ਮੱਕੀ ਦਾ ਅਚਾਰ ਪਹੁੰਚਾਇਆ ਗਿਆ ਹੈ, ਉਸ ਲਈ ਅਸੀਂ ਡੇਰਾ ਸੱਚਾ ਸੌਦਾ ਸੰਸਥਾ ਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।
-