MP ਕੰਗ ਨੇ ਰਾਹਤ ਕਾਰਜਾਂ ਦੌਰਾਨ ਜਖਮੀ ਹੋਏ ਨੌਜਵਾਨ ਦਾ ਹਾਲ ਜਾਣਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 4 ਸਤੰਬਰ,2025
ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਅੱਜ ਇੱਥੇ ਜਾਇਜ਼ਾ ਲੈਣ ਸਮੇਂ ਚੱਲ ਰਹੇ ਬੰਨ੍ਹ ਦੀ ਮਜਬੂਤੀ ਦੇ ਕਾਰਜਾਂ ਵਿੱਚ ਸੰਗਤ ਨਾਲ ਜੁਟ ਕੇ ਕੰਮ ਕਰਨ ਤੋਂ ਇਲਾਵਾ ਬੀਤੇ ਦਿਨਾਂ ਤੋਂ ਲਗਾਤਾਰ ਸੇਵਾ ਕਰ ਰਹੇ ਜਖਮੀ ਹੋਏ ਨੌਜਵਾਨ ਦਾ ਹਾਲ ਜਾਣਿਆ ਅਤੇ ਕਿਹਾ ਕਿ ਪੰਜਾਬੀਆਂ ਦੇ ਜਜ਼ਬੇ ਨੂੰ ਹਮੇਸ਼ਾਂ ਸਲਾਮ ਹੈ।
ਨੇੜਲੇ ਪਿੰਡ ਦੋਭਾਲੀ ਵਾਸੀ ਨੌਜਵਾਨ ਮੋਹਨ ਲਾਲ ਦੀ ਸਿਹਤ ਦਾ ਹਾਲ ਜਾਣਦਿਆਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬੀਆਂ ਦੀ ਸੇਵਾ ਭਾਵਨਾ ਦੇਸ਼–ਦੁਨੀਆਂ ਵਿੱਚ ਜਾਣੀ ਜਾਂਦੀ ਹੈ ਅਤੇ ਮੌਜੂਦਾ ਸਮੇਂ ਪੰਜਾਬ ਵਿੱਚ ਆਏ ਸੰਕਟ ਦੌਰਾਨ ਅਜਿਹੇ ਨੌਜਵਾਨਾਂ ਨੇ ਲੋਕਾਂ ਦੇ ਜਾਨ–ਮਾਲ ਦੀ ਰਾਖੀ ਲਈ ਪੂਰੀ ਵਾਹ ਲਾਈ ਹੋਈ ਹੈ ਜੋ ਕਿ ਬੇਹੱਦ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨਾਲ ਅਜਿਹੇ ਹਾਲਾਤ ਵਿੱਚ ਮੋਢੇ ਨਾਲ ਮੋਢਾ ਲਾਉਣਾ ਪੰਜਾਬੀਆਂ ਦੇ ਵੱਡੇਪਨ ਦੀ ਨਿਸ਼ਾਨੀ ਹੈ ਜਿਸ ‘ਤੇ ਹਰ ਪੰਜਾਬੀ ਨੂੰ ਪੂਰਾ ਮਾਣ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐਸ.ਡੀ.ਐਮ ਕ੍ਰਿਤਿਕਾ ਗੋਇਲ ਅਤੇ ਸੰਗਤ ਸਮੇਤ ਲੰਗਰ ਛਕਣ ਦੇ ਨਾਲ–ਨਾਲ ਨੌਜਵਾਨਾਂ ਨਾਲ ਰਾਹਤ ਕਾਰਜਾਂ ਵਿੱਚ ਵੀ ਸਾਂਝ ਪਾਈ।