ਸਰਬੱਤ ਦਾ ਭਲਾ ਟਰਸਟ ਦੇ ਡਾ.ਉਬਰਾਏ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੁੱਜੇ
1200 ਟਨ ਚਾਰੇ ਦੀ ਕੀਤੀ ਵੱਡੀ ਸਪਲਾਈ,ਪਸ਼ੂਆਂ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਭੁੱਖਾ-ਡਾ.ਓਬਰਾਏ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,4 ਸਤੰਬਰ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ.ਐਸਪੀ ਸਿੰਘ ਉਬਰਾਏ ਪੰਜਾਬ ਭਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ ਹਨ।ਜਿਸ ਤਹਿਤ ਉਹ ਪੱਟੀ ਹਲਕੇ ਦੇ ਪਿੰਡ ਝੁੱਗੀਆਂ ਨੂਰ ਮੁਹੰਮਦ ਵਿਖੇ ਪੁੱਜੇ ਅਤੇ ਪਿੰਡ ਵਾਸੀਆਂ ਦਾ ਦੁੱਖ ਸੁਣਿਆ ਅਤੇ ਮਦਦ ਦਾ ਭਰੋਸਾ ਦਿਵਾਇਆ।ਉਹਨਾਂ ਕਿਹਾ ਕਿ ਇਹ ਪੰਜਾਬ ਲਈ ਬਹੁਤ ਮੁਸ਼ਕਲ ਘੜੀ ਹੈ,ਪਰ ਪੰਜਾਬੀ ਆਪਸੀ ਇਕਜੁੱਟਤਾ ਨਾਲ਼ ਹਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ।ਡਾ.ਉਬਰਾਏ ਨੇ ਕਿਹਾ ਕਿ ਟਰੱਸਟ ਵੱਲੋਂ ਲਗਭਗ 1200 ਟਨ ਚਾਰਾ ਬੁੱਕ ਕੀਤਾ ਗਿਆ ਹੈ।ਹੁਣ ਤੱਕ ਸਾਢੇ ਤਿੰਨ ਸੌ ਟਨ ਚਾਰਾ ਭੇਜਿਆ ਜਾ ਚੁੱਕਾ ਹੈ।ਉਹਨਾਂ ਨੇ ਸਪੱਸ਼ਟ ਕਿਹਾ ਕਿ ਜਦ ਤਕ ਲੋੜ ਹੈ, ਸਪਲਾਈ ਜਾਰੀ ਰਹੇਗੀ ਅਤੇ ਕੋਈ ਵੀ ਪਸ਼ੂ ਭੁੱਖਾ ਨਹੀਂ ਰਹੇਗਾ।ਉਨ੍ਹਾਂ ਅਪੀਲ ਕੀਤੀ ਕਿ ਚਾਰਾ ਸਿਰਫ਼ ਲੋੜਵੰਦ ਘਰਾਂ ਨੂੰ ਹੀ ਵੰਡਿਆ ਜਾਵੇ,ਇਕੱਠਾ ਨਾ ਕੀਤਾ ਜਾਵੇ।ਡਾ.ਉਬਰਾਏ ਨੇ ਪ੍ਰਸ਼ਾਸਨ,ਪੁਲਿਸ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ ਜਿਹੜੇ ਇਕੱਠੇ ਹੋ ਕੇ ਸਹਾਇਤਾ ਪਹੁੰਚਾ ਰਹੇ ਹਨ।ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰ ਨਾਲ਼ ਮਿਲ ਕੇ ਇਹ ਯੋਜਨਾ ਬਣਾਈ ਜਾ ਰਹੀ ਹੈ ਕਿ ਕਿਹੜੇ ਪਿੰਡ ਵਿੱਚ ਕਿਹੜੀ ਸਹੂਲਤ ਦੀ ਲੋੜ ਹੈ,ਤਾਂ ਜੋ ਮਦਦ ਸੁਚੱਜੇ ਤਰੀਕੇ ਨਾਲ਼ ਪਹੁੰਚ ਸਕੇ।ਡਾ.ਉਬਰਾਏ ਨੇ ਦੱਸਿਆ ਕਿ ਜਿਵੇਂ ਪਾਣੀ ਘਟਣਾ ਸ਼ੁਰੂ ਹੋਇਆ ਹੈ,ਅਗਲੀ ਲੋੜ ਦਵਾਈਆਂ ਅਤੇ ਘਰਾਂ ਦੀ ਮੁਰੰਮਤ ਦੀ ਹੋਵੇਗੀ।ਟਰਸਟ ਵੱਲੋਂ ਪਸ਼ੂਆਂ ਅਤੇ ਲੋਕਾਂ ਲਈ ਦਵਾਈਆਂ ਦੀ ਵੱਡੀ ਸਪਲਾਈ ਅਤੇ ਡਾਕਟਰਾਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ। 2022 ਵਿੱਚ ਜਿਵੇਂ 300 ਘਰਾਂ ਦੀ ਮੁਰੰਮਤ ਕੀਤੀ ਗਈ ਸੀ,ਓਹੋ ਕੰਮ ਇਸ ਵਾਰੀ ਵੀ ਕੀਤਾ ਜਾਵੇਗਾ।ਡਾ.ਉਬਰਾਏ ਨੇ ਦੱਸਿਆ ਕਿ ਅਮਰੀਕਾ,ਕੈਨੇਡਾ, ਨਿਊਜ਼ੀਲੈਂਡ,ਆਸਟ੍ਰੇਲੀਆ ਅਤੇ ਯੂਰਪ ਵਿੱਚ ਬੈਠੇ ਐਨਆਰਆਈਆਂ ਨੇ ਮਦਦ ਲਈ ਸਹਿਮਤੀ ਦਿੱਤੀ ਹੈ। ਜੇਕਰ ਹਰ ਐਨਆਰਆਈ ਇਕ ਘਰ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਕਿਸੇ ਵੀ ਪਰਿਵਾਰ ਨੂੰ ਸਹਾਇਤਾ ਤੋਂ ਵਾਂਝਾ ਨਹੀਂ ਰਹਿਣਾ ਪਵੇਗਾ।ਤਰਨਤਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਅਤੇ ਐਸਐਸਪੀ ਦੀਪਕ ਪਾਰਕ ਨੇ ਡਾ.ਉਬਰਾਏ ਦੀ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ।ਉਹਨਾਂ ਕਿਹਾ ਕਿ ਜਿੱਥੇ ਵੀ ਪੰਜਾਬੀਆਂ ‘ਤੇ ਮੁਸੀਬਤ ਆਉਂਦੀ ਹੈ, ਡਾ.ਉਬਰਾਏ ਹਮੇਸ਼ਾ ਸਹਾਇਤਾ ਲਈ ਅੱਗੇ ਆਉਂਦੇ ਹਨ।ਇਸ ਵੇਲੇ ਸਭ ਤੋਂ ਵੱਡੀ ਲੋੜ ਪਸ਼ੂਆਂ ਲਈ ਚਾਰੇ ਦੀ ਹੈ,ਜਿਸਨੂੰ ਪੂਰਾ ਕਰਨ ਲਈ ਉਹਨਾਂ ਵੱਲੋਂ ਵੱਡਾ ਕੰਮ ਕੀਤਾ ਜਾ ਰਿਹਾ ਹੈ।ਇਸ ਮੌਕੇ ਮਾਝਾ ਜੋਨ ਦੇ ਇੰਚਾਰਜ ਪ੍ਰਿੰਸ ਧੁੰਨਾ,ਜਿਲ੍ਹਾ ਤਰਨ ਤਾਰਨ ਤੋਂ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪੰਨਗੋਟਾ,ਡਾ.ਇੰਦਰਪ੍ਰੀਤ ਸਿੰਘ ਧਾਮੀ,ਸਰਪੰਚ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।