ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕੇਂਦਰ ਤੋਂ 60 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਰਾਹਤ ਪੈਕੇਜ ਦੀ ਕੀਤੀ ਮੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 4 ਸਤੰਬਰ,2025
ਪੰਜਾਬ ਵਿਚ ਆਏ ਹੜ੍ਹਾਂ ਨਾਲ ਹੋਏ ਲੋਕਾਂ ਦੇ ਭਾਰੀ ਨੁਕਸਾਨ ਨੂੰ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਅੱਜ ਕੇਂਦਰ ਸਰਕਾਰ ਤੋਂ ਪੰਜਾਬ ਲਈ 60 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਰਾਹਤ ਪੈਕੇਜ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਪ੍ਰਤੀ ਏਕੜ ਨੁਕਸਾਨ ਲਈ 50 ਹਜ਼ਾਰ ਰੁਪਏ ਦਾ ਮੁਆਵਜ਼ਾ ਜਾਰੀ ਹੋਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ, ਐਸ.ਡੀ.ਐਮ. ਕ੍ਰਿਤਿਕਾ ਗੋਇਲ ਅਤੇ ਭਾਰੀ ਗਿਣਤੀ ਇਲਾਕਾ ਨਿਵਾਸੀਆਂ ਸਮੇਤ ਅੱਜ ਇੱਥੇ ਬੰਨ੍ਹ ਦੀ ਮਜ਼ਬੂਤੀ ਦੇ ਚੱਲ ਰਹੇ ਕੰਮ ਦਾ ਜਾਇਜਾ ਲੈਂਦਿਆਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਨੂੰ ਪੰਜਾਬ ਨਾਲ ਪੂਰੀ ਹਮਦਰਦੀ ਜਾਹਿਰ ਕਰਦਿਆਂ ਤੁਰੰਤ ਰਾਹਤ ਪੈਕਜ ਜਾਰੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਵੀ ਕਈ ਕੁਦਰਤੀ ਮਾਰਾਂ ਝੱਲੀਆਂ ਹਨ ਅਤੇ ਮੌਜੂਦਾ ਸਮੇਂ ਹੜ੍ਹਾਂ ਨਾਲ ਸੂਬੇ ਅੰਦਰ ਵੱਡੀ ਤਬਾਹੀ ਹੋਈ ਹੈ ਜਿਸ ਨੂੰ ਗਹੁ ਨਾਲ ਵਿਚਾਰਦਿਆਂ ਕੇਂਦਰ ਸਰਕਾਰ ਬਿਨ੍ਹਾਂ ਕਿਸੇ ਦੇਰੀ ਤੋਂ ਰਾਜ ਲਈ ਰਾਹਤ ਪੈਕਜ ਐਲਾਨੇ। ਉਨ੍ਹਾਂ ਕਿਹਾ ਕਿ ਪੰਜਾਬ ਹਰ ਮੁਸ਼ਕਲ ਵਕਤ ਵਿੱਚ ਦੇਸ਼ ਲਈ ਮੋਹਰੀ ਹੋ ਕੇ ਨਿਤਰਿਆ ਹੈ ਅਤੇ ਸਰਹੱਦੀ ਸੂਬਾ ਹੋਣ ਕਰਕੇ ਸਰਹੱਦ ਨਾਲ ਦੇ ਇਲਾਕਿਆਂ ਵਿੱਚ ਹੜ੍ਹਾਂ ਨਾਲ ਡਾਢਾ ਨੁਕਸਾਨ ਹੋਇਆ ਹੈ।
ਕੇਂਦਰ ਸਰਕਾਰ ਤੋਂ ਸੂਬੇ ਵਿੱਚ ਹੋਏ ਨੁਕਸਾਨ ਲਈ ਪ੍ਰਤੀ ਏਕੜ 50 ਹਜ਼ਾਰ ਰੁਪਏ ਦੇ ਮੁਆਵਜੇ ਦੀ ਮੰਗ ਕਰਦਿਆਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਨੂੰ ਦੋ ਸਾਲ ਲਈ ਪੰਜਾਬ ਤੋਂ ਜੀ.ਐਸ.ਟੀ ਦੇਣ ਤੋਂ ਛੋਟ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਐਮ.ਪੀ. ਲੈਡ ਫੰਡ ਦਾ ਇਸ ਸਾਲ ਦੀ ਬਕਾਇਆ ਰਕਮ ਉਨ੍ਹਾਂ ਵਲੋਂ ਤਰਜੀਹ ਦੇ ਆਧਾਰ ‘ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਹੜ੍ਹ ਪੀੜਤਾਂ ਦੀ ਮਦਦ ਲਈ ਖਰਚੀ ਜਾਵੇਗੀ।
ਜ਼ਿਲ੍ਹੇ ਵਿੱਚ ਬੰਨ੍ਹ ਦੀ ਸਥਿਤੀ ਬਾਰੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨਾਲ ਗੱਲਬਾਤ ਕਰਦਿਆਂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਹ ਪਿਛਲੇ ਦਿਨਾਂ ਤੋਂ ਲਗਾਤਾਰ ਵੱਖ-ਵੱਖ ਥਾਵਾਂ ‘ਤੇ ਬੰਨ੍ਹ ਦੀ ਮੌਜੂਦਾ ਹਾਲਤ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੀ 4–5 ਥਾਵਾਂ ‘ਤੇ ਬੰਨ੍ਹ ਨੂੰ ਆਧੁਨਿਕ ਢੰਗ ਨਾਲ ਮਜਬੂਤ ਕਰਨ ਦੀ ਲੋੜ ਹੈ ਜਿਸ ਲਈ ਹਾਲਾਤ ਆਮ ਵਾਂਗ ਹੋਣ ‘ਤੇ ਵਿਸ਼ੇਸ਼ ਉਪਰਾਲੇ ਕਰਕੇ ਬੰਨ੍ਹ ਦੀ ਪੱਕੀ ਮਜਬੂਤੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕਰਨਾ ਹੈ ਜਿਸ ਲਈ ਸੂਬੇ ਦੇ ਪ੍ਰਭਾਵਿਤ ਖੇਤਰਾਂ ਦਾ ਪੂਰਾ ਅਮਲਾ ਫੈਲਾ ਲਗਾ ਹੋਇਆ ਹੈ। ਉਨ੍ਹਾਂ ਨੇ ਇਸ ਸੰਕਟ ਵਾਲੇ ਸਮੇਂ ਵਿਚ ਲੋਕਾਂ ਵਲੋਂ ਦਿੱਤੇ ਜਾ ਰਹੇ ਅੰਤਾਂ ਦੇ ਸਹਿਯੋਗ ਲਈ ਸਲਾਹੁਤਾ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬੀ ਹਮੇਸ਼ਾਂ ਦੇਸ਼ ਲਈ ਚੱਟਾਨ ਵਾਂਗ ਖੜ੍ਹੇ ਹਨ ਅਤੇ ਪੰਜਾਬੀਆਂ ਦੇ ਵੱਡੇ ਜਜ਼ਬਿਆਂ ਸਦਕਾ ਪੰਜਾਬ ਜਲਦ ਮੁੜ ਲੀਹਾਂ ‘ਤੇ ਪਵੇਗਾ।
ਉਨ੍ਹਾਂ ਕਿਹਾ ਕਿ ਭਾਖੜਾ ਡੈਮ ਤੋਂ ਛੱਡੇ ਜਾ ਰਹੇ ਪਾਣੀ ਨਾਲ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਸਕਦਾ ਹੈ ਪਰ ਮੌਜੂਦਾ ਸਮੇਂ ਬਲਾਚੌਰ ਅਤੇ ਨਵਾਂਸ਼ਹਿਰ ਹਲਕਿਆਂ ਵਿੱਚ ਪੈਂਦੇ ਸਤਲੁਜ ਦਰਿਆ ਦੇ ਬੰਨ੍ਹ ਦੀ ਸਥਿਤੀ ਬਿਲਕੁਲ ਕੰਟਰੋਲ ਵਿੱਚ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ, ਵੱਖ-ਵੱਖ ਪਿੰਡਾਂ ਦੇ ਵਸਨੀਕ ਅਤੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।