ਹੜ੍ਹ ਪੀੜਤਾਂ ਦੀ ਮਦਦ ਲਈ ਨੌਜਵਾਨ ਆਏ ਅੱਗੇ
ਪਸ਼ੂਆਂ ਵਾਸਤੇ ਪਸ਼ੂ ਪਾਲਕਾਂ ਤੱਕ ਹਰਾਚਾਰਾ ਪਹੁੰਚਾਇਆ
ਸਮਾਜ ਭਲਾਈ ਹਿਤ ਕਾਰਜਾਂ ਵਿਚ ਧਰਾਂਗ ਵਾਲਾ ਦੇ ਨੌਜਵਾਨ ਹਮੇਸ਼ਾ ਕਰਦੇ ਰਹਿਣਗੇ ਸੇਵਾ
ਫਾਜ਼ਿਲਕਾ 1 ਸਤੰਬਰ 2025
ਉਪਰਲੇ ਹਿਸਿਆਂ ਵਿਚ ਹੋਈ ਭਾਰੀ ਬਾਰਿਸ਼ ਕਾਰਨ ਫ਼ਾਜ਼ਿਲਕਾ ਜ਼ਿਲੇਹ ਦੇ ਕਈ ਖੇਤਰਾਂ ਵਿਚ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਕੁਦਰਤੀ ਆਫ਼ਤ ਕਾਰਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅਨੇਕਾਂ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰਹਿੰਦੇ ਹੋਏ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹਨ। ਮਨੁੱਖਾਂ ਦੇ ਨਾਲ-ਨਾਲ ਮਵੇਸ਼ੀਆਂ ਨੂੰ ਵੀ ਚਾਰੇ ਅਤੇ ਪਾਣੀ ਦੀ ਵੱਡੀ ਕਮੀ ਆ ਗਈ ਹੈ। ਇਸ ਗੰਭੀਰ ਸਥਿਤੀ ਵਿੱਚ ਪੰਜਾਬ ਸਰਕਾਰ, ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਲੋਕਾਂ ਦੇ ਰਾਹਤ ਕਾਰਜਾਂ ਵਿਚ ਜੁਟਿਆ ਹੋਇਆ ਹੈ।
ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਹਨ। ਇਸੇ ਤਰ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਧਰਾਂਗ ਵਾਲਾ ਦੇ ਨੌਜਵਾਨਾਂ ਨੇ ਹੌਸਲਾ ਦਿਖਾਉਂਦੇ ਹੋਏ ਹੜ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਕੇ ਇੱਕ ਟਰਾਲੀ ਹਰਾਚਾਰਾ ਇਕੱਠਾ ਕਰਕੇ ਪੀੜਤ ਪਰਿਵਾਰਾਂ ਅਤੇ ਉਨ੍ਹਾਂ ਦੇ ਪਸ਼ੂਆਂ ਤੱਕ ਪਹੁੰਚਾਇਆ। ਇਹ ਯਤਨ ਨਾ ਸਿਰਫ਼ ਮਵੇਸ਼ੀਆਂ ਦੀ ਜ਼ਰੂਰੀ ਲੋੜ ਪੂਰੀ ਕਰਨ ਲਈ ਸੀ, ਸਗੋਂ ਇਸ ਨੇ ਹੜ ਪੀੜਤ ਲੋਕਾਂ ਵਿੱਚ ਹੌਸਲੇ ਅਤੇ ਭਰੋਸੇ ਦੀ ਨਵੀਂ ਕਿਰਣ ਵੀ ਜਗਾਈ।
ਖਾਸ ਗੱਲ ਇਹ ਹੈ ਕਿ ਧਰਾਂਗ ਵਾਲਾ ਪਿੰਡ ਦੇ ਇਹ ਨੌਜਵਾਨ ਸਿਰਫ਼ ਹੜ ਪੀੜਤਾਂ ਦੀ ਹੀ ਸਹਾਇਤਾ ਨਹੀਂ ਕਰਦੇ, ਸਗੋਂ ਪਿੰਡ ਅੰਦਰ ਗੌ ਸੇਵਾ ਵਿੱਚ ਵੀ ਹਮੇਸ਼ਾਂ ਅੱਗੇ ਰਹਿੰਦੇ ਹਨ। ਗਾਂਵਾਂ ਦੀ ਸੰਭਾਲ, ਚਾਰੇ ਦੀ ਸੇਵਾ ਅਤੇ ਗੌ ਸ਼ਾਲਾ ਦੀ ਸੇਵਾ ਇਹਨਾਂ ਦੀ ਰੋਜ਼ਾਨਾ ਜ਼ਿੰਮੇਵਾਰੀ ਦਾ ਹਿੱਸਾ ਹੈ।
ਸੇਵਾ ਵਿੱਚ ਸ਼ਾਮਲ ਨੌਜਵਾਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪਿੰਡ ਅਤੇ ਭਰਾਵਾਂ ਉੱਤੇ ਮਾਣ ਹੈ, ਜਿਨ੍ਹਾਂ ਨੇ ਮਨੁੱਖਤਾ ਦੀ ਖ਼ਾਤਰ ਅੱਗੇ ਆ ਕੇ ਇਹ ਉਦਾਹਰਣ ਪੇਸ਼ ਕੀਤੀ। ਪੀੜਤ ਪਰਿਵਾਰਾਂ ਵੱਲੋਂ ਵੀ ਪਿੰਡ ਧਰਾਂਗ ਵਾਲਾ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਸ਼ੀਸ਼ਾਂ ਦਿੱਤੀਆਂ ਗਈਆਂ।
ਨੌਜਵਾਨਾਂ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਜੇ ਅਗਲੇ ਦਿਨਾਂ ਵਿੱਚ ਹੋਰ ਕਿਸੇ ਵੀ ਥਾਂ ਤੇ ਉਹਨਾਂ ਦੀ ਲੋੜ ਪਈ ਤਾਂ ਉਹ ਸਰਕਾਰ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਰਹਿਣਗੇ।
ਇਸ ਤਰ੍ਹਾਂ ਪਿੰਡ ਧਰੰਗ ਵਾਲਾ ਨੇ ਸਾਬਤ ਕੀਤਾ ਹੈ ਕਿ ਮੁਸ਼ਕਲ ਘੜੀਆਂ ਵਿੱਚ ਸੇਵਾ-ਭਾਵਨਾ, ਗੌ ਸੇਵਾ, ਇਕਤਾ ਅਤੇ ਮਨੁੱਖਤਾ ਹੀ ਸਭ ਤੋਂ ਵੱਡੀ ਤਾਕਤ ਹੈ।