ਮੇਰਾ ਖ਼ਜ਼ਾਨਾ- Beant Singh Assassination: 30 ਸਾਲ ਪਹਿਲਾਂ ਖੜ੍ਹੇ ਕੁਝ ਸਵਾਲਾਂ ਦਾ ਅਜੇ ਤੱਕ ਨਹੀਂ ਮਿਲਿਆ ਜਵਾਬ?
( 31 ਅਗਸਤ 1995 ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਬੰਬ ਨਾਲ ਉਡਾ ਕੇ ਕਤਲ ਕੀਤਾ ਗਿਆ ਸੀ ਇਸ ਕਤਲ ਬਾਰੇ ਇਸ ਦੇ ਢੰਗ ਤਰੀਕਿਆਂ ਬਾਰੇ ਇਸ ਦੇ ਪਿੱਛੇ ਸਾਜਿਸ਼ ਬਾਰੇ ਅਤੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਪਾਈਆ ਗਈਆਂ ਖਾਮੀਆਂ ਅਤੇ ਇਸ ਦੀ ਜਾਂਚ ਨਾਲ ਸਬੰਧਤ ਖੜੇ ਹੋਏ ਸਵਾਲਾਂ ਬਾਰੇ ਮੈਂ ਸਤੰਬਰ 1995 ਦੇ ਆਖਰੀ ਹਫਤੇ ਚ ਇਹ ਲੇਖ ਲਿਖਿਆ ਸੀ ਅਜੀਤ ਅਖਬਾਰ ਵਿੱਚ ਮੇਰੇ ਹਫਤਾਵਾਰੀ ਕਾਲਮ ਤਿਰਛੀ ਨਜ਼ਰ ਵਿੱਚ ਇਹ ਛਪਿਆ ਸੀ। ਇਸ ਲੇਖ ਵਿੱਚ ਜਿਹੜੇ ਕੁਝ ਸਵਾਲ ਮੈਂ ਇਸ ਕਤਲ ਕਾਂਡ ਦੀ ਪੰਜਾਬ ਅੰਦਰਲੀ ਜਾਂਚ ਨਾਲ ਸੰਬੰਧਿਤ ਖੜੇ ਕੀਤੇ ਸਨ ਉਹ 30 ਸਾਲ ਬਾਅਦ ਅੱਜ ਵੀ ਖੜੇ ਹਨ। ਅੱਜ ਵੀ ਮੈਨੂੰ ਯਾਦ ਹੈ ਕਿ ਕਿ ਆਈਬੀ ਤੋਂ ਡੈਪੂਟੇਸ਼ਨ ਤੇ ਆਏ ਜਿਸ ਆਈਪੀਐਸ ਅਫਸਰ ਨੂੰ ਬੇਅੰਤ ਸਿੰਘ ਦਾ ਸੁਰੱਖਿਆ ਇੰਚਾਰਜ ਲਾਇਆ ਗਿਆ ਸੀ ਉਸਦੇ ਕਤਲ ਤੋਂ ਬਾਅਦ ਉਸੇ ਹੀ ਅਫਸਰ ਨੂੰ ਅਗਲੇ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦਾ ਸੁਰੱਖਿਆ ਅਫਸਰ ਲਾ ਦਿੱਤਾ ਗਿਆ ਸੀ ਭਾਵ ਸੁਰੱਖਿਆ ਲਈ ਲਾਏ ਅਫਸਰ ਦੀ ਤਬਦੀਲੀ ਤੱਕ ਨਹੀਂ ਕੀਤੀ ਗਈ ਸੀ . ਇਸੇ ਲਈ ਲੋਕਾਂ ਦੀ ਜਾਣਕਾਰੀ ਲਈ ਆਪਣਾ ਉਹੀ ਲੇਖ ਦੁਬਾਰਾ ਪੋਸਟ ਕਰ ਰਿਹਾ ਹਾਂ-ਬਲਜੀਤ ਬੱਲੀ ,)
ਬਲਜੀਤ ਬੱਲੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਦੇ ਕਤਲ ਨੂੰ ਇਕ ਮਹੀਨਾ ਬੀਤ ਗਿਆ ਹੈ। ਇਸ ਮਹੀਨੇ 'ਚ ਪੂਰਾ ਘਮਸਾਨ ਪਿਆ ਰਿਹਾ-ਸਿਆਸੀ ਉੱਥਲ-ਪੁੱਥਲ ਪੱਖੋਂ ਵੀ ਤੇ ਇਸੇ ਬੰਬ ਕਾਂਡ ਦੀ ਜਾਂਚ ਸਬੰਧੀ ਵੀ। ਸ: ਬੇਅੰਤ ਸਿੰਘ ਦੀ ਅਚਾਨਕ ਤੇ ਅਣਕਿਆਸੀ ਮੌਤ ਤੋਂ ਬਾਅਦ ਸਿਆਸੀ ਪਿੜ 'ਚ ਬਹੁਤ ਸਵਾਲ ਤੇ ਸ਼ੰਕੇ ਉਠੇ ਸਨ। ਇਨ੍ਹਾਂ 'ਚੋਂ ਕੁਝ ਨਿਬੜ ਗਏ ਹਨ ਤੇ ਅਜੇ ਕੁਝ ਬਾਕੀ ਹਨ। ਰਾਜ ਦੀ ਸਿਆਸਤ ਦੇ ਵਹਿਣ ਦਾ ਰੁਖ ਕਿਧਰ ਨੂੰ ਜਾਂਦਾ ਹੈ, ਹਰ ਕੋਈ ਇਹ ਜਾਨਣ ਦੀ ਕੋਸ਼ਿਸ਼ ਵਿਚ ਹੈ। ਪਰ ਇਸ ਕਤਲ ਕਾਂਡ ਦੀ ਜਾਂਚ ਬਾਰੇ ਜੋ ਰੋਲ-ਘਚੋਲਾ ਇਕ ਮਹੀਨੇ ਤੋਂ ਪਿਆ ਹੈ, ਇਸ ਦੀ ਚੀਰ-ਫਾੜ ਕਰਨੀ ਵੀ ਜ਼ਰੂਰੀ ਹੈ। ਭਾਵੇਂ ਹੁਣ ਤੱਕ ਸਰਕਾਰੀ ਤੇ ਗ਼ੈਰ-ਸਰਕਾਰੀ ਤੌਰ 'ਤੇ ਇਸ ਬੰਬ ਕਾਂਡ ਦੀ ਸਾਜ਼ਿਸ਼ ਤੇ ' ਜ਼ਿੰਮੇਵਾਰ ਦੋਸ਼ੀਆਂ ਬਾਰੇ ਅਖ਼ਬਾਰਾਂ/ਮੈਗਜ਼ੀਨਾਂ ਦੀਆਂ ਰਿਪੋਰਟਾਂ 'ਚ ਬਹੁਤ ਕੁਝ ਕਿਹਾ ਜਾ ਚੁੱਕਾ ਹੈ । ਜ਼ਬਾਨੀ-ਕਲਾਮੀ ਤੁੱਕੇਬਾਜ਼ੀਆਂ ਤੇ ਅਫ਼ਵਾਹਾਂ ਬਥੇਰੀਆਂ ਫੈਲ ਚੁੱਕੀਆਂ ਹਨ। ਪੰਜਾਬ ਤੇ ਚੰਡੀਗੜ੍ਹ ਪੁਲਿਸ ਅਤੇ ਸੀ.ਬੀ.ਆਈ. ਨੇ ਇਸ ਕਾਂਡ ਦੀ ਸਾਜ਼ਿਸ਼ ਬੇਨਕਾਬ ਕਰਨ ਤੇ ਕੁਝ ਦੋਸ਼ੀ ਫੜਨ ਦੇ ਸਿਹਰੇ ਵੀ ਬੰਨ੍ਹ ਲਏ ਹਨ । ਪਰ ਇਸ ਬੰਬ ਕਾਂਡ ਨਾਲ ਜੁੜੇ ਦਰਜਨਾਂ ਸਵਾਲ ਅਜਿਹੇ ਹਨ ਜਿਨ੍ਹਾਂ ਦੇ ਅਜੇ ਜਵਾਬ ਮਿਲਣੇ ਬਾਕੀ ਹਨ। ਇਨ੍ਹਾਂ 'ਚੋਂ ਅਜਿਹੇ ਸਵਾਲ ਵੀ ਹਨ ਜਿਨ੍ਹਾਂ ਬਾਰੇ ਜਾਂਚ ਏਜੰਸੀਆਂ ਦੀ ਕੋਸ਼ਿਸ਼ ਦੇ ਬਾਵਜੂਦ ਵੀ ਜਾਣਕਾਰੀ ਨਹੀਂ ਮਿਲ ਰਹੀ, ਕੁਝ ਪੱਖ ਅਜਿਹੇ ਹਨ ਜਿਨ੍ਹਾਂ ਦਾ ਜਾਂਚ ਦੌਰਾਨ ਅਜੇ ਜ਼ਿਕਰ ਵੀ ਨਹੀਂ ਆਇਆ।
ਹੁਣ ਤੱਕ ਦੀ ਥਿਊਰੀ ਕੀ ਹੈ ?
ਬੇਅੰਤ ਸਿੰਘ ਕਾਂਡ ਦੀ ਮੁੱਖ ਜਾਂਚ ਏਜੰਸੀ ਸੀ.ਬੀ.ਆਈ. ਹੈ ਜੋ ਕਿ ਚੰਡੀਗੜ੍ਹ ਪੁਲਿਸ ਤੇ ਪੰਜਾਬ ਪੁਲਿਸ ਦੀ ਮਦਦ ਨਾਲ ਕੇਸ ਦਾ ਪਿੱਛਾ ਕਰ ਰਹੀ ਹੈ। ਅਜੇ ਤੱਕ ਸੀ.ਬੀ.ਆਈ. ਨੇ ਜਾਂਚ ਬਾਰੇ ਕੋਈ ਸਰਕਾਰੀ ਬਿਆਨ ਨਹੀਂ ਦਿੱਤਾ ।ਨਾ ਹੀ ਕਥਿਤ ਦੋਸ਼ੀਆਂ ਦੇ ਖਿਲਾਫ਼ ਚਲਾਨ ਪੇਸ਼ ਹੋਇਆ ਹੈ । ਪਰ ਇਨ੍ਹਾਂ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਕਹਾਣੀ ਸਾਹਮਣੇ ਆਈ ਹੈ ।ਸ: ਬੇਅੰਤ ਸਿੰਘ ਤੇ 16 ਹੋਰਨਾਂ ਦਾ ਕਤਲ ਮਨੁੱਖੀ ਬੰਬ ਨਾਲ ਹੋਇਆ ਸੀ, ਮਨੁੱਖੀ ਬੰਬ ਪਟਿਆਲੇ ਦਾ ਸਾਬਕਾ ਐਸ.ਪੀ.ਓ. ਦਿਲਾਵਰ ਸਿੰਘ ਸੀ। ਇਸ ਕਹਾਣੀ ਮੁਤਾਬਕ ਦਲਾਵਰ ਸਿੰਘ ਤੋਂ ਬਿਨਾਂ ਇਸ ਕਾਂਡ ਦੀ ਸਾਜ਼ਿਸ਼ ਦੇ 6 ਮੁੱਖ ਦੋਸ਼ੀ ਹਨ-ਬੱਬਰ ਖਾਲਸਾ ਦਾ ਖਾੜਕੂ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ (ਦਿੱਲੀ), ਸਿਪਾਹੀ ਬਲਵੰਤ ਸਿੰਘ (ਪਟਿਆਲਾ), ਜਗਤਾਰ ਸਿੰਘ ਤਾਰਾ, ਇੰਜੀਨੀਅਰ ਗੁਰਮੀਤ ਸਿੰਘ ਤੇ ਲਖਵਿੰਦਰ ਸਿੰਘ। ਇਸ 'ਚੋਂ ਪਹਿਲੇ ਤਿੰਨੇ ਫਰਾਰ ਹਨ ਤੇ ਪਿਛਲੇ ਤਿੰਨ ਗ੍ਰਿਫ਼ਤਾਰ ਹਨ । ਇਹ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਦੋਸ਼ੀਆਂ ਨੇ ਦਿੱਲੀ ਤੋਂ ਇਕ ਪੁਰਾਣੀ ਅੰਬੈਸਡਰ ਕਾਰ ਖਰੀਦੀ । ਚੰਡੀਗੜ੍ਹ ਲਿਆ ਕੇ ਉਸ 'ਤੇ ਚਿੱਟਾ ਪੇਂਟ ਕਰਾਇਆ । 31 ਅਗਸਤ ਨੂੰ ਦਿਲਾਵਰ ਸਿੰਘ ਬਾਰੂਦੀ ਪੇਟੀ ਬੰਨ੍ਹ ਕੇ ਪੁਲਿਸ ਦੀ ਵਰਦੀ ਪਾ ਕੇ ਇਸ ਕਾਰ ਵਿਚ ਬੈਠ ਕੇ ਸਕੱਤਰੇਤ ਗਿਆ। ਜਦੋਂ ਮੁੱਖ ਮੰਤਰੀ ਆਪਣੀ ਕਾਰ 'ਚ ਬੈਠਣ ਲੱਗੇ ਤਾਂ ਉਸ ਨੇ ਨੇੜੇ ਜਾ ਕੇ ਬੰਬ ਚਲਾ ਦਿੱਤਾ ਜਿਸ ਨਾਲ ਉਹ ਆਪ ਵੀ ਉੱਡ ਗਿਆ। ਇਹ ਬਾਰੂਦੀ ਬੈਲਟ ਉਸ ਨੂੰ ਗੁਰਮੀਤ ਸਿੰਘ ਨੇ ਬਣਾ ਕੇ ਦਿੱਤੀ ਸੀ । ਬਾਰੂਦ ਜਗਤਾਰ ਸਿੰਘ ਤਾਰਾ ਨੇ ਲਿਆ ਕੇ ਦਿੱਤਾ ਸੀ।
ਕਾਰ ਨੂੰ ਚਿੱਟਾ ਪੇਂਟ ਕਰਨ ਲਈ ਲਖਵਿੰਦਰ ਸਿੰਘ ਹੀ 'ਪੇਂਟਰ ਕੋਲ ਉਨ੍ਹਾਂ ਦੇ ਨਾਲ ਗਿਆ ਕਿਉਂਕਿ ਪੇਂਟਰ ਸਬੰਧੀ ਉਸ ਨੂੰ ਜਾਣਕਾਰੀ ਸੀ । ਧਮਾਕੇ ਤੋਂ ਬਾਅਦ ਬਲਵੰਤ ਸਿੰਘ ਫਰਾਰ ਹੋ ਗਿਆ ਪਰ ਉਹ ਅੰਬੈਸਡਰ ਕਾਰ ਨਹੀਂ ਲਿਜਾ ਸਕੇ । ਇਹ ਕਾਰ ਵਾਰਦਾਤ ਵਾਲੀ ਥਾਂ ਤੋਂ ਕੁਝ ਦੂਰੀ 'ਤੇ ਹਰਿਆਣਾ ਸਕੱਤਰੇਤ ਅੱਗੇ ਖੜ੍ਹੀ ਮਿਲੀ । ਕਾਰ 'ਚੋਂ ਇਕ 6 ਵਾਟ ਦੀ ਬੈਟਰੀ ਵੀ ਬਰਾਮਦ ਹੋਈ। ਮਨੁੱਖੀ ਬੰਬ ਸੁਰੱਖਿਆ ਘੇਰੇ 'ਚ ਕਿਵੇਂ ਪੁੱਜਿਆ? ਸੀ.ਬੀ.ਆਈ., ਪੰਜਾਬ ਤੇ ਚੰਡੀਗੜ੍ਹ ਪੁਲਿਸ ਨੇ ਮਨੁੱਖੀ ਬੰਬ ਬਿਊਰੀ ਨੂੰ ਸਹੀ ਮੰਨ ਲਿਆ ਹੈ ਪਰ ਸਵਾਲ ਹੈ ਕਿ ਇਹ ਮਰਜੀਵੜਾ ਮੁੱਖ ਮੰਤਰੀ ਦੇ ਸਖ਼ਤ ਸੁਰੱਖਿਆ ਘੇਰੇ ਵਿਚ ਕਿਵੇਂ ਪੁੱਜਿਆ? ਜਦੋਂ ਮੁੱਖ ਮੰਤਰੀ ਸਕੱਤਰੇਤ ਦੇ ਵੀ.ਆਈ.ਪੀ. ਗੇਟ ਰਾਹੀਂ ਆ ਕੇ ਕਾਰ ਵਿਚ ਬੈਠਦੇ ਹਨ ਤਾਂ ਉਸ ਵੇਲੇ ਇਸ ਗੇਟ ਦਾ ਆਲਾ-ਦੁਆਲਾ ਸੀਲ ਕਰ ਦਿੱਤਾ ਜਾਂਦਾ ਹੈ। ਦਸ ਕੁ ਗਜ਼ ਦੇ ਘੇਰੇ ਵਿਚ ਚਿੜੀ ਵੀ ਨਹੀਂ ਫੜਕਣ ਦਿੱਤੀ ਜਾਂਦੀ । ਹੁਣ ਤੱਕ ਦੀ ਜਾਂਚ ਤੋਂ ਕੋਈ ਅਜਿਹਾ ਸੰਕੇਤ ਵੀ ਨਹੀਂ ਮਿਲਿਆ ਕਿ ਮਨੁੱਖੀ ਬੰਬ ਕਾਹਲੀ ਨਾਲ ਜਾ ਭੱਜ ਕੇ, ਮੁੱਖ ਮੰਤਰੀ ਦੀ ਕਾਰ ਕੋਲ ਆਇਆ ਹੋਵੇ ਤੇ ਉਥੇ ਮੌਜੂਦ ਐਨ.ਐਸ.ਜੀ. ਕਮਾਂਡੋਜ਼ ਨਾਲ ਕਿਸੇ ਦੀ ਹੱਥੋਪਾਈ ਜਾਂ ਕੋਈ ਖਿੱਚਧੂਹ ਹੋਈ ਹੋਵੇ।
ਪੁਲਿਸ ਥਿਊਰੀ ਮੁਤਾਬਕ ਦਿਲਾਵਰ ਸਿੰਘ ਨੇ ਪੁਲਿਸ ਵਰਦੀ ਪਾਈ ਹੋਈ ਸੀ । ਪਰ ਇਸ ਵਰਦੀ ਦੀ ਕੋਈ ਨਿਸ਼ਾਨੀ ਧਮਾਕੇ ਵਾਲੀ ਥਾਂ ਤੋਂ ਕਿਉਂ ਨਹੀਂ ਮਿਲੀ ? ਧਮਾਕੇ ਵਾਲੀ ਥਾਂ ਤੋਂ ਜੋ ਪੈਰ ਦਿਲਾਵਰ ਸਿੰਘ ਦਾ ਮਿਲਿਆ ਦੱਸਿਆ ਜਾਂਦਾ ਹੈ, ਉਸ ਉੱਤੇ ਇਟਲੀ ਦਾ ਬਣਿਆ ਸਪੋਰਟਸ ਬੂਟ ਪਹਿਨਿਆ ਹੋਇਆ ਹੈ। ਜੇ ਉਸ ਨੇ ਪੁਲਿਸ ਵਾਲੀ ਵਰਦੀ ਪਾਈ ਹੁੰਦੀ ਤਾਂ ਇਸ ਦੇ ਨਾਲ, ਪੁਲਿਸ ਵਾਲੇ ਬੂਟ ਕਿਉਂ ਨਹੀਂ ਮਿਲੇ। ਕੀ ਪੁਲਿਸ ਦੀ ਵਰਦੀ ਵਾਲਾ ਕੋਈ ਵੀ ਅਣਪਛਾਤਾ ਵਿਅਕਤੀ ਮੁੱਖ ਮੰਤਰੀ ਦੇ ਦੁਆਲੇ ਲੱਗੇ ਕਮਾਂਡੋਜ਼ ਦਾ ਘੇਰਾ ਉਲੰਘ ਕੇ ਮੁੱਖ ਮੰਤਰੀ ਦੇ ਐਨ ਨੇੜੇ ਜਾ ਸਕਦਾ ਸੀ ? ਹਾਦਸੇ ਵਾਲੀ ਥਾਂ ਕੋਈ ਅਜਿਹੀ ਜਗ੍ਹਾ ਨਹੀਂ ਸੀ ਜਿਥੇ ਸ: ਬੇਅੰਤ ਸਿੰਘ ਬੇਪਛਾਣ ਤੇ ਆਮ ਲੋਕਾਂ ਨੂੰ ਮਿਲ ਰਹੇ ਹੋਣ।
ਬਾਰੂਦੀ ਬੈਲਟ ਦੀ ਨਿਸ਼ਾਨੀ ਨਹੀਂ ਮਿਲੀ
ਮਨੁੱਖੀ ਬੰਬ ਥਿਊਰੀ ਉੱਤੇ ਇਹ ਪ੍ਰਸ਼ਨ ਚਿੰਨ੍ਹ ਵੀ ਖੜ੍ਹਾ ਹੈ ਕਿ ਜੇਕਰ ਇਹ ਧਮਾਕਾ ਦਿਲਾਵਰ ਸਿੰਘ ਦੇ ਲੱਕ ਨਾਲ ਬੰਨ੍ਹੀ ਬਾਰੂਦੀ ਬੈਲਟ ਨਾਲ ਹੋਇਆ ਤਾਂ ਇਸ ਬੈਲਟ ਦੀ ਕੋਈ ਮਾੜੀ-ਮੋਟੀ ਨਿਸ਼ਾਨੀ ਵੀ ਕਿਉਂ ਨਹੀਂ ਮਿਲੀ । ਜੱਗ ਜਾਣਦਾ ਹੈ ਕਿ ਭਾਰਤ 'ਚ ਇਸ ਤੋਂ ਪਹਿਲਾਂ ਮਨੁੱਖੀ ਬੰਬ ਦੀ ਵਾਰਦਾਤ ਸਿਰਫ਼ ਇਕ ਹੀ ਹੋਈ ਸੀ ਜਿਸ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਮਾਰੇ ਗਏ ਸਨ । ਰਿਕਾਰਡ ਦੱਸਦਾ ਹੈ ਕਿ ਇਸ ਕਾਂਡ ਵਿਚ ਧਮਾਕੇ ਵਾਲੀ ਥਾਂ ਤੋਂ ਮਨੁੱਖੀ ਬੰਬ ਬਣੀ ਔਰਤ ਵੱਲੋਂ ਵਰਤੀ ਗਈ ਬਾਰੂਦੀ ਬੈਲਟ 'ਦੇ ਚੀਥੜਿਆਂ ਦੇ ਰੂਪ ਵਿਚ ਜ਼ਰੂਰ ਨਿਸ਼ਾਨੀਆਂ ਮਿਲੀਆਂ ਸਨ । ਜਾਂਚ ਏਜੰਸੀਆਂ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਅਜਿਹੇ ਬੰਬ ਧਮਾਕੇ ਵੇਲੇ 3000 ਡਿਗਰੀ ਸੈਂਟੀਗਰੇਡ ਤੱਕ ਤਾਪਮਾਨ ਹੋ ਜਾਂਦਾ ਹੈ, ਜਿਸ ਨਾਲ ਲੱਗੀ ਅੱਗ 'ਚ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ। ਪਰ ਇਸ ਧਮਾਕੇ ਵਾਲੀ ਜਗ੍ਹਾ ਤੋਂ ਕੱਪੜੇ, ਲੋਹੇ ਤੇ ਲੱਕੜ ਦਾ ਅਜਿਹਾ ਬਹੁਤ ਸਾਰਾ ਸਾਮਾਨ ਮਿਲਿਆ ਹੈ, ਜੋ ਪੂਰੀ ਤਰ੍ਹਾਂ ਨਹੀਂ ਸੜਿਆ। ਇਥੋਂ ਤੱਕ ਕਿ ਸ: ਬੇਅੰਤ ਸਿੰਘ ਦੇ ਨਾਲ ਮਰਨ ਵਾਲੇ ਇਕ ਪੀ.ਏ. ਦਾ ਲੈਮੀਨੇਟਿਡ ਸ਼ਨਾਖ਼ਤੀ ਕਾਰਡ ਵੀ ਧਮਾਕੇ ਵਾਲੀ ਥਾਂ ਤੋਂ ਸਿਰਫ਼ 2 ਗਜ਼ ਦੀ ਦੂਰੀ ਤੋਂ ਮਿਲਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸ: ਬੇਅੰਤ ਸਿੰਘ ਦਾ ਕੜਾ ਵੀ ਸਹੀ-ਸਲਾਮਤ ਮਿਲਿਆ। ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਦੀ ਪਛਾਣ ਕੜੇ ਤੋਂ ਹੀ ਹੋਈ ਸੀ।
ਫਿਰ ਜੇਕਰ, ਮਨੁੱਖੀ ਬੰਬ ਨੇ ਖ਼ੁਦ ਹੀ ਬੰਬ ਚਲਾਇਆ ਸੀ ਤਾਂ ਉਹ ਅੰਬੈਸਡਰ ਕਾਰ ਧਮਾਕੇ ਵਾਲੀ ਥਾਂ ਦੇ ਐਨ ਸਾਹਮਣੇ ਤੇ ਕੁਝ ਦੂਰੀ 'ਤੇ ਕਿਉਂ ਖੜ੍ਹਾਈ ਗਈ ? ਧਮਾਕੇ ਤੋਂ ਬਾਅਦ ਦੋਸ਼ੀਆਂ ਨੇ ਕਾਰ ਉਥੋਂ ਕਿਉਂ ਨਹੀਂ ਭਜਾਈ ? ਇਹ ਸਬੂਤ ਉਥੇ ਕਿਉਂ ਰਹਿਣ ਦਿੱਤਾ ? ਚੇਤੇ ਰਹੇ ਕਿ ਇਸ ਕਾਰ ਤੋਂ ਹੀ ਇਸ ਕਾਂਡ ਦਾ ਸੁਰਾਗ ਮਿਲਿਆ। ਕਾਰ ਵੀ ਅਜਿਹੇ ਥਾਂ ਖੜ੍ਹਾਈ ਗਈ ਸੀ ਜਿਥੋਂ ਇਹ ਇਕਦਮ ਬਾਹਰ ਕੱਢਣੀ ਸੌਖੀ ਨਹੀਂ ਸੀ । ਜੇਕਰ ਇਸ ਕਾਰ ਰਾਹੀਂ ਸਿਰਫ਼ ਦਿਲਾਵਰ ਨੂੰ ਸਕੱਤਰੇਤ ਪੁਚਾਉਣ ਦਾ ਹੀ ਕੰਮ ਕੀਤਾ ਗਿਆ ਤਾਂ ਕਾਰ ਸਕੱਤਰੇਤ ਦੇ ਬਾਹਰ ਬਣੇ ਲੋਹੇ ਦੇ ਗੇਟ ਦੇ ਨੇੜੇ ਅਜਿਹੀ ਥਾਂ ਖੜ੍ਹੀ ਕੀਤੀ ਜਾਣੀ ਸੀ ਜਿਥੋਂ ਅਸਾਨੀ ਨਾਲ ਇਕਦਮ ਬਾਹਰ ਕੱਢੀ ਜਾ ਸਕਦੀ ਸੀ ? ਫੇਰ ਇਸ ਕਾਰ 'ਚੋਂ ਮਿਲੀ ਬੈਟਰੀ ਦੀ ਅਜੇ ਤੱਕ ਵਿਆਖਿਆ ਕਿਉਂ ਨਹੀਂ ਹੋਈ ਕਿ ਇਹ ਕਾਹਦੇ ਲਈ ਕਾਰ 'ਚ ਰੱਖੀ ਗਈ ਸੀ । ਕੀ ਇਨ੍ਹਾਂ ਤੱਥਾਂ ਤੋਂ ਇਹ ਸਵਾਲ ਪੈਦਾ ਨਹੀਂ ਹੁੰਦਾ ਕਿ ਇਹ ਧਮਾਕਾ ਰਿਮੋਟ ਕੰਟਰੋਲ ਨਾਲ ਵੀ ਹੋਇਆ ਹੋ ਸਕਦਾ ਹੈ।
....ਦੋਸ਼ੀ ਭੱਜੇ ਕਿਉਂ ਨਹੀਂ ?
ਜਾਂਚ ਏਜੰਸੀਆਂ ਨੂੰ ਇਕ ਹੋਰ ਸਵਾਲ ਦਾ ਜਵਾਬ ਵੀ ਦੇਣਾ ਪਵੇਗਾ ਕਿ ਜੇਕਰ ਸੱਚਮੁੱਚ ਹੀ ਇੰਜੀਨੀਅਰ ਗੁਰਮੀਤ ਸਿੰਘ ਤੇ ਸਿਪਾਹੀ ਲਖਵਿੰਦਰ ਸਿੰਘ ਪ੍ਰਮੁੱਖ ਦੋਸ਼ੀ ਹਨ, ਜੇਕਰ ਉਨ੍ਹਾਂ ਨੂੰ ਸਾਰੀ ਵਾਰਦਾਤ ਦੀ ਯੋਜਨਾ ਦਾ ਪਹਿਲਾਂ ਹੀ ਪਤਾ ਸੀ ਤਾਂ ਉਹ ਬੰਬ ਧਮਾਕਾ ਹੋਣ ਤੋਂ ਬਾਅਦ ਇਧਰ ਉਧਰ ਕਿਉਂ ਨਹੀਂ ਖਿਸਕੇ ਜਦਕਿ ਲੋਕ ਸਕੱਤਰੇਤ ਅੱਗੇ ਫੜੀ ਗਈ ਅੰਬੈਸਡਰ ਕਾਰ ਦੀਆਂ ਤਸਵੀਰਾਂ ਇਕ ਦਿਨ ਬਾਅਦ ਹੀ ਅਖਬਾਰਾਂ 'ਚ ਛਪ ਗਈਆਂ ਸਨ। ਫੇਰ ਵੀ ਉਨ੍ਹਾਂ 'ਚੋਂ ਕੋਈ ਵੀ ਚੰਡੀਗੜ੍ਹ ਬਾਹਰ ਨਹੀਂ - ਗਿਆ। ਗੁਰਮੀਤ ਸਿੰਘ, ਬੀ.ਪੀ.ਐਲ. ਕੰਪਨੀ ਦੇ ਦਫ਼ਤਰ ਵਿਚ ਡਿਊਟੀ ਤੋਂ ਫੜਿਆ ਗਿਆ ਜਦੋਂ ਕਿ - ਲਖਵਿੰਦਰ ਸਿੰਘ, ਚੰਡੀਗੜ੍ਹ ਕਲੱਬ ਕੋਲੋਂ ਆਪਣੇ ਘਰ ਨੂੰ ਜਾਂਦਾ ਫੜਿਆ ਗਿਆ।
ਹੁਣ ਤੱਕ ਫੜੇ ਗਏ ਦੋਸ਼ੀਆਂ 'ਚੋਂ ਸਿਰਫ਼ ਜਗਤਾਰ ਸਿੰਘ ਤਾਰਾ ਕੋਲੋਂ ਸਾਇਆਨਾਈਡ ਦੀ ਸ਼ੀਸ਼ੀ ਬਰਾਮਦ ਹੋਈ ਦਿਖਾਈ ਹੈ । (ਇਹ ਇਕ ਵੱਖਰਾ ਮੁੱਦਾ ਹੈ ਕਿ ਸੀ.ਬੀ.ਆਈ. ਦਾ ਇਹ ਦਾਅਵਾ ਕਿੰਨਾ ਕੁ ਠੀਕ ਹੈ) ਜਦੋਂ ਕਿ ਲਖਵਿੰਦਰ ਜਾਂ ਗੁਰਮੀਤ ਕੋਲੋਂ ਸਾਇਆਨਾਈਡ ਆਦਿਕ ਵੀ ਨਹੀਂ ਮਿਲਿਆ। ਜੇਕਰ ਇਹ ਦੋਵੇਂ ਬੱਬਰ ਖਾਲਸਾ ਦੀ ਇੰਨੀ ਵੱਡੀ ਸਾਜ਼ਿਸ਼ 'ਚ ਸਿੱਧੇ ਰੂਪ ਵਿਚ ਸ਼ਾਮਲ ਸਨ ਤਾਂ ਇਨ੍ਹਾਂ ਕੋਲੋਂ ਸਾਇਆਨਾਈਡ ਦੇ ਕੈਪਸੂਲ ਕਿਉਂ ਨਹੀਂ ਮਿਲੇ ? ਇਹ ਦੋਵੇਂ ਜਣੇ ਅਸਾਨੀ ਨਾਲ ਹੀ ਕਿਉਂ ਕਾਬੂ ਆ ਗਏ ?
ਸੀ.ਬੀ.ਆਈ. ਦੀ ਭੇਦ ਭਰੀ ਚੁੱਪ
ਇਹ ਵੀ ਹੋ ਸਕਦਾ ਹੈ ਕਿ ਹੁਣ ਤੱਕ ਫੜੇ ਗਏ ਕਥਿਤ ਦੋਸ਼ੀਆਂ ਦੀ ਪੁੱਛਗਿੱਛ ਤੋਂ ਬਾਅਦ ਉਕਤ ਸਵਾਲਾਂ 'ਚੋਂ ਕਈਆਂ ਦਾ ਜਵਾਬ ਸੀ.ਬੀ.ਆਈ. ਨੂੰ ਮਿਲ ਗਿਆ ਹੋਵੇ । ਪਰ ਇਸ ਬੰਬ ਕਾਂਡ ਬਾਰੇ ਹੁਣ ਤੱਕ ਕਿੰਨੀਆਂ ਹੀ ਸਵੈ-ਵਿਰੋਧੀ ਵਿਵਾਦ ਭਰੀਆਂ ਤੇ ਸ਼ੱਕ-ਸ਼ੁਭੇ ਖੜ੍ਹੇ ਕਰਨ ਵਾਲੀਆਂ ਰਿਪੋਰਟਾਂ ਛਪੀਆਂ ਹਨ ਪਰ ਇਸ ਸਭ ਕਾਸੇ ਬਾਰੇ ਸੀ.ਬੀ.ਆਈ. ਅਜੇ ਤੱਕ ਚੁੱਪ ਹੈ। ਇਸ ਚੁੱਪ ਕਾਰਨ ਵੀ ਕਾਫੀ ਭੰਬਲਭੂਸਾ ਪਿਆ ਲੱਗਦਾ ਹੈ। ਜਾਣੇ ਜਾਂ ਅਣਜਾਣੇ ਬੰਬ ਕਾਂਡ ਨਾਲ ਸੰਬੰਧਿਤ ਕਈ ਖ਼ਬਰਾਂ ਪਲਾਂਟ ਵੀ ਹੋਈਆਂ ਹਨ। ਉਂਜ ਤਾਂ ਅਜੇ ਦਿਲਾਵਰ ਦੇ ਮਨੁੱਖੀ ਬੰਬ ਹੋਣ ਦੀ ਵਿਗਿਆਨਕ ਪੁਸ਼ਟੀ ਲਈ ਡੀ.ਐਨ.ਏ. ਰਿਪੋਰਟ ਵੀ ਆਉਣੀ ਬਾਕੀ ਹੈ ਪਰ ਇਸ ਕਾਂਡ ਤੋਂ ਜਿੰਨਾ ਪਰਦਾ ਉਠਿਆ ਹੈ, ਇਸ ਬਾਰੇ ਵੀ ਸਰਕਾਰੀ ਤੌਰ 'ਤੇ ਗ੍ਰਹਿ ਮੰਤਰਾਲਾ ਜਾਂ ਸੀ.ਬੀ.ਆਈ. ਨੇ ਜ਼ਬਾਨ ਨਹੀਂ ਖੋਲ੍ਹੀ।
ਇਸ ਪੱਤਰਕਾਰ ਦੀ ਸੂਚਨਾ ਮੁਤਾਬਕ ਸੀ.ਬੀ.ਆਈ. ਤੇ ਜਾਂਚ ਏਜੰਸੀਆਂ ਅੱਗੇ ਸਮੱਸਿਆ ਇਹ ਹੈ ਕਿ ਇਸ ਕਾਡ ਸਬੰਧੀ ਭਗੌੜੇ ਦੋਸ਼ੀਆਂ ਦੇ ਫੜੇ ਜਾਣ ਤੋਂ ਬਿਨਾਂ ਕਹਾਣੀ ਅੱਗੇ ਨਹੀਂ ਤੁਰ ਰਹੀ, ਦਿੱਲੀ ਤੋਂ ਫੜੇ ਜਗਤਾਰ ਸਿੰਘ ਤਾਰਾ 'ਤੇ ਆ ਕੇ ਰੁਕ ਗਈ ਹੈ। ਕਤਲ ਦੀ ਸਾਜ਼ਿਸ਼ ਦਾ ਅਗਲਾ ਸੀਨ ਤਾਂ ਸਾਹਮਣੇ ਆਵੇਗਾ ਜੇਕਰ ਸਿਪਾਹੀ ਬਲਵੰਤ ਸਿੰਘ, ਪਰਮਜੀਤ ਸਿੰਘ ਜਾਂ ਜਗਤਾਰ ਸਿੰਘ ਹਵਾਰਾ 'ਚੋਂ ਕੋਈ ਫੜਿਆ ਜਾਵੇ । ਵਾਰਦਾਤ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਸਮਾਂ ਮਿਲ ਗਿਆ ਹੈ ਆਪਣੇ ਅੱਡੇ ਬਦਲਣ ਲਈ।ਸਿੱਟੇ ਵਜੋਂ ਜਾਂਚ ਵਿਚ ਇਕ ਖੜੋਤ ਜਿਹੀਆ ਗਈ ਲੱਗਦੀ ਹੈ। ਸੀ.ਬੀ.ਆਈ. ਤੇ ਪੁਲਿਸ ਅਫ਼ਸਰਾਂ ਦੀ ਗੱਲਬਾਤ ਤੋਂ ਇਹ ਬੇਬਸੀ ਸਾਫ਼ ਝਲਕਦੀ ਹੈ।
6 ਹੁਣ ਸੀ.ਬੀ.ਆਈ. ਅੱਗੇ ਇਕ ਹੋਰ ਮਸਲਾ ਵੀ ਖੜ੍ਹਾ ਹੋ ਗਿਆ ਲੱਗਦਾ ਹੈ। ਜਿਹੜੇ ਕਥਿਤ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ, ਉਨ੍ਹਾਂ ਦਾ ਚਲਾਨ 90 ਦਿਨਾਂ ਦੇ ਅੰਦਰ-ਅੰਦਰ ਅਦਾਲਤ ਵਿਚ ਪੇਸ਼ ਕਰਨਾ ਹੁੰਦਾ ਹੈ। ਇਹ ਹੁਣ ਦੇਖਣਾ ਹੈ ਕਿ ਸੀ.ਬੀ.ਆਈ. ਅਜੇ ਇਸ ਕਾਂਡ ਦੀ ਹੋਰ ਤਹਿ ਤੱਕ ਜਾ ਕੇ, ਪ੍ਰਸ਼ਨ ਚਿੰਨ੍ਹ ਬਣੇ ਨੁਕਤਿਆਂ ਦਾ ਜਵਾਬ ਪੇਸ਼ ਕਰੇਗੀ ਜਾਂ ਬੰਨ੍ਹਸੁਬ ਕਰਕੇ ਫੜੇ ਦੋਸ਼ੀਆਂ ਦਾ ਚਲਾਨ ਪੇਸ਼ ਕਰ ਦੇਵੇਗੀ।
ਸੀ.ਬੀ.ਆਈ. ਬਨਾਮ ਪੰਜਾਬ ਪੁਲਿਸ
ਇਸ ਕਾਂਡ ਦੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ, ਵਕੀਲਾਂ ਤੇ ਹੋਰ ਸੰਬੰਧਿਤ ਲੋਕਾਂ ਨੂੰ ਇਹ ਤਿੱਖਾ ਅਨੁਭਵ ਹੋਇਆ ਹੈ ਕਿ ਇਸ ਕੇਸ ਦੀ ਜਾਂਚ ਸਬੰਧੀ ਸੀ.ਬੀ.ਆਈ. ਤੇ ਪੰਜਾਬ ਪੁਲਿਸ ਦੇ ਢੰਗ-ਤਰੀਕਿਆਂ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਪਹਿਲੀ ਗੱਲ, ਸੀ.ਬੀ.ਆਈ. ਵੱਲੋਂ ਇਸ ਕਾਂਡ ਦੇ ਫੜੇ ਦੋਸ਼ੀਆਂ ਦੀ ਆਮ ਮਿਥੇਸਮੇਂ ਅਨੁਸਾਰ ਗਿ੍ਫ਼ਤਾਰੀ ਪਾ ਦਿੱਤੀ ਜਾਂਦੀ ਸੀ, ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ, ਕਾਨੂੰਨੀ ਤੌਰ 'ਤੇ ਪੁਲਿਸ ਰਿਮਾਂਡ ਲਿਆ ਜਾਂਦਾ ਰਿਹਾ, ਹਾਲਾਂ ਕਿ ਉਸ ਵੇਲੇ ਇਨ੍ਹਾਂ ਕਥਿਤ ਦੋਸ਼ੀਆਂ ਦੀ ਸੁਰੱਖਿਆ ਨੂੰ ਬਹੁਤ ਖ਼ਤਰਾ ਸੀ । ਦੂਜਾ, ਫੜੇ ਗਏ ਵਿਅਕਤੀਆਂ ਨੂੰ ਸਰੀਰਕ ਤੌਰ 'ਤੇ ਅਜਿਹੇ ਅਣਮਨੁੱਖੀ ਤਸੀਹੇ ਦਿੱਤੇ ਜਾਣ ਦੀ ਖ਼ਬਰ ਨਹੀਂ ਮਿਲੀ ਜੋ ਕਿ ਪੰਜਾਬ ਪੁਲਿਸ ਲਈ ਆਮ ਗੱਲ ਹੈ। ਇਹ ਆਮ ਚਰਚਾ ਹੈ ਕਿ ਜੇਕਰ ਉਕਤ ਦੋਸ਼ੀ ਪੰਜਾਬ ਪੁਲਿਸ ਨੇ ਫੜੇ ਹੁੰਦੇ ਤਾਂ ਪਹਿਲਾਂ ਤਾਂ ਕਾਫ਼ੀ ਦਿਨਾਂ ਤੱਕ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਸੀ ਦਿਖਾਈ ਜਾਣੀ ਤੇ ਫੇਰ ਪੁਲਿਸ ਹਿਰਾਸਤ ਵਿਚ ਜੋ ਉਨ੍ਹਾਂ ਦਾ ਹਾਲ ਹੁੰਦਾ, ਇਹ ਸਭ ਨੂੰ ਪਤਾ ਹੈ। ਸ਼ਾਇਦ ਹੁਣ ਤੱਕ ਕੋਈ ਮੁਕਾਬਲੇ ਦੀ ਖ਼ਬਰ ਵੀ ਆ ਜਾਣੀ ਸੀ ਪਰ ਸੀ.ਬੀ.ਆਈ. ਨੇ ਜਿਸ ਤਰ੍ਹਾਂ ਚੋਰੀ-ਛਿਪੇ ਭੇਦ-ਭਰੇ ਢੰਗ ਨਾਲ ਪਟਿਆਲੇ ਦੀ ਅਦਾਲਤ ਵਿਚ ਲਿਜਾ ਕੇ ਜਗਤਾਰ ਸਿੰਘ ਤਾਰਾ ਦਾ ਇਕਬਾਲੀਆ ਬਿਆਨ ਕਰਾਇਆ ਹੈ, ਇਹ ਲੱਛਣ ਪੰਜਾਬ ਪੁਲਿਸ ਵਾਲਾ ਹੀ ਸੀ, ਦੋਵਾਂ ਏਜੰਸੀਆਂ ਦੇ ਕੰਮ-ਢੰਗ ਦੀ ਇਕ ਮਿਸਾਲ, ਝਿੰਗੜਾਂ ਕਲਾਂ ਪਿੰਡ ਤੋਂ ਫੜੀ ਕੁੜੀ ਹਰਪ੍ਰੀਤ ਕੌਰ ਹੈ।ਸੀ.ਬੀ.ਆਈ. ਨੇ ਹਿਰਾਸਤ 'ਚ ਲੈ ਕੇ ਉਸ ਨੂੰ ਛੱਡ ਦਿੱਤਾ ਪਰ ਹੁਣ ਹਫਤੇ ਭਰ ਤੋਂ ਉਹੀ ਕੁੜੀ ਪੰਜਾਬ ਪੁਲਿਸ ਕੋਲ ਹੈ ਪਰ ਉਸ ਦੀ ਕਿਤੇ ਗ੍ਰਿਫ਼ਤਾਰੀ ਨਹੀਂ ਪਾਈ ਗਈ।
ਲਾਪ੍ਰਵਾਹੀ ਬਦਲੇ ਕਾਰਵਾਈ ਕਿਉਂ ਨਹੀਂ ?
ਬੇਅੰਤ ਸਿੰਘ ਬੰਬ ਕਾਂਡ ਦਾ ਇਕ ਹੋਰ ਪਹਿਲੂ ਗੌਰ ਦੀ ਮੰਗ ਕਰਦਾ ਹੈ। ਸੂਬੇ ਦਾ ਨੰ: ਇਕ ਨੇਤਾ ਮਾਰਿਆ ਗਿਆ। ਸੁਰੱਖਿਆ ਏਜੰਸੀਆਂ ਉਸ ਨੂੰ ਬਚਾਅ ਨਹੀਂ ਸਕੀਆਂ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਾਂਡ ਸਬੰਧੀ ਇਕ ਵੀ ਸੁਰੱਖਿਆ ਜਾਂ ਸਿਵਲ ਅਧਿਕਾਰੀ ਦੀ ਮੁਅੱਤਲੀ ਨਹੀਂ ਹੋਈ। ਮੁਅੱਤਲੀ ਤਾਂ ਦੂਰ ਦੀ ਗੱਲ ਹੈ, ਜਿਹੜੇ ਕੁਝ ਪੁਲਿਸ ਅਫ਼ਸਰ ਸ: ਬੇਅੰਤ ਸਿੰਘ ਦੀ ਨਿੱਜੀ ਸੁਰੱਖਿਆ ਦੇ ਇੰਚਾਰਜ ਸਨ, ਉਨ੍ਹਾਂ ਦੀ ਬਦਲੀ ਤੱਕ ਨਹੀਂ ਕੀਤੀ ਗਈ ਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਹੀ ਨਵੇਂ ਮੁੱਖ ਮੰਤਰੀ ਸ: ਹਰਚਰਨ ਸਿੰਘ ਬਰਾੜ ਦੀ ਨਿੱਜੀ ਸੁਰੱਖਿਆ ਵਿਚ ਫਿੱਟ ਕਰ ਦਿੱਤਾ ਗਿਆ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ, ਸ: ਬੇਅੰਤ ਸਿੰਘ ਦੇ ਨਾਲ ਹੋਣੇ ਚਾਹੀਦੇ ਸਨ, ਉਹ ਉਥੇ ਹੀ ਮੌਜੂਦ ਨਹੀਂ ਸਨ । ਸਵਰਗੀ ਮੁੱਖ ਮੰਤਰੀ ਦੇ ਅੰਦਰਲੇ ਸੁਰੱਖਿਆ ਘੇਰੇ ਵਿਚ ਘੁਸਪੈਠ ਕਿਥੇ ਹੋਈ, ਇਹ ਗੱਲ ਭਾਵੇਂ ਅਜੇ ਸਪੱਸ਼ਟ ਨਾ ਵੀ ਹੋਈ ਹੋਵੇ ਪਰ ਕੇ.ਪੀ.ਐੱਸ. ਗਿੱਲ ਤੱਕ ਇਸ ਹਕੀਕਤ ਨੂੰ ਤਾਂ ਸਾਰੇ ਮੰਨਦੇ ਹਨ ਕਿ ਸੁਰੱਖਿਆ 'ਚ ਕਿਤੇ ਗੜਬੜ ਤਾਂ ਜ਼ਰੂਰ ਰ ਹੋਈ ਹੈ। ਫੇਰ ਮੁੱਖ ਮੰਤਰੀ ਦੀ ਨਿੱਜੀ ਸੁਰੱਖਿਆ ਤੇ ਸਕੱਤਰੇਤ ਸੁਰੱਖਿਆ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਭੋਰਾ ਭਰ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ । ਮੁੱਖ ਮੰਤਰੀ ਦੀ ਸੁਰੱਖਿਆ ਵਿਚ ਲੱਗੀਆਂ ਵੱਖ-ਵੱਖ ਫੋਰਸਾਂ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਵੀ ਆਂਚ ਨਹੀਂ ਆਈ।
ਇਕ ਹੋਰ ਤੱਥ ਵੀ ਵਰਨਣਯੋਗ ਹੈ ਕਿ ਇਸ ਬੰਬ ਧਮਾਕੇ ਵਿਚ ਜਿੰਨੇ ਪੁਲਿਸ ਤੇ ਸਿਵਲ ਕਰਮਚਾਰੀ ਫੱਟੜ ਹੋਏ, ਇਨ੍ਹਾਂ 'ਚੋਂ ਵੱਡੀ ਬਹੁਗਿਣਤੀ ਅਜਿਹੇ ਸਨ ਜਿਹੜੇ ਮੁੱਖ ਮੰਤਰੀ ਦੇ ਰਵਾਨਾ ਹੋਣ ਵੇਲੇ ਵੀ.ਆਈ.ਪੀ. ਗੇਟ ਦੇ ਨੇੜੇ ਨਹੀਂ ਹੋਣੇ ਚਾਹੀਦੇ। ਇਹ ਵੀ ਸੁਰੱਖਿਆ ਘੇਰੇ ਵਿਚ ਹੋਈ ਢਿੱਲ ਦਾ ਹੀ ਸਬੂਤ ਹੈ।
ਡੀ.ਆਈ.ਜੀ. ਕਿਵੇਂ ਚੁਣਿਆ ?
ਇਸ ਬੰਬ ਕਾਂਡ ਤੋਂ ਮਹੀਨਾ ਕੁ ਪਹਿਲਾਂ, ਮੁੱਖ ਮੰਤਰੀ ਦੀ ਸੁਰੱਖਿਆ ਦੇ ਇੰਚਾਰਜ ਡੀ.ਆਈ.ਜੀ. ਜੇ.ਪੀ. ਵਿਰਦੀ ਨੂੰ ਉਸ ਦੀ ਮਰਜ਼ੀ ਨਾਲ ਹੀ ਜਲੰਧਰ ਲਾ ਦਿੱਤਾ ਗਿਆ। ਉਸ ਦੀ ਥਾਂ ਨਵੇਂ ਡੀ.ਆਈ.ਜੀ. ਦੀ ਚੋਣ ਕੀਤੀ ਜਾਣੀ ਸੀ। ਗ੍ਰਹਿ ਵਿਭਾਗ ਵੱਲੋਂ ਡੀ.ਜੀ.ਪੀ. ਦੀ ਸਹਿਮਤੀ ਨਾਲ ਇਸ ਜਗ੍ਹਾ ਡੀ.ਆਈ.ਜੀ. (ਵਿਜੀਲੈਂਸ) ਸੁਰੇਸ਼ ਅਰੋੜਾ ਨੂੰ ਲਾਉਣ ਦੀ ਤਜਵੀਜ਼ ਬਣਾ ਕੇ ਸਵਰਗੀ ਮੁੱਖ ਮੰਤਰੀ ਨੂੰ ਭੇਜੀ ਗਈ । ਪਰ ਸ: ਬੇਅੰਤ ਸਿੰਘ ਨੇ ਇਹ ਤਜਵੀਜ਼ ਰੱਦ ਕਰ ਦਿੱਤੀ ।ਇਸ ਅਸਾਮੀ 'ਤੇ ਜਿਹੜਾ ਡੀ.ਆਈ.ਜੀ. ਲਾਇਆ ਗਿਆ, ਉਹ ਟਰੇਨਿੰਗ 'ਤੇ ਚਲਾ ਗਿਆ। ਫੇਰ ਧਮਾਕੇ ਤੋਂ 2 ਦਿਨ ਪਹਿਲਾਂ ਸ੍ਰੀ ਐਮ.ਐਮ. ਕਪੂਰ ਨੇ ਇਸ ਅਸਾਮੀ ਦਾ ਚਾਰਜ ਲਿਆ। ਜਦੋਂ ਬੰਬ ਧਮਾਕਾ ਹੋਇਆ ਤਾਂ ਸ੍ਰੀ ਕਪੂਰ ਆਪਣੇ ਬੌਸ ਪੁਲਿਸ ਅਫ਼ਸਰ ਕੋਲ ਬੈਠੇ ਚਾਹ ਪੀ ਰਹੇ ਸਨ।
( Tirchhi Nazar Column - Published in Ajit Newspaper in the last week of September, 1995 )
-
31 ਅਗਸਤ 1995 – ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਚੰਡੀਗੜ੍ਹ ਵਿਖੇ ਪੰਜਾਬ-ਹਰਿਆਣਾ ਸਿਵਲ ਸਕੱਤਰੇਤ ਦੇ ਬਾਹਰ ਭਾਰੀ ਸੁਸਾਈਡ ਬੰਬ ਧਮਾਕੇ ਵਿੱਚ ਸਿਆਸੀ ਕਤਲ ਕੀਤਾ ਗਿਆ
-
ਸੁਸਾਈਡ ਬੰਬਰ ਦਿਲਾਵਰ ਸਿੰਘ ਬੱਬਰ, ਜੋ ਪੰਜਾਬ ਪੁਲਿਸ ਦਾ ਕਾਂਸਟੇਬਲ ਅਤੇ ਬੱਬਰ ਖ਼ਾਲਸਾ ਦਾ ਮੈਂਬਰ ਸੀ, ਨੇ ਹਮਲਾ ਕੀਤਾ।
-
ਬੇਅੰਤ ਸਿੰਘ ਸਮੇਤ 17 ਤੋਂ ਵੱਧ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋਏ।
-
ਹਮਲੇ ਨੂੰ ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਅੱਤਵਾਦ ਵਿਰੁੱਧ ਸਰਕਾਰ ਦੀ ਸਖਤ ਕਾਰਵਾਈ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਬਦਲਾ ਮੰਨਿਆ ਗਿਆ।
-
ਸਤੰਬਰ 1995 – ਪੁਲਿਸ ਜਾਂਚ ਵਿੱਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੀ ਸਾਜ਼ਿਸ਼ ਸਾਹਮਣੇ ਆਈ। ਸਾਜ਼ਿਸ਼ਕਾਰਾਂ ਵਿੱਚ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ ਆਦਿ ਸ਼ਾਮਲ।
-
1997 – ਕਈ ਦੋਸ਼ੀਆਂ ‘ਤੇ ਰਸਮੀ ਤੌਰ ‘ਤੇ ਮਾਮਲੇ ਦਰਜ।
-
ਬਲਵੰਤ ਸਿੰਘ ਰਾਜੋਆਣਾ ਨੇ ਬੈਕਅਪ ਬੰਬਰ ਵਜੋਂ ਆਪਣੀ ਭੂਮਿਕਾ ਸਵੀਕਾਰ ਕੀਤੀ, ਕਾਨੂੰਨੀ ਬਚਾ ਤੋਂ ਇਨਕਾਰ ਕੀਤਾ ਅਤੇ ਭਾਰਤੀ ਨਿਆਂਪਾਲਿਕਾ ‘ਤੇ ਅਵਿਸ਼ਵਾਸ ਜਤਾਇਆ।
-
ਜਗਤਾਰ ਸਿੰਘ ਹਵਾਰਾ ਮੁੱਖ ਸਾਜ਼ਿਸ਼ਕਾਰ ਵਜੋਂ ਸਾਹਮਣੇ ਆਇਆ।
-
21 ਜਨਵਰੀ 2004 – ਬੁੜੈਲ ਜੇਲ੍ਹ ਬਰੇਕ (ਚੰਡੀਗੜ੍ਹ):
-
ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭੀਓਰਾ ਅਤੇ ਹੋਰ ਦੋ ਕੈਦੀ ਸੁਰੰਗ ਪੁੱਟ ਕੇ ਭੱਜ ਗਏ।
-
ਪੰਜਾਬ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਲਈ ਵੱਡੀ ਸ਼ਰਮਿੰਦਗੀ।
-
ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਹੋਈ।
-
2005 – ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਪੁਲਿਸ ਦੇ ਖ਼ਾਸ ਸੈੱਲ ਨੇ ਫੜਿਆ।
-
ਉਸਨੂੰ ਮੁੜ ਜੇਲ੍ਹ ਵਿੱਚ ਭੇਜਿਆ ਗਿਆ।
-
1 ਜੁਲਾਈ 2007 – ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਫੈਸਲਾ:
-
ਬਲਵੰਤ ਸਿੰਘ ਰਾਜੋਆਣਾ – ਮੌਤ ਦੀ ਸਜ਼ਾ।
-
ਜਗਤਾਰ ਸਿੰਘ ਹਵਾਰਾ – ਮੌਤ ਦੀ ਸਜ਼ਾ, ਪਰ ਅਪੀਲ ਵਿੱਚ ਉਮਰ ਕੈਦ ਵਿੱਚ ਬਦਲੀ।
-
ਪਰਮਜੀਤ ਸਿੰਘ ਭੀਓਰਾ ਸਮੇਤ ਕਈ ਹੋਰ ਦੋਸ਼ੀ ਵੀ ਦੋਸ਼ੀ ਕਰਾਰ।
-
2012 – ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ 31 ਮਾਰਚ 2012 ਲਈ ਨਿਰਧਾਰਤ।
-
2014–2019 – ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਜਾਰੀ, ਕੇਂਦਰ ਵੱਲੋਂ ਫੈਸਲਾ ਟਲਦਾ ਰਿਹਾ।
-
ਦਸੰਬਰ 2019 – ਭਾਰਤ ਸਰਕਾਰ ਨੇ ਸਿੱਖ ਕੈਦੀਆਂ ਲਈ ਰਹਿਮ ਜਤਾਉਂਦਿਆਂ ਰਾਜੋਆਣਾ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ ‘ਚ ਬਦਲਣ ਦਾ ਐਲਾਨ ਕੀਤਾ, ਪਰ ਰਸਮੀ ਹੁਕਮ ਲਾਗੂ ਨਾ ਹੋ ਸਕੇ।
-
2023–2024 – ਮਾਮਲਾ ਅਜੇ ਵੀ ਪੰਜਾਬ ਵਿੱਚ ਰਾਜਨੀਤਕ ਤੇ ਜਜ਼ਬਾਤੀ ਤੌਰ ‘ਤੇ ਸੰਵੇਦਨਸ਼ੀਲ। ਰਾਜੋਆਣਾ ਦੀ ਰਿਹਾਈ ਲਈ ਅਪੀਲਾਂ ਅਤੇ ਬੇਅੰਤ ਸਿੰਘ ਦੀ ਹੱਤਿਆ ਦੀਆਂ ਵਰ੍ਹੇਗੰਠਾਂ ਯਾਦ ਕੀਤੀਆਂ ਜਾਂਦੀਆਂ ਹਨ।

-
ਬਲਜੀਤ ਬੱਲੀ, ਐਡੀਟਰ, ਬਾਬੂਸ਼ਾਹੀ ਨੈੱਟਵਰਕ
tirshinazar@gmail.com
+91 9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.