ਖਾਲਸਾ ਏਡ ਵਲੋਂ ਪੰਜਾਬ ਲਈ NGOs ਨੂੰ ਇੱਕਜੁੱਟ ਹੋਣ ਦਾ ਸੱਦਾ
ਚੰਡੀਗੜ੍ਹ, 30 ਅਗਸਤ 2025 - ਪੰਜਾਬ ਇਕ ਵਾਰ ਫਿਰ ਤੋਂ ਵੱਡੀ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ, ਜਿਸ ਨਾਲ 850 ਤੋਂ ਵੱਧ ਪਿੰਡ ਡੁੱਬ ਗਏ ਹਨ, ਹਜ਼ਾਰਾਂ ਪਰਿਵਾਰ ਰੋਜ਼ੀ-ਰੋਟੀ ਅਤੇ ਪਸ਼ੂਆਂ ਦਾ ਨੁਕਸਾਨ ਝੱਲ ਰਹੇ ਹਨ, ਅਤੇ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਜੀਵਾਂ ਦੀਆਂ ਜਾਨਾਂ ਵੀ ਗਈਆਂ। ਖਾਲਸਾ ਏਡ ਨੂੰ ਮੌਜੂਦਾ ਸਥਿਤੀ ਦਾ ਬੇਹੱਦ ਦੁੱਖ ਹੈ, ਪਰ ਇਸ ਤਬਾਹੀ ਦੇ ਸਮੇਂ ਦੌਰਾਨ ਹਰ ਸੰਭਵ ਤਰੀਕੇ ਨਾਲ ਖਾਲਸਾ ਏਡ ਪੰਜਾਬ ਦੇ ਨਾਲ ਖੜ੍ਹੇ ਰਹਿਣ ਲਈ ਦ੍ਰਿੜ ਹੈ।
ਖਾਲਸਾ ਏਡ ਸੰਸਥਾ ਹੁਣ ਤਕ ਦੁਨੀਆਂ ਦੇ ਦਰਜਨਾਂ ਮੁਲਕਾਂ ਅਤੇ ਅਣਗਿਣਤ ਮਨੁੱਖੀ ਸੰਕਟਾਂ ਵਿੱਚ ਕੰਮ ਕਰ ਚੁੱਕੀ ਹੈ। ਪੰਜਾਬ ਵਿਚ ਵੀ ਪਿਛਲੇ ਕਈ ਸਾਲਾਂ ਦੌਰਾਨ ਆਏ ਤਿੰਨ ਵੱਡੇ ਹੜ੍ਹਾਂ ਦੇ ਨਾਲ ਨਜਿੱਠ ਚੁੱਕੀ ਹੈ। ਖਾਲਸਾ ਏਡ ਕੋਲ ਆਫ਼ਤਾਂ ਨਾਲ ਨਜਿੱਠਣ ਲਈ ਪਹਿਲੇ ਦਿਨ ਤੋਂ ਹੀ ਗਰਾਉਂਡ ਜ਼ੀਰੋ 'ਤੇ ਲੋੜਵੰਦ ਲੋਕਾਂ ਦੀ ਸੇਵਾ ਕਰਨ ਦਾ ਤਜਰਬਾ ਹੈ। ਪਿਛਲੇ ਕਈ ਸੇਵਾ ਮਿਸ਼ਨਾਂ ਦੇ ਤਜ਼ਰਬੇ ਤੋਂ ਖਾਲਸਾ ਏਡ ਦਾ ਇਹ ਤਜ਼ਰਬਾ ਰਿਹਾ ਹੈ ਕਿ ਇਹ ਆਮ ਗੱਲ ਹੈ ਕਿ ਲੋੜਵੰਦਾਂ ਤਕ ਜਿਸ ਤਰੀਕੇ ਸਹਾਇਤਾ ਪਹੁੰਚਾਈ ਜਾਣੀ ਚਾਹੀਦੀ ਹੈ, ਉਸ ਤਰੀਕੇ ਪਹੁੰਚ ਨਹੀਂ ਪਾਉਂਦੀ, ਭਾਵ ਕਿ ਕੁਝ ਲੋੜਵੰਦਾਂ ਤਕ ਬੇਹਿਸਾਬੀ ਸਹਾਇਤਾ ਪਹੁੰਚਦੀ ਹੈ, ਤੇ ਬਹੁਤੇ ਲੋੜਵੰਦ ਜਿਨ੍ਹਾਂ ਨੂੰ ਸਹਾਇਤਾ ਦੀ ਜ਼ਿਆਦਾ ਲੋੜ ਹੁੰਦੀ ਹੈ, ਉਨ੍ਹਾਂ ਤਕ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਪਹੁੰਚਦੀ ।
ਇਸ ਭਿਆਨਕ ਸਮੇਂ ਦਾ ਸਾਹਮਣਾ ਕਰਨ ਲਈ ਕਈ ਪਿੰਡਾਂ ਦੇ ਪਿੰਡ ਅਤੇ ਪਰਿਵਾਰ ਇਕੱਠੇ ਹੋ ਸੇਵਾ ਵਿਚ ਜੁਟ ਗਏ ਹਨ ਜਿਸ ਤੋਂ ਪ੍ਰੇਰਨਾ ਲੈ ਕੇ, ਖਾਲਸਾ ਏਡ ਸੰਸਥਾ ਦੁਨੀਆਂ ਭਰ ਦੀਆਂ ਮਨੁੱਖਤਾ ਦੀ ਭਲਾਈ ਸੰਸਥਾਵਾਂ ਨੂੰ ਬੇਨਤੀ ਕਰ ਰਹੀ ਹੈ ਕਿ ਸਾਰੀਆਂ ਸੰਸਥਾਵਾਂ ਨੂੰ ਇਕੱਠੀਆਂ ਹੋ ਕੇ ਇਸ ਔਖੀ ਘੜੀ ਵਿਚ ਕੰਮ ਕਰਨਾ ਚਾਹੀਦਾ ਹੈ ਤੇ ਇਕ ਦੂਜੇ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਲੋੜਵੰਦ ਲੋਕਾਂ ਤਕ ਪਹੁੰਚ ਕੀਤੀ ਜਾਵੇ ਜੋ ਹਾਲੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਅਣਗੌਲੇ ਗਏ ਕਿਸੇ ਪਿੰਡ ਵਿਚ ਬੈਠੇ ਮਦਦ ਦੀ ਉਡੀਕ ਕਰ ਰਹੇ ਹਨ।
ਅਸੀਂ ਹਮੇਸ਼ਾ ਵਾਂਗ ਹੀ ਸਾਰੀਆਂ ਸੰਸਥਾਵਾਂ (NGOs) ਦਾ ਸਵਾਗਤ ਕਰਦੇ ਹਾਂ ਕਿ ਉਹ panjabfloods@khalsaaid.org 'ਤੇ ਈਮੇਲ ਰਾਹੀਂ ਖਾਲਸਾ ਏਡ ਨਾਲ ਜੁੜਨ ਤਾਂ ਜੋ ਇਹੋ ਜਿਹੀ ਆਫ਼ਤ ਨਾਲ ਨਜਿੱਠਣ ਲਈ ਯੋਜਨਾਬੰਦੀ ਕਰਕੇ ਸਹਿਯੋਗ ਕੀਤਾ ਜਾ ਸਕੇ ਅਤੇ ਇਕ ਸੁਚਾਰੂ ਰਣਨੀਤੀ ਤਹਿਤ ਹਰ ਇਕ ਲੋੜਵੰਦ ਤਕ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਇਸ ਉਦਮ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਹਰ ਲੋੜਵੰਦ ਪਰਿਵਾਰ ਤਕ ਇਕ ਸਹੀ ਯੋਜਨਾ ਰਾਹੀਂ ਸਹੀ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਹਾਇਤਾ ਪਹੁੰਚ ਰਹੀ ਹੈ।