ਏਸ਼ੀਆ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਰੱਦ ਹੋਣੇ ਚਾਹੀਦੇ ਹਨ: ਪਵਨ ਦੀਵਾਨ
ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਪਾਰਲੀਮੈਂਟ ਵਿੱਚ ਮੁੱਦਾ ਚੁੱਕਣ ਦੀ ਕੀਤੀ ਅਪੀਲ
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਜੁਲਾਈ 2025 - ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਜਿਲ੍ਹਾ ਕਾਂਗਰਸ ਪਾਰਟੀ ਪਵਨ ਦੀਵਾਨ ਨੇ ਏਸ਼ੀਆ ਕੱਪ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਰੱਦ ਕੀਤੇ ਜਾਣ ਦੀ ਮੰਗ ਕੀਤੀ ਅਤੇ ਇਸ ਸਬੰਧੀ ਸੂਬਾ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਲੀਮੈਂਟ ਵਿੱਚ ਮੁੱਦਾ ਚੁੱਕਣ ਦੀ ਅਪੀਲ ਵੀ ਕੀਤੀ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ, ਦੀਵਾਨ ਨੇ ਕਿਹਾ ਕਿ ਸਤੰਬਰ ਚ ਹੋਣ ਵਾਲੇ ਏਸ਼ੀਆ ਕੱਪ ਦੌਰਾਨ ਪ੍ਰਸਤਾਵਿਤ ਭਾਰਤ ਅਤੇ ਪਾਕਿਸਤਾਨ ਵਿਚਾਲਿਆ ਕ੍ਰਿਕਟ ਮੈਚਾਂ ਨੂੰ ਮਨਜ਼ੂਰੀ ਨਹੀਂ ਮਿਲਣੀ ਚਾਹੀਦੀ ਹੈ। ਉਹਨਾਂ ਨੇ ਲੋਕ ਸਭਾ ਮੈਂਬਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਤਵਾਦ ਤੇ ਖੇਡ ਇਕੱਠੇ ਨਹੀਂ ਹੋ ਸਕਦੇ ਹਨ। ਉਹਨਾਂ ਨੇ ਕਿਹਾ ਕਿ ਭਾਰਤੀਯ ਕ੍ਰਿਕੇਟ ਕੰਟ੍ਰੋਲ ਬੋਰਡ (ਬੀਸੀਸੀਆਈ) ਵੱਲੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚਾਂ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨਾਲ ਕੀਤੇ ਗਏ ਕਥਿਤ ਸਮਝੌਤੇ ਨੂੰ ਲੈ ਕੇ ਲੋਕਾਂ ਵਿਚਾਲੇ ਬਹੁਤ ਨਰਾਜ਼ਗੀ ਹੈ।
ਦੀਵਾਨ ਨੇ ਜੋਰ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਕ੍ਰਿਕੇਟ ਮੈਚ ਨਾਲ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਖਜ਼ਾਨੇ ਵਿੱਚ ਬਹੁਤ ਸਾਰੇ ਪੈਸੇ ਜਾਣਗੇ ਅਤੇ ਇਹਨਾਂ ਵੱਲੋਂ ਉਹਨਾਂ ਪੈਸਿਆਂ ਦਾ ਇਸਤੇਮਾਲ ਭਾਰਤ ਖਿਲਾਫ ਅੱਤਵਾਦ ਫੈਲਾਉਣ ਵਿੱਚ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਉਹਨਾਂ ਨੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਵੀ ਗੱਲ ਕੀਤੀ ਕਿ ਇੱਕ ਪਾਸੇ ਸਰਕਾਰ ਆਪਰੇਸ਼ਨ ਸਿੰਦੂਰ ਨੂੰ ਹਾਲੇ ਤੱਕ ਬੰਦ ਨਾ ਕਰਨ ਸਬੰਧੀ ਗੱਲ ਕਹਿ ਰਹੀ ਹੈ, ਤਾਂ ਦੂਜੇ ਪਾਸੇ ਪਾਕਿਸਤਾਨ ਨਾਲ ਮੈਚ ਖੇਡਣ ਦੀ ਤਿਆਰੀ ਚੱਲ ਰਹੀ ਹੈ।