ਕਿਰਪਾਲ ਸਾਗਰ ਅਕੈਡਮੀ ਦੇ ਵਿਦਿਆਰਥੀਆਂ ਨੂੰ ਕੈਰੀਅਰ ਕਾਊਂਸਲਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 30 ਜੁਲਾਈ 2025 ਦੁਆਬੇ ਦੀ ਧਰਤੀ ਦਾ ਮਾਣ, ਕਿਰਪਾਲ ਸਾਗਰ ਅਕੈਡਮੀ, ਆਪਣੇ ਸਰਵਪੱਖੀ ਪ੍ਰਦਰਸ਼ਨ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਪ੍ਰਿੰਸੀਪਲ ਗੁਰਜੀਤ ਸਿੰਘ ਨੇ ਨਵਾਂ ਸ਼ਹਿਰ ਪ੍ਰੈਸ ਕਲੱਬ ਨੂੰ ਸੰਬੋਧਨ ਕਰਦਿਆਂ ਕਿਹਾ, ਬੀਤੇ ਦਿਨੀਂ ਕਿਰਪਾਲ ਸਾਗਰ ਅਕੈਡਮੀ ਦੇ ਵਿਦਿਆਰਥੀਆਂ ਨੂੰ ਆਈ ਡੀ ਪੀ ਤੇ ਐਕਸਿਸ ਬੈਂਕ ਦੀ ਫੇਰੀ ਕਰਵਾਈ ਗਈ।ਇਸ ਦਾ ਮਕਸਦ 10+2 ਦੀ ਪੜ੍ਹਾਈ ਤੋਂ ਉਪਰੰਤ, ਵਿਦਿਆਰਥੀ ਅਗਲੇ ਪੜਾਅ ਵਿੱਚ ਕੀ ਕਰਨ, ਉਹਨਾਂ ਨੂੰ ਕਿਹੜੀ ਪੜਾਈ ਕਰਨੀ ਚਾਹੀਦੀ ਹੈ। ਮੈਨੇਜਮੈਂਟ ਕਿਰਪਾਲ ਸਾਗਰ ਅਕੈਡਮੀ ਤੇ ਵਿਸ਼ੇਸ਼ ਤੌਰ ਤੇ ਚੇਅਰਮੈਨ ਕਰਮਜੀਤ ਸਿੰਘ ਉਚੇਚੇ ਤੌਰ ਤੇ ਇਸ ਲਈ ਵਿਦਿਆਰਥੀਆਂ ਨੂੰ ਸੁਚੇਤ ਕਰਦੇ ਰਹਿੰਦੇ ਹਨ।
ਆਈ ਡੀ ਪੀ , ਜਲੰਧਰ ਦੀ ਕਿਰਪਾਲ ਸਾਗਰ ਅਕੈਡਮੀ ਦੀ ਟੀਮ, ਪ੍ਰਿੰਸੀਪਲ ਗੁਰਜੀਤ ਸਿੰਘ,ਮਿਸਟਰ ਕਮਲਜੀਤ ਸਿੰਘ, ਮਿਸਟਰ ਪ੍ਰਦੀਪ ਕੁਮਾਰ, ਮਿਸਟਰ ਵਿਨੋਦ ਰਾਣਾ, ਮਿਸਟਰ ਅਰੁਣ ਸਿੰਘ ਚੋਹਾਨ, ਮੈਡਮ ਕਾਜਲ ਚੌਧਰੀ, ਮੈਡਮ ਰਵਿੰਦਰ ਕੌਰ ਤੇ 43 ਵਿਦਿਆਰਥੀਆਂ ਨੇ ਇਸ ਗਰੁੱਪ ਵਿੱਚ ਸ਼ਮੂਲੀਅਤ ਕੀਤੀ। ਆਈ ਡੀ ਪੀ ਦੀ ਪ੍ਰੋਫੈਸ਼ਨਲ ਟੀਮ ਵਲੋਂ ਵਿਦੇਸ਼ਾਂ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਵੱਖ ਵੱਖ ਵੰਨਗੀਆਂ ਨਾਲ ਲਬਰੇਜ਼ ਵਿਖਿਆਨ ਸੁਣਾਏ ਗਏ ਤੇ ਸਲਾਈਡ ਸ਼ੋ ਵਿਚ ਦਿਖਲਾਏ ਗਏ। ਆਸਟ੍ਰੇਲੀਆ, ਯੂ ਕੇ, ਅਮਰੀਕਾ, ਕੇਨੈਡਾ ਤੇ ਯੋਰਪ ਦੇ ਹੋਰ ਮੁਲਕਾਂ ਦੇ ਵੱਖ ਵੱਖ ਅਦਾਰਿਆਂ ਬਾਰੇ, ਉਹਨਾਂ ਵਲੋਂ ਪੜਾਏ ਜਾਂਦੇ ਕੋਰਸਾਂ ਬਾਰੇ, ਫੀਸ, ਫੰਡ, ਵਰਕ ਆਵਰਸ, ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਦੇ ਸੁਆਲਾਂ ਦੇ ਜੁਆਬ ਬੜੀ ਸਹਿਜਤਾ ਨਾਲ ਪੇਸ਼ ਕੀਤੇ ਗਏ। ਕਿਰਪਾਲ ਸਾਗਰ ਅਕੈਡਮੀ ਦੇ ਫੈਕਲਟੀ ਮੈਂਬਰਾਂ ਨਾਲ ਉਹਨਾਂ ਦੇ ਮੈਨੇਜਮੈਂਟ ਡਿਪਾਰਟਮੇਂਟ ਨੇ ਵਿਦਿਆਰਥੀਆਂ ਦੇ ਆਈਡੀਅਲ ਭਵਿੱਖ ਬਾਰੇ ਗੱਲਬਾਤ ਕੀਤੀ।
ਪ੍ਰਿੰਸੀਪਲ ਗੁਰਜੀਤ ਸਿੰਘ ਨੇ ਆਈ ਡੀ ਪੀ ਅਦਾਰੇ ਦਾ ਧੰਨਵਾਦ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਕੈਰੀਅਰ ਕਾਊਂਸਲਿੰਗ ਪ੍ਰੋਗਰਾਮ ਤਹਿਤ ਸਹੀ ਮਾਰਗ ਦਰਸ਼ਨ ਕਰਨ ਵਿੱਚ ਵਧੀਆ ਭੂਮਿਕਾ ਨਿਭਾਅ ਰਹੇ ਹਨ। ਜ਼ਿੰਦਗੀ ਦੇ ਸਫ਼ਰ ਵਿੱਚ ਹਰ ਪੜਾਅ ਉਤੇ ਪੈਸੇ ਦੀ ਜ਼ਰੂਰਤ ਹੈ। ਪੈਸੇ ਦੀ ਦੁਨੀਆਂ ਬੈਂਕ ਤੋਂ ਸ਼ੁਰੂ ਹੁੰਦੀ ਹੈ। ਕਿਰਪਾਲ ਸਾਗਰ ਅਕੈਡਮੀ ਦੇ ਵਿਦਿਆਰਥੀਆਂ ਨੂੰ ਐਕਸਿਸ ਬੈਂਕ, ਰਾਹੋਂ ਵਿਖੇ ਇੱਕ ਦਿਨ ਦੀ ਯਾਤਰਾ ਕਰਵਾਈ ਗਈ। ਪ੍ਰੋਗਰਾਮ ਕੋਆਰਡੀਨੇਟਰ ਮਿਸਟਰ ਪ੍ਰਦੀਪ ਕੁਮਾਰ, ਮਿਸਟਰ ਨਿਰਮਲ ਸਿੰਘ, ਮਿਸਟਰ ਸੁਲਤਾਨ ਮਹਿਦੀ, ਤੇ ਸੀਨੀਅਰ ਵਿੰਗ ਦੇ ਵਿਦਿਆਰਥੀ ਸ਼ਾਮਿਲ ਸਨ।
ਐਕਸਿਸ ਬੈਂਕ ਦੀ ਟੀਮ ਰਮਨਦੀਪ ਸਿੰਘ , ਬਲਜੀਤ ਸਿੰਘ, ਮੈਡਮ ਕਮਲਪ੍ਰੀਤ ਕੌਰ, ਜਸਕੀਰਤ ਸਿੰਘ,ਉਤਸਵ ਜੈਨ,ਤੇ ਮਿਸਟਰ ਪ੍ਰਦੀਪ ਕੁਮਾਰ ਨੇ ਕਿਰਪਾਲ ਸਾਗਰ ਅਕੈਡਮੀ ਦੇ ਵਿਦਿਆਰਥੀਆਂ ਨੂੰ ਬੈਂਕ ਆਪਣੀਆਂ ਸੇਵਾਵਾਂ ਕਿਵੇਂ ਪ੍ਰਦਾਨ ਕਰਦਾ ਹੈ,ਇਸ ਬਾਰੇ ਜਾਣਕਾਰੀ ਦਿੱਤੀ। ਬੈਂਕ ਦੇ ਟ੍ਰਾਸੈਕਸ਼ਨ ਪ੍ਰਾਸੈਸ, ਬਾਂਡ ਸਿਸਟਮ, ਐਫ ਡੀ ਸਿਸਟਮ, ਤੇ ਕਨਫਰਮੇਸ਼ਨ ਵੇਅ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਦੇ ਸੁਆਲਾਂ ਦੇ ਜੁਆਬ ਸਮੁੱਚੀ ਟੀਮ ਵਲੋਂ ਬੜੀ ਸਹਿਜਤਾ ਨਾਲ ਪੇਸ਼ ਕੀਤੇ ਗਏ। ਮੈਨੇਜਰ ਰਮਨਦੀਪ ਸਿੰਘ ਕਦੇ ਕਿਰਪਾਲ ਸਾਗਰ ਅਕੈਡਮੀ ਦੇ ਵਿਦਿਆਰਥੀ ਰਹੇ ਸਨ ਤੇ ਉਨ੍ਹਾਂ ਦੀ ਸਮੁੱਚੀ ਵਿਦਿਆ ਉਸ ਸਕੂਲ ਤੋਂ ਹੀ ਹੈ, ਇਸ ਨੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ। ਬੈਂਕਿੰਗ ਖੇਤਰ ਵਿੱਚ ਬੱਚਿਆਂ ਨੇ ਬੇਹੱਦ ਦਿਲਚਸਪੀ ਵਿਖਾਈ।
ਪ੍ਰਿੰਸੀਪਲ ਗੁਰਜੀਤ ਸਿੰਘ ਨੇ ਐਕਸਿਸ ਦੀ ਟੀਮ ਮੈਨੇਜਮੈਂਟ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਵਿਦਿਆਰਥੀਆਂ ਨੂੰ ਨਵੇਂ ਆਯਾਮ ਸਿਰਜਦੀ ਜ਼ਿੰਦਗੀ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਹੈ। ਚੇਅਰਮੈਨ ਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਕੈਰੀਅਰ ਕਾਊਂਸਲਿੰਗ ਦੇ ਇਹਨਾਂ ਪ੍ਰੋਗਰਾਮਾਂ ਵਿੱਚ ਹਿੱਸਾ ਬਣਨ ਦੀ ਮੁਬਾਰਕਬਾਦ ਦਿੱਤੀ ਤੇ ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।