ਜਦੋਂ ADC ਨੇ ਮੌਕੇ `ਤੇ ਹੀ ਦਿਵਿਆਂਗ ਵਿਅਕਤੀ ਨੂੰ ਵੀਲ੍ਹ ਚੇਅਰ ਦਿੱਤੀ
ਰੋਹਿਤ ਗੁਪਤਾ
ਗੁਰਦਾਸਪੁਰ, 30 ਜੁਲਾਈ - ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਜਦੋਂ ਅੱਜ ਸਵੇਰੇ ਗੁਰਦਾਸਪੁਰ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਦਾ ਜਾਇਜਾ ਲਿਆ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਪੁਰਾਣੇ ਬੱਸ ਅੱਡੇ ਦੇ ਕੋਲ ਇੱਕ ਦਿਵਿਆਂਗ ਵਿਅਕਤੀ ਜਿਸਦਾ ਨਾਮ ਅਵਤਾਰ ਸਿੰਘ ਪੁੱਤਰ ਹਰਬੰਸ ਸਿੰਘ ਮਿਲੇ ਜੋ ਤੁਰਨ-ਫਿਰਨ ਤੋਂ ਅਸਮਰਥ ਸਨ। ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ ਨੇ ਜਦੋਂ ਰੁਕ ਕੇ ਉਸ ਦਿਵਿਆਂਗ ਵਿਅਕਤੀ ਦਾ ਹਾਲ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਚੱਲ ਫਿਰ ਨਹੀਂ ਸਕਦਾ ਜਿਸ ਕਾਰਨ ਉਸ ਨੂੰ ਮੁਸ਼ਕਲ ਹੁੰਦੀ ਹੈ। ਜਦੋਂ ਡਾ. ਬੇਦੀ ਨੇ ਉਸਨੂੰ ਪੁੱਛਿਆ ਕਿ ਉਸ ਕੋਲ ਵੀਲ੍ਹ ਚੇਅਰ ਨਹੀਂ ਹੈ ਤਾਂ ਉਸ ਨੇ ਨਾਂਹ ਵਿੱਚ ਜੁਆਬ ਦਿੱਤਾ। ਇਸ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਨੇ ਉਸੇ ਸਮੇਂ ਜ਼ਿਲ੍ਹਾ ਰੈੱਡ ਕਰਾਸ ਦੇ ਸਕੱਤਰ ਰਾਜੀਵ ਸਿੰਘ ਨੂੰ ਕਾਲ ਕਰਕੇ ਬੁਲਾਇਆ ਅਤੇ ਮੌਕੇ `ਤੇ ਉਸ ਦਿਵਿਆਂਗ ਵਿਅਕਤੀ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਵੀਲ੍ਹ ਚੇਅਰ ਦੇ ਦਿੱਤੀ।
ਇਹ ਵੀਲ੍ਹ ਚੇਅਰ ਹਾਸਲ ਕਰਕੇ ਅਵਤਾਰ ਸਿੰਘ ਬਹੁਤ ਖੁਸ਼ ਹੋਇਆ ਅਤੇ ਇਸ ਨੇਕੀ ਲਈ ਉਸਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਡਾ. ਬੇਦੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹਮੇਸ਼ਾਂ ਹੀ ਲੋੜਵੰਦਾਂ ਦੀ ਸੇਵਾ ਵਿੱਚ ਹਾਜ਼ਰ ਹੈ।