ਬੰਬੀਹਾ ਗੈਂਗ ਦੇ ਸ਼ੂਟਰ ਗ੍ਰਿਫ਼ਤਾਰ, 4 ਪਿਸਤੌਲ ਤੇ 21 ਰੌਂਦ ਬਰਾਮਦ
ਮਨਜੀਤ ਸਿੰਘ ਢੱਲਾ
ਫ਼ਰੀਦਕੋਟ, 30 ਜੁਲਾਈ - ਫ਼ਰੀਦਕੋਟ ਪੁਲਿਸ ਨੇ ਕਾਊਟਰ ਇੰਟੈਲੀਜੈਂਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੇ ਨਾਲ ਸਾਂਝੀ ਕਾਰਵਾਈ ਦੌਰਾਨ ਬੰਬੀਹਾ ਗਰੋਹ ਦੇ ਸ਼ੂਟਰਾਂ ਸਮੇਤ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਸ਼ੀ ਪਿੰਡ ਬਾਹਮਣਵਾਲਾ ਵਿਖੇ ਹੋਏ ਕਤਲ ਮਾਮਲੇ ਵਿਚ ਸ਼ਾਮਿਲ ਸਨ। ਇਹ ਜਾਣਕਾਰੀ ਦਿੰਦਿਆਂ ਅਸ਼ਵਨੀ ਕਪੂਰ ਡੀ.ਆਈ.ਜੀ ਫ਼ਰੀਦਕੋਟ ਰੇਂਜ ਅਤੇ ਐਸ ਐਸ ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵਿਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਮੁੱਖ ਦੋਸ਼ੀ ਚਿੰਕੀ ਵਾਸੀ ਜੈਤੋ, ਗੁਰਮੀਤ ਸਿੰਘ ਉਰਫ਼ ਗੁੰਬਰ ਰਾਜਪੂਤ ਅਤੇ ਮਨਪ੍ਰੀਤ ਸਿੰਘ ਉਰਫ ਗੱਤਰੀ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਨਾਲ ਸੰਬੰਧਿਤ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਸਲਾ, ਪੈਸੇ ਅਤੇ ਰਿਹਾਇਸ਼ ਮੁਹੱਇਆ ਕਰਵਾਉਣ ਵਾਲੇ 4 ਕਥਿਤ ਦੋਸ਼ੀਆਂ ਸੂਰਜ ਕੁਮਾਰ ਵਾਸੀ ਸਿਰਸਾ, ਹਰਿਆਣਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਜਸਵੰਤ ਸਿੰਘ ਉਰਫ ਮੰਗਲ, ਹਰਮਨਪ੍ਰੀਤ ਸਿੰਘ ਉਰਫ ਹਰਮਨ ਅਤੇ ਬੰਟੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਫ਼ੜੇ ਗਏ ਦੋਸ਼ੀਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।