ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਸਕੱਤਰ ਨੇ ਸਰਕਾਰੀ ਕਾਲਜ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ
- ਹਰ ਇਨਸਾਨ ਸੰਜੀਦਗੀ ਨਾਲ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਵੇ - ਹਰਪ੍ਰੀਤ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ, 17 ਜੁਲਾਈ 2025 - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੇ ਸਕੱਤਰ ਸ੍ਰੀ ਹਰਪ੍ਰੀਤ ਸਿੰਘ ਵੱਲੋਂ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪੌਦਾ ਲਗਾ ਕੇ ਕਾਲਜ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਭੱਲਾ, ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਵੀ ਮੌਜੂਦ ਸਨ।
ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਹੜੇ ਵਿੱਚ ਪੌਦਾ ਲਗਾਉਂਦਿਆਂ ਸ੍ਰੀ ਹਰਪ੍ਰੀਤ ਸਿੰਘ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਨੇ ਕਿਹਾ ਕਿ ਪ੍ਰਦੂਸ਼ਣ ਮੁਕਤ ਤੇ ਸਿਹਤਮੰਦ ਵਾਤਾਵਰਨ ਸਿਰਜਣ ਲਈ ਵੱਧ ਤੋਂ ਵੱਧ ਪੌਦੇ ਲਗਾ ਕੇ ਆਪਣੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾਉਣਾ ਹਰੇਕ ਇਨਸਾਨ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਚੁੱਕਾ ਹੈ ਕਿ ਅਸੀਂ ਸੰਜੀਦਗੀ ਨਾਲ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਈਏ ਅਤੇ ਆਪਣੀ ਧਰਤੀ ਮਾਂ ਤੇ ਵਾਤਾਵਰਣ ਦੀ ਸੰਭਾਲ ਲਈ ਨਿੱਜੀ ਅਤੇ ਸਮੂਹਿਕ ਉਪਰਾਲੇ ਕਰੀਏ। ਉਨ੍ਹਾਂ ਕਿਹਾ ਕਿ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਪਸ਼ੂ, ਪੰਛੀ, ਪਵਨ, ਪਾਣੀ ਤੇ ਧਰਤੀ ਦਾ ਸਤਿਕਾਰ ਅਤੇ ਸੰਭਾਲ ਬੇਹੱਦ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਬਰਸਾਤੀ ਸੀਜ਼ਨ ਦੌਰਾਨ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ।
ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਕਾਨੂੰਨੀ ਜਾਗਰੂਕਤਾ ਸਬੰਧੀ ਕੈਂਪ ਲਗਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਲੋਕ ਅਦਾਲਤਾਂ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ।