DC ਰੂਪਨਗਰ ਨੇ ਪਰਬਤਰੋਹੀ ਤੇਗਬੀਰ ਸਿੰਘ ਦਾ ਕੀਤਾ ਸਨਮਾਨ
ਰੂਪਨਗਰ, 15 ਜੁਲਾਈ 2025: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਛੇ ਸਾਲ ਨੌਂ ਮਹੀਨਿਆਂ ਦੀ ਸਭ ਤੋਂ ਘੱਟ ਉਮਰ ਵਿਚ ਰੂਸ ਵਿਚ ਸਥਿਤ ਯੂਰਪੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬਰਸ 'ਤੇ ਚੜ੍ਹ ਕੇ ਵਿਸ਼ਵ ਰਿਕਾਰਡ ਬਣਾਉਣ ਵਾਲੇ ਪਰਬਤਰੋਹੀ ਤੇਗਬੀਰ ਸਿੰਘ ਨੂੰ ਆਪਣੇ ਦਫ਼ਤਰ ਬੁਲਾ ਕੇ ਵਧਾਈ ਦਿੰਦਿਆ ਸਨਮਾਨਿਤ ਕੀਤਾ ਗਿਆ ਤੇ ਤੇਗਬੀਰ ਸਿੰਘ ਨੂੰ ਭਵਿੱਖ ਵਿੱਚ ਹੋਰ ਵੀ ਜਿਆਦਾ ਮੱਲ੍ਹਾਂ ਮਾਰਨ ਲਈ ਸ਼ੁੱਭਕਾਮਨਵਾਂ ਦਿੱਤੀਆਂ ਗਈਆਂ।
ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਰਬਤਰੋਹੀ ਤੇਗਬੀਰ ਸਿੰਘ 28 ਜੂਨ 2025 ਨੂੰ ਮਾਊਂਟ ਐਲਬਰਸ ਦੀ 18510 ਫੁੱਟ (5642 ਮੀਟਰ) ਉੱਚੀ ਚੋਟੀ ਨੂੰ ਫਤਿਹ ਕਰਕੇ ਰੂਪਨਗਰ ਜ਼ਿਲ੍ਹੇ ਦੇ ਨਾਲ-ਨਾਲ ਪੰਜਾਬ ਅਤੇ ਦੇਸ਼ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਬਤਰੋਹੀ ਤੇਗਬੀਰ ਸਿੰਘ ਰੂਪਨਗਰ ਜ਼ਿਲ੍ਹੇ ਅਤੇ ਦੇਸ਼ ਦੇ ਹੋਰ ਬੱਚਿਆਂ ਦੇ ਲਈ ਵੀ ਪ੍ਰੇਰਨਾਸ੍ਰੋਤ ਹੈ, ਜਿਸਨੇ ਇੰਨੀ ਛੋਟੀ ਉਮਰ ਦੇ ਵਿੱਚ ਵੱਡੀਆਂ ਉਪਲੱਬਧੀਆਂ ਕੀਤੀਆਂ ਹਨ।
ਸ਼੍ਰੀ ਵਰਜੀਤ ਵਾਲੀਆ ਨੇ ਕਿਹਾ ਕਿ ਤੇਗਬੀਰ ਸਿੰਘ ਦੇ ਨਾਲ ਨਾਲ ਉਸਦੇ ਪਿਤਾ ਸ. ਸੁਖਿੰਦਰਦੀਪ ਸਿੰਘ ਅਤੇ ਮਾਤਾ ਡਾ. ਮਨਪ੍ਰੀਤ ਕੌਰ ਵੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਇੰਨੀ ਘੱਟ ਉਮਰ ਵਿੱਚ ਆਪਣਾ ਨਾਮ ਦੁਨੀਆ ਤੇ ਚਮਕਾਉਣ ਦੇ ਲਈ ਉਸਨੂੰ ਵੱਡਾ ਸਹਿਯੋਗ ਦਿੱਤਾ ਹੈ।
ਇਸ ਮੌਕੇ ਰੂਪਨਗਰ ਦੇ ਸ਼ਿਵਾਲਿਕ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ ਰਹੇ ਤੇਗਬੀਰ ਸਿੰਘ ਦੇ ਪ੍ਰਿੰਸੀਪਲ ਬਲਜੀਤ ਸਿੰਘ ਅੱਤਰੀ, ਸਕੂਲ ਅਧਿਆਪਕ ਵਨੀਤ ਵਰਮਾ, ਕਮਲਜੀਤ ਸਿੰਘ, ਰੇਖਾ ਸਿੰਘ ਹਾਜ਼ਰ ਸੀ।