Big News- ਪੁਲਿਸ ਹਿਰਾਸਤ ’ਚ ਮੌਤ: ਅਦਾਲਤ ਨੇ ਦਿੱਤਾ ਥਾਣੇਦਾਰ ਸਣੇ ਪੰਜ ਮੁਲਾਜਮਾਂ ਨੂੰ ਹਾਈ ਵੋਲਟੇਜ਼ ਝਟਕਾ
ਅਸ਼ੋਕ ਵਰਮਾ
ਬਠਿੰਡਾ,15 ਜੁਲਾਈ 2025: ਗੋਨਿਆਣਾ ਇਲਾਕੇ ਦੇ ਪਿੰਡ ਲੱਖੀ ਜੰਗਲ ਨਿਵਾਸੀ ਭਿੰਦਰ ਸਿੰਘ ਦੀ ਪੁਲਿਸ ਹਿਰਾਸਤ ’ਚ ਹੋਈ ਮੌਤ ਦੇ ਮਾਮਲੇ ’ਚ ਜਿਲਾ ਅਦਾਲਤ ਬਠਿੰਡਾ ਨੇ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵਨ ਦੇ ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ ਸਮੇਤ ਪੰਜ ਪੁਲਿਸ ਮੁਲਾਜਮਾਂ ਦੀ ਜਮਾਨਤ ਅਰਜੀ ਖਾਰਜ ਕਰ ਦਿੱਤੀ ਹੈ। ਹਾਲਾਂਕਿ ਇੰਨਾਂ ਪੰਜਾਂ ਕੋਲ ਹਾਈਕੋਰਟ ਕੋਲ ਜਾਣ ਦਾ ਰਾਹ ਅਜੇ ਬਾਕੀ ਹੈ ਫਿਰ ਵੀ ਜਿਲਾ ਅਦਾਲਤ ਦੇ ਇਸ ਫੈਸਲੇ ਨੂੰ ਪੁਲਿਸ ਮੁਲਾਜਮਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਜਿਕਰਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਇੰਨਾਂ ਪੁਲਿਸ ਮੁਲਾਜਮਾਂ ਵੱਲੋਂ ਜੁਡੀਸ਼ੀਅਲ ਜਾਂਚ ਤੇ ਰੋਕ ਲਾਉਣ ਦੀ ਅਪੀਲ ਵੀ ਰੱਦ ਕਰ ਚੁੱਕੀ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਹਾਈਕੋਰਟ ਵੱਲੋਂ ਜੁਡੀਸ਼ੀਅਲ ਜਾਂਚ ਤੇ ਰੋਕ ਲਾਉਣ ਦੀ ਅਰਜੀ ਰੱਦ ਕਰਨ ਕਾਰਨ ਇੰਨਾਂ ਪੁਲਿਸ ਕਰਮਚਾਰੀਆਂ ਨੂੰ ਕੋਈ ਵੱਡੀ ਰਾਹਤ ਮਿਲਣੀ ਮੁਸ਼ਕਿਲ ਹੈ।
ਜਿਲਾ ਅਦਾਲ਼ਤ ਦੇ ਇੰਨਾਂ ਆਦੇਸ਼ਾਂ ਤੋਂ ਬਾਅਦ ਹੁਣ ਇੰਨਾਂ ਪੁਲਿਸ ਮੁਲਾਜਮਾਂ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਜਿਲਾ ਅਦਾਲਤ ਬਠਿੰਡਾ ਨੇ ਮਾਮਲੇ ਦੀ ਸੁਣਵਾਈ ’ਚ ਸ਼ਾਮਲ ਹੋਣ ਲਈ ਪੰਜਾਂ ਪੁਲਿਸ ਮੁਲਾਜਮਾਂ ਨੂੰ ਅੱਜ 15 ਜੁਲਾਈ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ। ਜਿਲਾ ਅਦਾਲਤ ਬਠਿੰਡਾ ਕੋਲ ਇੰਸਪੈਕਟਰ ਨਵਪ੍ਰੀਤ ਸਿੰਘ ਵਾਸੀ ਹਾਊਸਫੈਡ ਕਲੋਨੀ ਡੱਬਵਾਲੀ ਰੋਡ ਬਠਿੰਡਾ, ਹੈਡ ਕਾਂਸਟੇਬਲ ਰਾਜਵਿੰਦਰ ਸਿੰਘ ਵਾਸੀ ਪਿੰਡ ਦਿਉਣ, ਸਿਪਾਹੀ ਹਰਜੀਤ ਸਿੰਘ ਵਾਸੀ ਪਿੰਡ ਭਾਗੀਵਾਂਦਰ, ਗਗਨਪ੍ਰੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਜਸਵਿੰਦਰ ਸਿੰਘ ਮਾਨ ਵਾਸੀ ਮੁਲਤਾਨੀਆ ਰੋਡ ਬਠਿੰਡਾ ਨੇ ਲੰਘੀ 9 ਜੁਲਾਈ ਨੂੰ ਪਟੀਸ਼ਨ ਦਾਇਰ ਕਰਕੇ ਜਮਾਨਤ ਦੀ ਮੰਗ ਕੀਤੀ ਸੀ। ਐਡੀਸ਼ਨਲ ਸੈਸ਼ਨਜ਼ ਜੱਜ ਬਠਿੰਡਾ ਦੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਂ ਪੁਲਿਸ ਮੁਲਾਜਮਾਂ ਦੀ ਅਰਜੀ ਖਾਰਜ ਕਰ ਦਿੱਤੀ ਹੈ। ਜੇਕਰ ਇੰਨਾਂ ਨੂੰ ਅੱਗੋਂ ਕੋਈ ਰਾਹਤ ਨਹੀਂ ਮਿਲਦੀ ਤਾਂ ਇੰਨਾਂ ਪੰਜਾਂ ਨੂੰ ਬਠਿੰਡਾ ਅਦਾਲਤ ਵਿੱਚ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਦੱਸਣਯੋਗ ਹੈ ਕਿ ਹਿਰਾਸਤੀ ਮੌਤ ਨਾਲ ਜੁੜਿਆ ਇਹ ਮਾਮਲਾ ਅਕਤੂਬਰ 2024 ’ਚ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵਨ ਦਾ ਹੈ ਜਿਸ ਦੌਰਾਨ ਭਿੰਦਰ ਸਿੰਘ ਵਾਸੀ ਲੱਖੀ ਜੰਗਲ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਦਰਜ ਐਫਆਈਆਰ ’ਚ ਦਾਅਵਾ ਕੀਤਾ ਗਿਆ ਸੀ ਕਿ ਭਿੰਦਰ ਸਿੰਘ ਨੇ ਝੀਲ ਵਿੱਚ ਛਾਲ ਮਾਰਕੇ ਆਤਮਹੱਤਿਆ ਕੀਤੀ ਹੈ ਜਦੋਂਕਿ ਜੁਡੀਸ਼ੀਅਲ ਜਾਂਚ ਦੌਰਾਨ ਪੁਲਿਸ ਦੀ ਥਿਊਰੀ ਨੂੰ ਨਕਾਰ ਦਿੱਤਾ ਗਿਆ ਸੀ। ਇਸ ਮੌਕੇ ਮਿ੍ਰਤਕ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਏ ਸਨ ਕਿ ਇਹ ਖੁਦਕਸ਼ੀ ਨਹੀਂ ਬਲਕਿ ਪੁਲਿਸ ਹਿਰਾਸਤ ’ਚ ਹੋਇਆ ਕਤਲ ਹੈ। ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਰਿਪੋਰਟ ’ਚ ਸਾਹਮਣੇ ਆਇਆ ਸੀ ਕਿ ਸੀਆਈਏ ਸਟਾਫ ਵਨ ਨੇ ਭਿੰਦਰ ਸਿੰਘ ਨੂੰ ਨਜਾਇਜ ਹਿਰਾਸਤ ’ਚ ਰੱਖਿਆ ਅਤੇ ਪੁੱਛਗਿਛ ਦੌਰਾਨ ਵਾਟਰ ਬੋਡਿੰਗ ਵਰਗੇ ਅਣਮਨੁੱਖੀ ਤਸੀਹੇ ਦਿੱਤੇ ਗਏ ਹਨ। ਜੁਡੀਸ਼ੀਅਲ ਮੈਜਿਸਟਰੇਟ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਹਿਰਾਸਤ ਦੌਰਾਨ ਦਿੱਤੇ ਗਏ ਤਸੀਹਿਆਂ ਕਾਰਨ ਭਿੰਦਰ ਦੀ ਮੌਤ ਹੋਈ ਹੈ।
ਜਾਂਚ ਅਧਿਕਾਰੀ ਨੇ ਰਿਪੋਰਟ ’ਚ ਦੱਸਿਆ ਕਿ ਹਿਰਾਸਤੀ ਮੌਤ ਨੂੰ ਆਤਮਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। ਡਿਜ਼ੀਟਲ, ਫੌਰੈਂਸਿਕ ਅਤੇ ਦਸਤਾਵੇਜੀ ਸਬੂਤਾਂ ਅਤੇ ਇੱਕ ਡਾਕਟਰ ਦੇ ਬਿਆਨ ਤੇ ਸਪਸ਼ਟ ਹੋਇਆ ਕਿ ਪੁਲਿਸ ਦਾ ਦਾਅਵਾ ਝੂਠਾ ਸੀ। ਆਪਣੀ ਰਿਪੋਰਟ ’ਚ ਜਾਂਚ ਅਧਿਕਾਰੀ ਨੇ ਇਹ ਵੀ ਕਿਹਾ ਕਿ ਘਟਨਾ ਤੋਂ ਦੋ ਦਿਨ ਬਾਅਦ ਤੱਕ ਪੋਟਮਾਰਟਮ ਨਹੀ ਕਰਵਾਇਆ ਗਿਆ ਅਤੇ ਨਾਂ ਹੀ ਵੀਡੀਓਗ੍ਰਾਫੀ ਕੀਤੀ ਗਈ ਜੋਕਿ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ। ਰਿਪੋਰਟ ਵਿੱਚ ਪੁਲਿਸ ਵੱਲੋਂ 19 ਅਕਤੂਬਰ 2024 ਨੂੰ ਦਰਜ ਡੀਡੀਆਰ ਵੀ ਸ਼ੱਕੀ ਦੱਸੀ ਗਈ ਜਿਸ ’ਚ ਮਿ੍ਰਤਕ ਦੇ ਪਿਤਾ ਦਰਸ਼ਨ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਉਸ ਦੇ ਲੜਕੇ ਨੇ ਥਰਮਲ ਦੀ ਝੀਲ ਵਿੱਚ ਛਾਲ ਮਾਰੀ ਸੀ। ਇਸ ਤੋਂ ਇੱਕ ਦਿਨ ਪਹਿਲਾਂ ਯਾਨੀ 18 ਅਕਤੂਬਰ ਨੂੰ ਪੀੜਤ ਪ੍ਰੀਵਾਰ ਨੇ ਰੋਸ ਪ੍ਰਦਰਸ਼ਨ ਕਰਕੇ ਕਿਹਾ ਸੀ ਕਿ ਇਹ ਆਤਮਹੱਤਿਆ ਨਹੀਂ ਪੁਲਿਸ ਹਿਰਾਸਤ ਵਿੱਚ ਹੋਇਆ ਕਤਲ ਹੈ।
ਜਾਂਚ ਅਧਿਕਾਰੀ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਕਿਹਾ ਕਿ ਥਾਣਾ ਥਰਮਲ ਦੇ ਤੱਤਕਾਲੀ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਅਤੇ ਡੀਐਸਪੀ ਸਰਬਜੀਤ ਸਿੰਘ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਬਜਾਏ ਪੁਲਿਸ ਮੁਲਾਜਮਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਤੁਰੰਤ ਐਫਆਈਆਰ ਦਰਜ ਨਹੀਂ ਕੀਤੀ। ਰਿਪੋਰਟ ਮੁਤਾਬਕ ਇਹ ਲਾਪਰਵਾਹੀ ਨਿਆਂ ਪ੍ਰਬੰਧਾਂ ’ਚ ਵਿਸ਼ਵਾਸ਼ ਨੂੰ ਕਮਜੋਰ ਕਰਨ ਵਾਲੀ ਹੈ। ਰਿਪੋਰਟ ਮਗਰੋਂ ਇੰਨਾਂ ਪੰਜਾਂ ਪੁਲਿਸ ਕਰਮਚਾਰੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਤੋਂ ਪਿੱਛੋਂ ਇਹ ਲੋਕ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਇੰਨਾਂ ਪੰਜਾਂ ਨੇ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੇ ਅਧਾਰ ਤੇ ਅਦਾਲਤ ਨੇ ਕਾਰਵਾਈ ਤੇ ਰੋਕ ਲਾ ਦਿੱਤੀ ਸੀ। ਕੁੱਝ ਦਿਨ ਪਹਿਲਾਂ ਹਾਈਕੋਰਟ ਨੇ ਇੰਸਪੈਕਟਰ ਨਵਪ੍ਰੀਤ ਸਿੰਘ ਆਦਿ ਦੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਸੀ ਕਿ ਬਠਿੰਡਾ ਅਦਾਲਤ ਦੇ ਆਦੇਸ਼ਾਂ ਵਿੱਚ ਕੋਈ ਬੇਕਾਇਦਗੀ ਨਹੀਂ ਅਤੇ ਇਹ ਕਨੂੰਨ ਦੀ ਕਸੌਟੀ ਤੇ ਖਰੇ ਉੱਤਰਦੇ ਹਨ।
ਆਪਣਿਆਂ ਤੇ ਮਿਹਰਬਾਨ ਪੁਲਿਸ
ਇਸ ਮਾਮਲੇ ’ਚ ਪੁਲਿਸ ਹਮੇਸ਼ਾ ਆਪਣਿਆ ਤੇ ਮਿਹਰਬਾਨ ਰਹੀ ਹੈ। ਇਸ ਦੀ ਮਿਸਾਲ ਗੋਨਿਆਣਾ ਦੇ ਨਰਿੰਦਰਦੀਪ ਦੀ ਸੀਆਈਏ 2 ਪੁਲਿਸ ਦੀ ਹਿਰਾਸਤ ’ਚ ਹੋਈ ਮੌਤ ਹੈ। ਇਸ ਮਾਮਲੇ ’ਚ ਏਐਸਆਈ ਸਮੇਤ 4 ਮੁਲਾਜਮਾਂ ਖਿਲਾਫ ਕਤਲ ਦਾ ਕੇਸ ਦਰਜ ਹੋਇਆ ਲੇਕਿਨ ਅੱਜ ਤੱਕ ਕੋਈ ਗਿ੍ਰਫਤਾਰੀ ਨਹੀਂ ਹੋਈ ਹੈ।