ਧਾਰਮਿਕ ਗ੍ਰੰਥਾਂ ਸਬੰਧੀ ਬਿੱਲ ਦਾ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਸਵਾਗਤ
- ਪਰ ਇਸ ਦੀ ਕੋਈ ਵੀ ਮੱਦ ਨਿੱਜੀ ਕਿੜਾਂ ਵਾਲੀ ਨਾ ਹੋਵੇ
ਅੰਮ੍ਰਿਤਸਰ:- 15 ਜੁਲਾਈ 2025 - ਪੰਜਾਬ ਸਰਕਾਰ ਵੱਲੋਂ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਵੱਖ-ਵੱਖ ਧਰਮਾਂ ਦੇ ਧਾਰਮਿਕ ਗ੍ਰੰਥਾਂ ਖਾਸ ਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਬੰਧੀ ਬੇਅਦਬੀ ਨੂੰ ਲੈ ਕੇ ਪਾਸ ਕੀਤੇ ਗਏ ਬਿੱਲ ਦੀ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸ਼ਲਾਘਾ ਕਰਦਿਆਂ ਸਵਾਗਤ ਕੀਤਾ ਹੈ।
ਉਨ੍ਹਾਂ ਕਿਹਾ ਆਏ ਦਿਨ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ, ਧਾਰਮਿਕ ਪੋਥੀਆਂ, ਗੁਰਬਾਣੀ ਗੁਟਕਿਆਂ ਨਾਲ ਛੇੜਛਾੜ ਜਾਂ ਬੇਅਦਬੀ ਵਰਗੀਆਂ ਹੋ ਰਹੀਆਂ ਘਟਨਾਵਾਂ ਨੂੰ ਇਹ ਬਿਲ ਐਕਟ ਦੇ ਰੂਪ ‘ਚ ਲਾਗੂ ਹੋਣ ਉਪਰੰਤ ਇਨ੍ਹਾਂ ਦੁਖਦ ਘਟਨਾਵਾਂ ਨੂੰ ਠੱਲ ਪਵੇਗੀ ਅਤੇ ਫਿਰਕਾ ਪ੍ਰਸਤੀ ਨੂੰ ਰੋਕ ਲੱਗੇਗੀ। ਵੱਖ-ਵੱਖ ਧਰਮਾਂ ਦੇ ਪਵਿੱਤਰ ਗ੍ਰੰਥ ਇਸ ਘੇਰੇ ਵਿੱਚ ਆਉਂਦੇ ਹਨ ਸ੍ਰੀਮਦ ਭਗਵਤ ਗੀਤਾ, ਕੁਰਾਨ ਸਰੀਫ ਅਤੇ ਬਾਈਬਲ ਅਜਿਹੇ ਗ੍ਰੰਥ ਹਨ। ਪਰ ਉਨ੍ਹਾਂ ਕਿਹਾ ਇਸ ਐਕਟ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਕਿਤੇ ਨਿਜੀ ਕਿੜਾਂ ਕੱਢਣ ਦਾ ਰਾਹ ਨਾ ਦਿੰਦਾ ਹੋਵੇ। ਜੇ ਬਿਲ ਬਨਾਉਣ ਵਾਲਿਆਂ ਦੀ ਸੁਹਿਰਦਤਾ ਤੇ ਮਨਸ਼ਾ ਦਰੁਸਤ ਹੈ ਤਾਂ ਇਸ ਦੇ ਸਿੱਟੇ ਚੰਗੇ ਆਉਣਗੇ। ਉਨ੍ਹਾਂ ਕਿਹਾ ਭਾਵੇਂ ਦੇਰ ਨਾਲ ਹੈ ਪੰਜਾਬ ਸਰਕਾਰ ਵੱਲੋਂ ਸਹੀ ਫੈਸਲਾ ਲਿਆ ਗਿਆ ਹੈ।