DC ਬਠਿੰਡਾ ਵੱਲੋਂ ਮੱਛੀ ਪਾਲਣ ਧੰਦੇ ਨੂੰ ਪ੍ਰਫੁੱਲਿਤ ਕਰਨ ਤੇ ਮੱਛੀ ਪਾਲਕਾਂ ਨੂੰ ਮੱਦਦ ਦੀ ਵਚਨਬੱਧਤਾ ਪ੍ਰਗਟ
ਅਸ਼ੋਕ ਵਰਮਾ
ਬਠਿੰਡਾ, 15 ਜੁਲਾਈ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਮੱਛੀ ਪਾਲਣ ਦੇ ਧੰਦੇ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਮੱਛੀ ਪਾਲਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਵੱਧ ਤੇ ਯਤਨਸ਼ੀਲ ਹੈ। ਇਸੇ ਲੜ੍ਹੀ ਦੇ ਤਹਿਤ ਸੂਬਾ ਸਰਕਾਰ ਵਲੋਂ ਜ਼ਿਲ੍ਹੇ ਦੇ ਮੱਛੀ ਪਾਲਕ ਕਿਸਾਨਾਂ ਨੂੰ ਸਾਲ 2024-25 ਦੌਰਾਨ 3,17,900 ਰੁਪਏ ਦੀ ਸਬਿਸਡੀ ਮੁਹੱਈਆ ਕਰਵਾਈ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਮੱਛੀ ਪਾਲਣ ਦੇ ਖੇਤਰ ਵਿੱਚ ਲਗਾਤਾਰ ਪ੍ਰਗਤੀ ਕਰ ਰਿਹਾ ਹੈ। ਜ਼ਿਲ੍ਹੇ ਵਿੱਚ ਲਗਭਗ 3300 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ। ਇਸ ਰਕਬੇ ਵਿੱਚੋਂ ਲਗਭਗ 13000 ਟਨ ਮੱਛੀ ਦੀ ਪੈਦਾਵਾਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਮੱਛੀ ਪੂੰਗ ਫਾਰਮ ਰਾਏਕੇ ਕਲਾ ਵਿਖੇ ਰੋਹੂ, ਮੁਰਾਖ, ਕਤਲਾ ਮੱਛੀ ਦਾ ਪੂੰਗ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਦੇ ਨਾਲ-ਨਾਲ ਮੱਛੀ ਪਾਲਣ ਦੇ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਅਤੇ ਵਿਭਾਗ ਨਾਲ ਜੁੜ ਕੇ ਕਿਸਾਨਾਂ ਦੀ ਭਲਾਈ ਲਈ ਚਲਾਈਆ ਜਾ ਰਹੀਆ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਦਾ ਲਾਭ ਉਠਾਉਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਮੱਛੀ ਪਾਲਣ ਅਫਸਰ ਸ੍ਰੀਮਤੀ ਦੀਪਨਜੋਤ ਕੌਰ ਨੇ ਦੱਸਿਆ ਕਿ ਮੱਛੀ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਪੀ.ਐਮ.ਐਮ.ਐਸ.ਬਾਈ. ਸਕੀਮ ਅਧੀਨ ਨਵੇਂ ਮੱਛੀ ਤਲਾਬ ਦੀ ਪੁਟਾਈ ਪਹਿਲੇ ਸਾਲ ਦੀ ਖਾਦ ਖੁਰਾਕ ਅਤੇ ਮੱਛੀ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਮੋਟਰ ਸਾਈਕਲ, ਐਕਟੀਵਾ, ਆਟੋ ਯੂਨਿਟ ਆਦਿ ਤੋਂ ਇਲਾਵਾ ਜਨਰਲ ਵਰਗ ਨੂੰ ਯੂਨਿਟ ਕੋਸਟ ਦਾ 40 ਫੀਸਦੀ ਅਤੇ ਐਸ.ਸੀ/ਐਸ.ਟੀ/ਔਰਤਾਂ ਨੂੰ 60 ਫੀਸਦੀ ਮੁਹੱਈਆ ਕਰਵਾਈ ਜਾ ਰਹੀ ਹੈ।