ਮੈਰਾਥਨ ਦੌੜਾਕ ਫੌਜਾ ਸਿੰਘ ਦੀ ਮੌਤ ਤੇ ਬਾਬਾ ਬਲਬੀਰ ਸਿੰਘ ਨੇ ਗਹਿਰਾ ਦੁੱਖ ਪ੍ਰਗਟਾਇਆ
- ਸ. ਫੌਜਾ ਸਿੰਘ ਦੀ ਮੌਤ ਨਾ ਪੂਰਿਆ ਜਾਣ ਵਾਲਾ ਘਾਟਾ
ਅੰਮ੍ਰਿਤਸਰ:- 15 ਜੁਲਾਈ 2025 - ਸਿੱਖ ਦੌੜਾਕ ਫੌਜਾ ਸਿੰਘ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਤੇ ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਫੌਜਾ ਸਿੰਘ ਨੇ ਆਪਣਾ ਨਾਮ ਵਿਸ਼ਵ ਰਿਕਾਰਡ ‘ਚ ਦਰਜ ਕਰਾ ਕੇ ਸਿੱਖ ਕੌਮ ਦਾ ਮਾਣ ਉਚਾ ਕੀਤਾ। ਉਨ੍ਹਾਂ ਕਿਹਾ ਇਸ ਦਸਤਾਰਧਾਰੀ ਸਿੱਖ ਨੇ ਸੰਸਾਰ ਵਿੱਚ ਵੱਖ-ਵੱਖ ਸਮੇਂ ਦੌੜਾਂ ਵਿੱਚ ਸ਼ਾਮਲ ਹੋ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਸਿੱਖ ਦੀ ਦਸਤਾਰ ਦੇ ਮਾਣ ਨੂੰ ਪ੍ਰਚਾਰਨ ਵਿੱਚ ਵੱਡੀ ਤੇ ਸ਼ਾਨਦਾਰ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ।
ਮੈਰਾਥਨ ਦੌੜਾਂ ਵਿੱਚ ਇਸ ਸਿੱਖ ਖਿਡਾਰੀ ਸ. ਫੌਜਾ ਸਿੰਘ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਸ. ਫੌਜਾ ਸਿੰਘ ਨੇ ਆਪਣੇ ਦੇਸ, ਸੂਬੇ, ਖਾਸ ਕਰ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਸ. ਮਿਲਖਾ ਸਿੰਘ ਤੇਜ਼ ਤਰਾਰ ਦੌੜਾਕ ਸੀ ਤੇ ਉਸ ਨੂੰ ਉਡਣਾ ਸਿੱਖ ਕਿਹਾ ਜਾਂਦਾ ਸੀ ਸ. ਫੌਜਾ ਸਿੰਘ ਨੇ ਲੰਮੀ ਦੌੜ ਵਿੱਚ ਰੀਕਾਰਡ ਤੋੜ ਜਿੱਤਾਂ ਪ੍ਰਾਪਤ ਕਰਕੇ ਵਡੇਰੀ ਉਮਰ ਵਿੱਚ ਵੀ ਆਪਣਾ ਸਿੱਕਾ ਅਜਮਾਈ ਰੱਖਿਆ ਹੈ। ਸੰਸਾਰ ਤੇ ਆਉਣਾ ਜਾਣਾ ਤਾਂ ਅਕਾਲ ਪੁਰਖ ਦੇ ਹੱਥ ਹੈ ਪਰ ਦੁਨੀਆਂ ‘ਚ ਆ ਕੇ ਤੁਹਾਡਾ ਕਾਰਜ ਕੀ ਹੈ ਉਸ ਨੂੰ ਪਛਾਨਣ ਦੀ ਲੋੜ ਹੁੰਦੀ ਹੈ। ਉਨ੍ਹਾਂ ਦੀ 114 ਸਾਲ ਦੀ ਆਯੂ ਉਨ੍ਹਾਂ ਦੀ ਚੰਗੀ ਸੇਹਤ ਦਾ ਹੀ ਉਤਰਫਲ ਸੀ।