ਜ਼ਿੰਮੇਵਾਰੀਆ: ਤੁਹਾਡੇ ਜਿੱਤਣ ਲਈ
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਲਾਨਾ ਇਜਲਾਸ ’ਚ ਸ. ਅਵਤਾਰ ਸਿੰਘ ਤਾਰੀ ਪ੍ਰਧਾਨ ਨਿਯੁਕਤ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 13 ਜੁਲਾਈ 2025-‘ਨਿਊਜ਼ੀਲੈਂਡ ਕਬੱਡੀ ਫੈਡਰਸ਼ੇਨ ਇਨਕਾਰਪੋਰੇਟਿਡ’ ਦੀ ਸਥਾਪਨਾ 2018 ਦੇ ਵਿਚ ਕੀਤੀ ਗਈ ਸੀ। ਇਸਦਾ ਮੁੱਖ ਉਦੇਸ਼ ਇਥੇ ਦੇ ਖੇਡ ਕਲੱਬਾਂ ਦੇ ਕਬੱਡੀ ਟੂਰਨਾਮੈਂਟ ਦੌਰਾਨ ਨਿਯਮਾਂ ਦੀ ਪਾਲਣਾ ਬਣਾਈ ਰੱਖਣਾ ਹੈ। ਅੱਜ ਇਸ ਫੈਡਰੇਸ਼ਨ ਦਾ ਸਲਾਨਾ ਇਜਲਾਸ ਹੋਇਆ, ਜਿਸ ਦੇ ਵਿਚ ਸਾਰੇ ਸਹਿਯੋਗੀ ਖੇਡ ਕਲੱਬਾਂ ਦੇ ਪ੍ਰਤੀਨਿਧਾਂ ਨੇ ਸ਼ਿਰਕਤ ਕੀਤੀ। ਮੌਜੂਦਾ ਕਮੇਟੀ ਵੱਲੋਂ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ, ਜਿਸ ਉਤੇ ਸਹਿਮਤੀ ਪ੍ਰਗਟ ਕੀਤੀ ਗਈ। ਇਸ ਉਪਰੰਤ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਦੇ ਨਾਲ ਕਰ ਲਈ ਗਈ। ਜਿਸ ਦੇ ਵਿਚ ਸ. ਅਵਤਾਰ ਸਿੰਘ ਤਾਰੀ ਟੌਰੰਗਾ ਵਾਲਿਆਂ ਨੂੰ ਪ੍ਰਧਾਨ, ਮੀਤ ਪ੍ਰਧਾਨ ਬਿੱਲਾ ਦੁਸਾਂਝ, ਸਕੱਤਰ ਸ. ਤੀਰਥ ਸਿੰਘ ਅਟਵਾਲ, ਸਹਾਇਕ ਸਕੱਤਰ ਸ. ਆਲਮਦੀਪ ਸਿੰਘ ਅਤੇ ਖਜ਼ਾਨਚੀ ਸ. ਮਨਦੀਪ ਸਿੰਘ ਸ਼ੇਰਗਿਲ ਨੂੰ ਚੁਣਿਆ ਗਿਆ।
ਫੈਡਰੇਸ਼ਨ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸ. ਜਗਦੇਵ ਸਿੰਘ ਜੱਗੀ ਪੰਨੂ ਨੂੰ ਦਿੱਤੀ ਗਈ। ਕਾਰਜਕਾਰਣੀ ਦੇ ਵਿਚ ਹੈਰੀ ਰਾਣਾ ਤੇ ਜਸਵਿੰਦਰ ਸੰਧੂ (ਦੋਵੇਂ ਸਪੋਰਕਸ ਪਰਸਨ), ਆਲਮਦੀਪ ਸਿੰਘ, ਪਿ੍ਰਤਪਾਲ ਸਿੰਘ ਗਰੇਵਾਲ, ਵਰਿੰਦਰ ਸਿੱਧੂ, ਲਖਵਿੰਦਰ ਸਿੰਘ, ਤਲਵਿੰਦਰ ਸੋਹਲ, ਕੁਲਦੀਪ ਸਿੰਘ, ਗੁਰਨੇਕ ਸਿੰਘ ਤੇ ਜਸਵੀਰ ਸਿੰਘ ਸ਼ਾਮਿਲ ਕੀਤੇ ਗਏ ਹਨ। ਟੂਰਨਾਮੈਂਟ ਦੌਰਾਨ ਤਕਨੀਕੀ ਸਲਾਹਕਾਰ ਲੱਖਾ ਵਡਾਲਾ, ਬਿੱਲਾ ਦੁਸਾਂਝ, ਤਲਵਿੰਦਰ ਸੋਹਲ ਅਤੇ ਆਲਮਦੀਪ ਸਿੰਘ ਰਹਿਣਗੇ।
ਵਧਾਈ: ਸਮੂਹ ਖੇਡ ਕਲੱਬਾਂ ਵੱਲੋਂ ਕੱਬਡੀ ਫੈਡਰੇਸ਼ਨ ਦੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਆਉਣ ਵਾਲੇ ਖੇਡ ਟੂਰਨਾਮੈਂਟਾਂ ਜੋ ਕਿ 19 ਅਕਤੂਬਰ ਤੋਂ 30 ਨਵੰਬਰ ਤੱਕ ਹੋਣ ਵਾਲੇ ਹਨ, ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਵਾਅਦਾ ਕੀਤਾ ਗਿਆ।
ਪ੍ਰਾਪਤੀਆਂ: ਵਰਨਣਯੋਗ ਹੈ ਕਿ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਹਰ ਸਾਲ ਕਬੱਡੀ ਸੀਜਨ ਦੌਰਾਨ 8 ਤੋਂ 10 ਵੱਡੇ ਖੇਡ ਟੂਰਨਾਮੈਂਟ ਕਰਵਾਏ ਜਾਂਦੇ ਹਨ। 8 ਵਾਰ ਫੈਡਰੇਸ਼ਨ ਨਾਲ ਸਬੰਧਿਤ ਟੀਮਾਂ ਆਸਟਰੇਲੀਆ ਵੀ ਜਾ ਚੁੱਕੀਆਂ ਹਨ ਅਤੇ ਅਪ੍ਰੈਲ 2025 ਦੇ ਵਿਚ ਪਰਥ (ਆਸਟਰੇਲੀਆ) ਤੋਂ ਵਿਸ਼ਵ ਕੱਪ ਵੀ ਜਿੱਤ ਕੇ ਲਿਆਂਦਾ ਗਿਆ ਸੀ।