ਕਾਸੋ ਆਪ੍ਰੇਸ਼ਨ: ਦੋ ਗ੍ਰਿਫਤਾਰੀਆਂ ਸਮੇਤ ਹੈਰੋਇਨ ਅਤੇ ਨਸ਼ੇ ਦੀ ਵਰਤੋਂ ਕਰਨ ਵਾਲਾ ਹੋਰ ਸਮਾਨ ਬਰਾਮਦ
- ਵਾਹਨਾਂ ਦੀ ਜਾਂਚ ਦੌਰਾਨ 5 ਵਾਹਨਾਂ ਦੇ ਕੀਤੇ ਚਲਾਨ
ਜਲੰਧਰ, 13 ਜੁਲਾਈ 2025 - ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅੱਜ ਸੈਂਟ੍ਰਲ ਅਤੇ ਮਾਡਲ ਟਾਊਨ ਦੇ ਖੇਤਰਾਂ ਵਿੱਚ ਟਾਰਗੇਟਿਡ ਕਾਸੋ ਆਪ੍ਰੇਸ਼ਨ ਚਲਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਕਾਜੀ ਮੰਡੀ ਅਤੇ ਗੜ੍ਹਾ ਇਲਾਕਿਆਂ ਵਿੱਚ ਕੀਤੇ ਗਏ ਟਾਰਗੇਟਿਡ ਆਪਰੇਸ਼ਨ ਲਈ ਕੁੱਲ 77 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ। ਵੱਖ-ਵੱਖ ਪ੍ਰਮੁੱਖ ਸਥਾਨਾਂ 'ਤੇ ਨਾਕੇ ਲਗਾ ਕੇ ਸਖਤ ਜਾਂਚ ਅਤੇ ਚੌਕਸੀ ਵਰਤੀ ਗਈ।
ਇਹ ਆਪਰੇਸ਼ਨ ਅਮਨਦੀਪ ਸਿੰਘ, ਏ.ਸੀ.ਪੀ ਸੈਂਟ੍ਰਲ ਅਤੇ ਰੂਪਦੀਪ ਕੌਰ, ਏ.ਸੀ.ਪੀ ਮਾਡਲ ਟਾਊਨ ਦੀ ਅਗਵਾਈ ਹੇਠ ਕੀਤੇ ਗਏ, ਜਿਨ੍ਹਾਂ ਨੂੰ ਸੰਬੰਧਤ ਐਸ.ਐਚ.ਓਜ਼ ਅਤੇ ਉਨ੍ਹਾਂ ਦੀ ਟੀਮ ਨੇ ਪੂਰਾ ਸਹਿਯੋਗ ਦਿੱਤਾ।
ਆਪਰੇਸ਼ਨ ਦੌਰਾਨ ਰਿਹਾਇਸ਼ੀ ਅਤੇ ਵਪਾਰਿਕ ਇਲਾਕਿਆਂ ਵਿੱਚ ਵਿਸਥਾਰਪੂਰਵਕ ਤਲਾਸ਼ੀਆਂ ਲਈ ਗਈਆਂ, ਤਾਂ ਜੋ ਕਾਨੂੰਨੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤਿਵਿਧੀ ਨੂੰ ਬੇਨਕਾਬ ਕੀਤਾ ਜਾ ਸਕੇ।
ਆਪਰੇਸ਼ਨ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਦੋ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਅਤੇ 10 ਗ੍ਰਾਮ ਹੈਰੋਇਨ, ਸਿਲਵਰ ਪੇਪਰ ਵਾਲੀ ਫੋਇਲ, ਲਾਈਟਰ ਅਤੇ 10 ਰੁਪਏ ਦੇ ਨੋਟ ਬਰਾਮਦ ਹੋਏ, ਜੋ ਨਸ਼ਿਆਂ ਨਾਲ ਸੰਬੰਧਿਤ ਗਤੀਵਿਧੀਆਂ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, 28 ਵਾਹਨਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚੋਂ 5 ਵਾਹਨਾਂ 'ਤੇ ਵੱਖ-ਵੱਖ ਉਲੰਘਣਾਂ ਲਈ ਚਲਾਨ ਜਾਰੀ ਕੀਤੇ ਗਏ।
ਪੁਲਿਸ ਕਮਿਸ਼ਨਰ ਨੇ ਜ਼ੋਰ ਦਿੰਦਿਆ ਕਿਹਾ ਕਿ "ਯੁੱਧ ਨਸ਼ਿਆਂ ਵਿਰੁੱਧ" ਅਭਿਆਨ ਤਹਿਤ ਇਸ ਤਰ੍ਹਾਂ ਦੇ ਆਪਰੇਸ਼ਨ ਨਿਯਮਤ ਤੌਰ 'ਤੇ ਕੀਤੇ ਜਾਂਦੇ ਰਹਿਣਗੇ, ਤਾਂ ਜੋ ਨਸ਼ਾਮੁਕਤ ਸਮਾਜ ਦੀ ਸਥਾਪਨਾ ਕੀਤੀ ਜਾ ਸਕੇ।