ਅਹਿਮਦਾਬਾਦ ਜਹਾਜ਼ ਹਾਦਸਾ: ਕਰੈਸ਼ ਹੋਣ ਬਾਰੇ ਇੱਕ ਹੋਰ ਵੱਡਾ ਖੁਲਾਸਾ
ਨਵੀਂ ਦਿੱਲੀ, 12 ਜੁਲਾਈ 2025 : ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ ਦੀ ਜਾਂਚ ਵਿੱਚ ਇੱਕ ਹੋਰ ਵੱਡਾ ਖੁਲਾਸਾ ਸਾਹਮਣੇ ਆਇਆ ਹੈ, ਦੋਵੇਂ ਇੰਜਣਾਂ ਦੀ ਬਾਲਣ ਸਪਲਾਈ ਅਚਾਨਕ ਕੱਟ ਗਈ, ਜਿਸ ਕਾਰਨ ਜਹਾਜ਼ ਨੇ ਟੇਕਆਫ਼ ਤੋਂ ਕੁਝ ਸਕਿੰਟਾਂ ਬਾਅਦ ਹੀ ਥ੍ਰਸਟ ਗੁਆ ਦਿੱਤਾ ਅਤੇ ਕਰੈਸ਼ ਹੋ ਗਿਆ।
AAIB ਦੀ ਮੁੱਢਲੀ ਜਾਂਚ ਰਿਪੋਰਟ ਮੁਤਾਬਕ, ਜਹਾਜ਼ ਦੇ ਫਿਊਲ ਕੱਟਆਫ਼ ਸਵਿੱਚ "RUN" ਤੋਂ "CUTOFF" ਸਥਿਤੀ ਵਿੱਚ ਇੱਕ-ਇੱਕ ਸਕਿੰਟ ਦੇ ਅੰਤਰ ਨਾਲ ਚਲੇ ਗਏ। ਇਸ ਨਾਲ ਦੋਵੇਂ ਇੰਜਣਾਂ ਨੂੰ ਬਾਲਣ ਦੀ ਸਪਲਾਈ ਰੁਕ ਗਈ ਅਤੇ ਉਡਾਣ ਲਈ ਲੋੜੀਂਦੀ ਤਾਕਤ ਖਤਮ ਹੋ ਗਈ। ਕਾਕਪਿਟ ਵੌਇਸ ਰਿਕਾਰਡਿੰਗ ਵਿੱਚ ਇੱਕ ਪਾਇਲਟ ਦੂਜੇ ਨੂੰ ਪੁੱਛਦਾ ਸੁਣਿਆ ਗਿਆ:
"ਤੁਸੀਂ ਕੱਟ ਆਫ਼ ਕਿਉਂ ਕੀਤਾ?"
ਜਿਸ 'ਤੇ ਦੂਜਾ ਪਾਇਲਟ ਜਵਾਬ ਦਿੰਦਾ:
"ਮੈਂ ਨਹੀਂ ਕੀਤਾ..."
ਇਹ ਦਰਸਾਉਂਦਾ ਹੈ ਕਿ ਦੋਵੇਂ ਪਾਇਲਟ ਇਸ ਅਚਾਨਕ ਤਬਦੀਲੀ ਤੋਂ ਹੈਰਾਨ ਸਨ।
ਇੰਜਣਾਂ ਦੇ ਫਿਊਲ ਕੱਟਆਫ਼ ਸਵਿੱਚ ਆਮ ਤੌਰ 'ਤੇ ਕਾਕਪਿਟ ਵਿੱਚ ਇੰਝ ਡਿਜ਼ਾਈਨ ਕੀਤੇ ਜਾਂਦੇ ਹਨ ਕਿ ਉਹਨਾਂ ਨੂੰ ਗਲਤੀ ਨਾਲ ਹਿਲਾਇਆ ਨਾ ਜਾ ਸਕੇ। ਅੰਤਰਰਾਸ਼ਟਰੀ ਮਾਹਿਰਾਂ ਅਤੇ ਰਿਪੋਰਟਾਂ ਮੁਤਾਬਕ, ਇਹ ਸਵਿੱਚ ਆਪਣੇ ਆਪ ਜਾਂ ਆਸਾਨੀ ਨਾਲ ਨਹੀਂ ਹਿਲ ਸਕਦੇ; ਇਨ੍ਹਾਂ ਨੂੰ ਉਠਾ ਕੇ, ਫਿਰ ਮੂਵ ਕਰਨਾ ਪੈਂਦਾ ਹੈ। ਇਸ ਕਰਕੇ, ਜਾਂਚ ਹੁਣ ਇਸ ਗੱਲ 'ਤੇ ਕੇਂਦ੍ਰਿਤ ਹੈ ਕਿ ਕੀ ਇਹ ਮਨੁੱਖੀ ਗਲਤੀ, ਤਕਨੀਕੀ ਨੁਕਸ, ਜਾਂ ਹੋਰ ਕੋਈ ਕਾਰਨ ਸੀ।
ਜਹਾਜ਼ ਅਤੇ ਚਾਲਕ ਦਲ ਫਿੱਟ ਅਤੇ ਤਜਰਬੇਕਾਰ ਸਨ। ਕੋਈ ਬਾਲਣ ਦੀ ਗੁਣਵੱਤਾ ਜਾਂ ਪੰਛੀਆਂ ਦੀ ਟਕਰ ਹਾਦਸੇ ਦਾ ਕਾਰਨ ਨਹੀਂ ਸੀ। ਇੰਜਣਾਂ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਚਾਈ ਅਤੇ ਸਮਾਂ ਘੱਟ ਹੋਣ ਕਾਰਨ ਜਹਾਜ਼ ਬਚਾਇਆ ਨਾ ਜਾ ਸਕਿਆ।
ਹਾਦਸੇ ਵਿੱਚ 241 ਯਾਤਰੀ, 12 ਚਾਲਕ ਦਲ ਮੈਂਬਰ ਅਤੇ ਜ਼ਮੀਨ 'ਤੇ 19 ਲੋਕਾਂ ਦੀ ਮੌਤ ਹੋਈ। ਕੇਵਲ ਇੱਕ ਯਾਤਰੀ ਬਚਿਆ।