ਨਵਾਂਸ਼ਹਿਰ ਜ਼ਿਲ੍ਹੇ ’ਚ ਬਣਨਗੇ 25 ਆਂਗਣਵਾੜੀ ਸੈਂਟਰ, 9 ਸੈਂਟਰਾਂ ਦਾ ਨਿਰਮਾਣ ਕਾਰਜ ਮੁਕੰਮਲ
- ਵਧੀਕ ਡਿਪਟੀ ਕਮਿਸ਼ਨਰ ਨੇ ਰੱਕੜਾਂ ਬੇਟ ਵਿਖੇ ਲਿਆ ਨਿਰਮਾਣ ਕਾਰਜ ਦਾ ਜਾਇਜ਼ਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 2 ਜੁਲਾਈ 2025 - ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ 25 ਆਂਗਣਵਾੜੀ ਸੈਂਟਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ 9 ਸੈਂਟਰਾਂ ਦਾ ਨਿਰਮਾਣ ਕਾਰਜ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਸੈਂਟਰ ਵੀ ਜਲਦ ਕਾਰਜਸ਼ੀਲ ਹੋ ਜਾਣਗੇ।
ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੀਆਂ ਹਦਾਇਤਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ ਨੇ ਬਲਾਕ ਬਲਾਚੌਰ ਅਧੀਨ ਗਰਾਮ ਪੰਚਾਇਤ ਰੱਕੜਾਂ ਬੇਟ ਵਿਖੇ ਆਂਗਣਵਾੜੀ ਸੈਂਟਰ ਦੇ ਨਿਰਮਾਣ ਕਾਰਜ ਦਾ ਨਿਰੀਖਣ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਸਾਰੀ ਤੈਅ ਸਮੇਂ ਵਿੱਚ ਮੁਕੰਮਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਬਣ ਰਹੇ 25 ਸੈਂਟਰਾਂ ’ਤੇ ਕਰੀਬ 2.50 ਕਰੋੜ ਰੁਪਏ ਦੀ ਲਾਗਤ ਆਵੇਗੀ ਜਿਨ੍ਹਾਂ ਵਿੱਚੋਂ ਪ੍ਰਤੀ ਸੈਂਟਰ 2 ਲੱਖ ਰੁਪਏ ਆਈ.ਸੀ.ਡੀ.ਐਸ. ਸਕੀਮ ਤਹਿਤ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਕੰਮਲ ਹੋ ਚੁੱਕੇ 9 ਸੈਂਟਰ ਜਲਦ ਹੀ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਦੇ ਨਿਰਮਾਣ ਨਾਲ 25 ਥਾਵਾਂ ’ਤੇ ਕਈ ਪਿੰਡਾਂ ਵਿੱਚ ਆਂਗਣਵਾੜੀ ਦੀ ਸਹੂਲਤ ਦਾ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੈਂਟਰਾਂ ਵਿੱਚ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਜੱਚਾ-ਬੱਚਾ ਭਲਾਈ ਉਪਰਾਲਿਆਂ ਨੂੰ ਹਰ ਲਾਭਪਾਤਰੀ ਤੱਕ ਪੁੱਜਦਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਬੱਚਿਆਂ ਨੂੰ ਸੁਰੱਖਿਅਤ ਤੇ ਸੁਖਾਵਾਂ ਮਾਹੌਲ ਪ੍ਰਦਾਨ ਕਰਨ ਲਈ ਇਨ੍ਹਾਂ ਸੈਂਟਰਾਂ ਵਿੱਚ ਆਰਾਮਦਾਇਕ ਫਰਨੀਚਰ, ਸਾਫ-ਸੁਥਰੇ ਪਖਾਨੇ, ਖਿਡੌਣੇ ਰਾਹੀਂ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।