ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਦਲਬੀਰ ਕੁਮਾਰ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ 2 ਜੁਲਾਈ 2025 : ਪੰਜਾਬ ਸਰਕਾਰ ਵੱਲੋਂ ਖੇਤੀ ਵਿੱਚ ਵਿਭਿੰਨਤਾ ਲਿਆਉਣ ਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਡੇਅਰੀ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਡੇਅਰੀ ਉਦਮ ਸਿਖਲਾਈ ਕੋਰਸ ਦਾ 6ਵਾਂ ਬੈਚ 14 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੀ ਕਾਊਂਸਲਿੰਗ 09 ਜੁਲਾਈ ਨੂੰ ਦਫ਼ਤਰ ਡੇਅਰੀ ਸਿਖਲਾਈ ਕੇਂਦਰ ਬੀਜਾ ਤੇ ਚਤਾਮਲੀ ਵਿਖੇ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਿਖਿਆਰਥੀ ਡੇਅਰੀ ਸਿਖਲਾਈ ਕੇਂਦਰ ਬੀਜਾ ਅਤੇ ਚਤਾਮਲੀ ਵਿਖੇ ਟ੍ਰੇਨਿੰਗ ਕਰ ਸਕਦੇ ਹਨ
ਸ਼੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿਚ ਭਾਗ ਲੈਣ ਵਾਲਾ ਸਿਖਿਆਰਥੀ ਪੇਂਡੂ ਖੇਤਰ ਦਾ ਵਸਨੀਕ ਹੋਣਾ ਚਾਹੀਦਾ ਹੈ, ਉਮੀਦਵਾਰ ਘੱਟੋ ਘੱਟ ਦਸਵੀਂ ਪਾਸ ਅਤੇ ਉਸ ਦੀ ਉਮਰ 18-55 ਸਾਲ ਤੱਕ ਹੋਣੀ ਚਾਹੀਦੀ ਹੈ। ਉਮੀਦਵਾਰ ਕੋਲ 05 ਦੁਧਾਰੂ ਪਸ਼ੂ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਸਿਖਿਆਰਥੀ ਆਪਣੇ ਦਸਤਾਵੇਜ ਜਿਵੇ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ 01 ਪਾਸਪੋਰਟ ਸਾਈਜ ਫੋਟੋ ਲੈ ਕੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਸੰਪਰਕ ਕਰ ਸਕਦੇ ਹਨ
ਉਨ੍ਹਾਂ ਹੋਰ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਦ ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਚੇ ਸੁਚੱਜੇ ਮੰਡੀਕਰਨ ਅਤੇ ਏ.ਆਈ. ਦੇ ਪ੍ਰੈਕਟੀਕਲ ਆਦਿ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 2 ਤੋਂ 20 ਪਸ਼ੂਆਂ ਦੇ ਯੂਨਿਟ ਉਪਰ ਜਨਰਲ ਜਾਤੀ ਨੂੰ 25 ਪ੍ਰਤੀਸ਼ਤ ਅਤੇ ਅ.ਜਾਤੀ. ਦੇ ਲਾਭਪਾਤਰੀਆਂ ਨੂੰ 33 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਸਮੂਹ ਚਾਹਵਾਨ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਇਸ ਕੋਰਸ ਦਾ ਵੱਧ ਤੋਂ ਵੱਧ ਲਾਭ ਉਠਾਉਣ