ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਦੋ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ
ਸਿੱਖਣ ਦੀ ਕੋਈ ਉਮਰ ਅਤੇ ਸੀਮਾ ਨਹੀਂ ਹੁੰਦੀ, ਹਮੇਸ਼ਾਂ ਸਿੱਖਦੇ ਰਹਿਣਾ ਚਾਹੀਦਾ : ਡਾ. ਪ੍ਰਗਟ ਸਿੰਘ ਗਰਚਾ
ਰੋਹਿਤ ਗੁਪਤਾ
ਗੁਰਦਾਸਪੁਰ, 27 ਜੂਨ- ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਇਸ ਦੋ ਦਿਨਾਂ ਸੈਮੀਨਾਰ ਵਿੱਚ ਦੂਜੇ ਦਿਨ ਪਹਿਲੇ ਸੈਸ਼ਨ ਵਿੱਚ ਵਿਸ਼ਾ ਮਾਹਿਰ ਵਜੋਂ ਡਾ. ਦੀਪਿਕਾ ਕੋਹਲੀ, ਸਹਾਇਕ ਪ੍ਰੋਫੈਸਰ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਅੰਮ੍ਰਿਤਸਰ ਅਤੇ ਦੂਜੇ ਸੈਸ਼ਨ ਵਿੱਚ ਡਾ. ਪ੍ਰਗਟ ਵਿੱਚ ਗਰਚਾ, ਪ੍ਰਿੰਸੀਪਲ ਜੀ.ਐੱਚ.ਜੀ. ਕਾਲਜ ਆਫ਼ ਐਜੂਕੇਸ਼ਨ, ਗੁਰੂਸਰ ਸੁਧਾਰ ਨੇ ਸ਼ਿਰਕਤ ਕੀਤੀ।
ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਡਾ. ਦੀਪਿਕਾ ਕੋਹਲੀ ਨੇ ਸਿੱਖਿਆਰਥੀਆਂ ਵਿੱਚ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਅਧਿਆਪਨ ਵਿਧੀਆਂ ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਰਚਨਾਤਮਿਕਤਾ, ਤਾਰਕਿਕਤਾ ਜਿਹੀਆਂ ਯੋਗਤਾਵਾਂ ਪੈਦਾ ਕਰਨਾ ਅਧਿਆਪਨ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ। ਭਾਵੇਂ ਅਜੋਕੇ ਦੌਰ ਵਿੱਚ ਅਧਿਆਪਨ ਨੂੰ ਤਕਨਾਲੋਜੀ ਤੋਂ ਵਾਂਝਾ ਕਰਕੇ ਨਹੀਂ ਵੇਖਿਆ ਜਾ ਸਕਦਾ। ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਵਿਚਕਾਰ ਭਾਵਨਾਤਮਕ ਸਾਂਝ ਵੀ ਲਾਜ਼ਮੀ ਹੈ। ਰਾਸ਼ਟਰੀ ਸਿੱਖਿਆ ਨੀਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਧਿਆਪਕ ਵਿਦਿਆਰਥੀ ਨੂੰ ਹਰ ਉਹ ਸਹੂਲਤ ਪ੍ਰਦਾਨ ਕਰੇ ਜੋ ਉਸ ਦੇ ਸਿੱਖਣ ਪ੍ਰੀਕਿਰਿਆ ਵਿੱਚ ਸਹਾਈ ਹੋਵੇ।
ਦੂਜੇ ਸੈਸ਼ਨ ਵਿੱਚ ਡਾ. ਪ੍ਰਗਟ ਸਿੰਘ ਨੇ ਮਿਸ਼ਰਤ ਸਿੱਖਿਆ 'ਤੇ ਚਰਚਾ ਕਰਦਿਆਂ 21ਵੀਂ ਸਦੀ ਵਿੱਚ ਕਲਾਸ ਰੂਮ ਦੇ ਰਿਵਾਇਤੀ ਤਕਨੀਕਾਂ ਨੂੰ ਆਨ ਲਾਈਨ ਸਿਖਲਾਈ ਦੇ ਨਾਲ ਜੋੜ ਕੇ ਆਏ ਬਦਲਾਅ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਪਹੁੰਚ ਅਧਿਆਪਨ ਨੂੰ ਬਿਹਤਰ ਅਤੇ ਗੁਣਵੱਤਾ ਭਰਪੂਰ ਬਣਾਉਣ ਵਿੱਚ ਸਹਾਈ ਹੁੰਦੀ ਹੈ। ਡਿਜੀਟਲ ਯੁੱਗ ਵਿੱਚ ਵਿਦਿਆਰਥੀਆਂ ਦੀਆਂ ਵਿਭਿੰਨ ਸਿੱਖਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਿਵਾਇਤੀ ਸਾਧਨਾਂ ਤੋਂ ਇਲਾਵਾ ਡਿਜੀਟਲ ਸਾਧਨਾ ਨਾਲ ਜੁੜਨ ਦੀ ਸਮੇਂ ਦੀ ਮੰਗ ਹੈ ਜਿਸ ਵਿੱਚ ਵੱਖ ਵੱਖ ਮੋਬਾਈਲ ਐਪਸ, ਵੈੱਬਸਾਈਟ ਆਦਿ ਪਲੇਟਫ਼ਾਰਮ ਸ਼ਾਮਿਲ ਹਨ। ਇਸ ਪਹੁੰਚ ਨੂੰ ਅਪਣਾ ਕੇ ਅਧਿਆਪਨ ਨੂੰ ਗਤੀਸ਼ੀਲਤਾ ਅਤੇ ਇੰਟਰੈਕਟਿਵ ਸਿੱਖਣ ਵਾਤਾਵਰਣ ਬਣਾਇਆ ਜਾ ਸਕਦਾ ਹੈ ਜੋ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਦਾ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਆਏ ਹੋਏ ਵਿਸ਼ਾ ਮਾਹਿਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਵਿਦਿਆਰਥੀਆਂ ਨੂੰ ਉੱਤਮਤਾ ਪ੍ਰਾਪਤ ਕਰਨ ਹਿਤ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਲਈ ਦ੍ਰਿੜ੍ਹ ਵਚਨਬੱਧ ਹੈ ਤਾਂ ਜੋ ਸਾਡੇ ਵਿਦਿਆਰਥੀ ਹੋਰ ਉੱਚੇ ਮੁਕਾਮ ਹਾਸਲ ਕਰ ਸਕਣ। ਸਾਡਾ ਯੋਗ ਅਤੇ ਤਜ਼ਰਬੇਕਾਰ ਸਟਾਫ਼ ਇਸ ਸੰਸਥਾ ਦੀ ਉੱਨਤੀ ਲਈ ਅਣਥੱਕ ਮਿਹਨਤ ਕਰ ਰਹੇ ਹਨ ਤਾਂ ਜੋ ਵਿਦਿਆਰਥੀਆਂ ਦੀ ਪ੍ਰਤਿਭਾ ਪਛਾਣ ਕੇ ਵਿਸ਼ਵ ਪੱਧਰੀ ਮਿਆਰੀ ਸਿੱਖਿਆ ਅਤੇ ਸਰੋਤਾਂ ਤੱਕ ਪਹੁੰਚ ਬਣਾਈ ਜਾ ਸਕੇ। ਇਹ ਸੰਸਥਾ ਭਵਿੱਖ ਵਿੱਚ ਹਰ ਉਹ ਸੰਭਵ ਯਤਨ ਕਰੇਗੀ ਜਿਸ ਨਾਲ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।