ਰਿਪੇਰੀਅਨ ਲਾਅ ਅਨੁਸਾਰ ਦਰਿਆ ਜਿਸ ਰਾਜ ਵਿਚੋਂ ਲੰਘ ਕੇ ਉਸ ਦਾ ਨੁਕਸਾਨ ਕਰਦੇ ਹਨ, ਉਸ ਦੇ ਪਾਣੀਆਂ ’ਤੇ ਹੱਕ ਉਸੇ ਰਾਜ ਦਾ : ਪ੍ਰੋ. ਚੰਦੂਮਾਜਰਾ
- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਪਾਣੀਆਂ ਦਾ ਲਾਭ ਤਾਂ ਲੈਣਾ ਚਾਹੁੰਦੇ ਹਨ ਪਰ ਪਾਣੀਆਂ ਨਾਲ ਆਏ ਹੜ੍ਹਾਂ ਦਾ ਨੁਕਸਾਨ ਝੱਲਣ ਨੂੰ ਤਿਆਰ ਨਹੀਂ
ਚੰਡੀਗੜ੍ਹ , 20 ਜੂਨ 2025 - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਪਰ ਅਬਦੁੱਲਾ ਦੇ ਉਸ ਬਿਆਨ ’ਤੇ ਪ੍ਰਤੀਕਿਰਿਆ ਜਾਹਰ ਕੀਤੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜਿਸ ਰਾਜ ਦਾ ਪਾਣੀ ਹੈ, ਉਸ ’ਤੇ ਉਸੇ ਦਾ ਹੱਕ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰਿਪੇਰੀਅਨ ਲਾਅ ਅਨੁਸਾਰ ਪਾਣੀ ਦਾ ਦਰਿਆ ਜਿਸ ਰਾਜ ਵਿਚੋਂ ਲੰਘ ਕੇ ਉਸ ਰਾਜ ਦਾ ਨੁਕਸਾਨ ਕਰਦਾ ਹੈ, ਫਸਲਾਂ ਦੀ ਬਰਬਾਦੀ ਕਰਦਾ ਹੈ, ਉਸ ਪਾਣੀ ’ਤੇ ਉਸੇ ਰਾਜ ਦਾ ਹੱਕ ਹੈ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਆਪਣੇ ਪਾਣੀਆਂ ਦਾ ਲਾਭ ਤਾਂ ਲੈਣਾ ਚਾਹੁੰਦੇ ਹਨ ਪਰ ਪਾਣੀ ਨਾਲ ਆਉਣ ਵਾਲੇ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਝੱਲਣ ਨੂੰ ਤਿਆਰ ਨਹੀਂ ਜੋ ਕਿ ਸਹੀ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਉਮਰ ਅਬਦੁੱਲਾ ਦਾ ਇਹ ਬਿਆਨ ਕਈ ਭੁਲੇਖੇ ਪੈਦਾ ਕਰਦਾ ਹੈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਜਿਸ ਪਾਣੀ ’ਤੇ ਜਿਸ ਰਾਜ ਦਾ ਹੱਕ ਹੈ, ਉਸ ਨੂੰ ਹੀ ਮਿਲਣਾ ਚਾਹੀਦਾ ਹੈ ਦੀ ਲੜਾਈ ਲੜਦਾ ਆ ਰਿਹਾ ਹੈ ਪਰ ਉਮਰ ਅਬਦੁੱਲਾ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਹੱਕ ਦੀ ਗੱਲ ਕਰ ਰਹੇ ਹਨ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਾਰੇ ਦੇਸ਼ ਵਿਚ ਇਕੋ ਨੀਤੀ ਅਪਣਾਉਣੀ ਚਾਹੀਦੀ ਹੈ।
ਹਾਲਾਂਕਿ ਜੇਕਰ ਉਮਰ ਅਬਦੁੱਲਾ ਦੇ ਬਿਆਨ ਜਿਸ ਰਾਜ ਦਾ ਜਿਸ ਪਾਣੀ ’ਤੇ ਹੱਕ ਹੈ, ਉਸ ਅਨੁਸਾਰ ਦਿੱਤਾ ਗਿਆ ਹੈ ਤਾਂ ਉਹ ਸਹੀ ਹੈ ਪਰ ਜੇਕਰ ਉਮਰ ਅਬਦੁੱਲਾ ਸਿਰਫ ਪਾਣੀ ਦਾ ਲਾਭ ਲੈਣਾ ਚਾਹੁੰਦੇ ਹਨ ਅਤੇ ਹੜ੍ਹਾਂ ਦਾ ਨੁਕਸਾਨ ਕੋਈ ਹੋਰ ਰਾਜ ਝੱਲੇ ਇਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਰਿਪੇਰੀਅਨ ਲਾਅ ਅਨੁਸਾਰ ਜਿਹੜੇ ਦਰਿਆ ਪੰਜਾਬ ਵਿਚੋਂ ਲੰਘਦੇ ਹਨ, ਉਨ੍ਹਾਂ ਦਾ ਹੱਕ ਪੰਜਾਬ ਦਾ ਹੈ, ਜਿਸ ਲਈ ਪੰਜਾਬ ਨੇ ਲੰਬੀ ਲੜਾਈ ਲੜੀ ਹੈ ਅਤੇ ਭਵਿੱਖ ਵਿਚ ਵੀ ਜਦੋਂ ਤੱਕ ਉਨ੍ਹਾਂ ਨੂੰ ਹੱਕ ਨਹੀਂ ਮਿਲ ਜਾਂਦਾ, ਲੜਦਾ ਰਹੇਗਾ।