ਅਪਰੇਸ਼ਨ ਸੀਲ: ਮੁਕਤਸਰ ਪੁਲਿਸ ਨੇ ਹਰਿਆਣਾ-ਰਾਜਸਥਾਨ ਨਾਲ ਮਿਲ ਕੇ ਚਲਾਇਆ ਸਰਚ ਆਪਰੇਸ਼ਨ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 20 ਜੂਨ 2025: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਅਤੇ ਮਾੜੇ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਚੱਲਦਿਆਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਵਾਇਆ ਜਾ ਰਿਹਾ ਹੈ।ਇਸੇ ਤਹਿਤ ਹੀ ਡਾ. ਅਖਿਲ ਚੌਧਰੀ ਐਸ.ਐਸ.ਪੀ ਦੀ ਅਗਵਾਈ ਹੇਠ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਹਰਿਆਣਾ ਅਤੇ ਰਾਜਸਥਾਨ ਸੂਬਿਆਂ ਦੀਆਂ ਸਰੱਹਦਾਂ ਤੇ ਹਰਿਆਣਾ ਅਤੇ ਰਾਜਸਥਾਨ ਪੁਲਿਸ ਦੇ ਨਾਲ ਸਾਂਝੇ ਤੌਰ ਤੇ ਨਾਕਾਬੰਦੀ ਕਰਕੇ ‘ਅਪ੍ਰੇਸ਼ਨ ਸੀਲ’ ਚਲਾਇਆ ਗਿਆ। ਇਸ ਅਪ੍ਰੇਸ਼ਨ ਦੌਰਾਨ ਸ੍ਰੀ ਜਸਪਾਲ ਸਿੰਘ ਡੀ.ਐਸ.ਪੀ ( ਲੰਬੀ), ਸ੍ਰੀ ਅਮਨਦੀਪ ਸਿੰਘ ਡੀ.ਐਸ.ਪੀ (ਐਚ), ਐਸ.ਆਈ ਕਰਮਜੀਤ ਕੌਰ ਮੁੱਖ ਅਫਸਰ ਥਾਣਾ ਕਿਲਿਆਂਵਾਲੀ ਦੇ ਸਮੇਤ 200 ਪੁਲਿਸ ਅਧਿਕਾਰੀ/ਕਰਮਚਾਰੀ ਵੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਜਸਪਾਲ ਸਿੰਘ ਡੀ.ਐਸ.ਪੀ (ਲੰਬੀ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਅਪ੍ਰੇਸ਼ਨ ਸੀਲ” ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਹਰਿਆਣਾ ਅਤੇ ਰਾਜਸਥਾਨ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਕੁੱਲ 19 ਨਾਕੇ ਲਗਾਏ ਗਏ ਹਨ ਜਿਨ੍ਹਾਂ ਵਿੱਚੋਂ 13 ਨਾਕੇ ਹਰਿਆਣਾ ਅਤੇ 06 ਨਾਕੇ ਰਾਜਸਥਾਨ ਸਰਹੱਦ ਨਾਲ ਲਗਾਏ ਗਏ। ਇਹਨਾਂ ਨਾਕਿਆਂ ਤੇ ਹਰਿਆਣਾ ਪੁਲਿਸ ਅਤੇ ਰਾਜਸਥਾਨ ਪੁਲਿਸ ਵੱਲੋਂ ਸਾਂਝੇ ਤੌਰ ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਨਾਕਿਆਂ 'ਤੇ PAIS ਰਾਹੀ ਕੁੱਲ 132 ਵਿਅਕਤੀਆਂ ਅਤੇ ਵਾਹਨ ਐਪ ਦੀ ਵਰਤੋਂ ਕਰਕੇ ਕੁੱਲ 92 ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਗਈ । ਉਨ੍ਹਾਂ ਕਿਹਾ ਇਸ ਤਰਾਂ ਦੇ ਸਰਚ ਅਪ੍ਰੇਸ਼ਨ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਈ ਵੀ ਜਾਣਕਾਰੀ ਸਾਡੇ ਨਾਲ ਹੈਲਪਲਾਈਨ ਨੰਬਰ 8054942100 ਤੇ ਸਾਂਝੀ ਕਰ ਸਕਦੇ ਹਨ।