ਟੀ.ਐੱਸ.ਯੂ.ਅਤੇ ਪਾਵਰਕਾਮ ਟਰਾਂਸਕੋ ਠੇਕਾ ਮੁਲਾਜ਼ਮਾਂ ਵੱਲੋਂ ਸੰਘਰਸ਼ਾਂ ਦੀ ਤਿਆਰੀ ਵਜੋਂ ਕੀਤੀ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 20 ਜੂਨ 2025 : ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਅਤੇ ਪਾਵਰਕਾਮ-ਟਰਾਂਸਕੋ ਠੇਕਾ ਮੁਲਾਜ਼ਮ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਬੈਨਰ ਪਾਵਰ ਕਾਰਪੋਰੇਸ਼ਨ ਦੇ ਨਿੱਜੀਕਰਨ ਦੀ ਨੀਤੀ ਦੇ ਵਿਰੋਧ ਵਜੋਂ 3 ਜੁਲਾਈ ਨੂੰ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਅੱਗੇ ਪਰਿਵਾਰਾਂ ਸਮੇਤ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਵਜੋਂ ਸਰਕਲ ਬਠਿੰਡਾ ਦੇ ਆਗੂਆਂ ਨੇ ਮੀਟਿੰਗ ਕੀਤੀ। ਇਸ ਮੌਕੇ ਆਗੂਆਂ ਚੰਦਰ ਸ਼ਰਮਾ ,ਸਤਵਿੰਦਰ ਸਿੰਘ,ਜਗਰੂਪ ਸਿੰਘ,ਜਗਸੀਰ ਭੰਗੂ,ਗੁਰਵਿੰਦਰ ਪੰਨੂੰ,ਇਕਬਾਲ ਪੂਹਲਾ,ਮਲਕੀਤ ਸਿੰਘ,ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸੇਵਾ ਲਈ ਜਲਦੀ ਹੀ ਬਿਜਲੀ ਕਾਰਪੋਰੇਸ਼ਨ ਦਾ ਭੋਗ ਪਾਉਣ ਦੀਆਂ ਤਿਆਰੀਆਂ ਵਿੱਚ ਜੁਟੀ ਹੋਈ ਹੈ। ਉਹਨਾਾਂ ਕਿਹਾ ਕਿ ਲਾਲੜੂ ਅਤੇ ਖਰੜ ਡਵੀਜ਼ਨਾਂ ਦੇ ਨਿੱਜੀਕਰਨ ਦੀ ਵਿਉਂਤ ਪੰਜਾਬ ਵਿਕਾਸ ਕਾਰਪੋਰੇਸ਼ਨ ਕੋਲ ਪੇਸ਼ ਕਰਨ ਦਾ ਸਰਕਾਰੀ ਧੰਦਾ ਨਿੱਜੀਕਰਨ ਦੇ ਅਮਲ ਨੂੰ ਤੇਜ ਕਰਨ ਦੀ ਇੱਕ ਉਦਾਹਰਣ ਸਾਡੇ ਸਾਹਮਣੇ ਹੈ।
ਆਗੂਆਂ ਕਿਹਾ ਕਿ ਨਿੱਜੀਕਰਨ ਦੀ ਲੋੜ ਵਜੋਂ ਲਏ ਜਾ ਰਹੇ ਇਹ ਫੈਸਲੇ ਬੜੇ ਸਾਜ਼ਿਸ਼ੀ ਅਤੇ ਧੋਖੇ ਭਰੇ ਢੰਗ ਤਰੀਕੇ ਨਾਲ ਲਏ ਜਾ ਰਹੇ ਹਨ। ਉਹਨਾਂ ਇਸ ਹਾਲਤ ਵਿੱਚ ਸਮੁੱਚੇ ਬਿਜਲੀ ਮੁਲਾਜ਼ਮਾਂ,ਕਿਸਾਨ-ਮਜ਼ਦੂਰ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਸਮੇਂ ਜਦੋਂ ਨਿੱਜੀਕਰਨ ਦੇ ਇਸ ਤਬਾਹਕੁੰਨ ਹੱਲੇ ਕਾਰਨ ਸਾਡੀ ਹੋਂਦ ਨੂੰ ਹੀ ਖ਼ਤਰਾ ਹੈ ਤਾਂ ਆਪਣੀ ਹੋਂਦ ਅਤੇ ਆਪਣੇ ਹਿੱਤਾਂ ਨੂੰ ਬਚਾਉਣ ਲਈ ਸਾਂਝੇ ਤਿੱਖੇ ਸੰਘਰਸ਼ ਦਾ ਰਾਹ ਅਪਣਾਉਣ ਦੀ ਲੋੜ ਹੈ। ਆਗੂਆਂ ਨੇ ਕਿਹਾ ਕਿ ਇਹੀ ਇੱਕੋ-ਇੱਕ ਠੀਕ ਰਾਹ ਹੈ ਜਿਸ ਤੇ ਚੱਲਕੇ ਅਸੀਂ ਪਾਵਰ ਕਾਰਪੋਰੇਸ਼ਨ ਨੂੰ ਬਚਾਕੇ ਆਪਣੇ ਰੁਜ਼ਗਾਰ ਨੂੰ ਬਚਾਉਣ ਵਿੱਚ ਸਫਲ ਹੋ ਸਕਾਂਗੇ। ਮੀਟਿੰਗ ਵਿੱਚ 26 ਜੂਨ ਨੂੰ ਬਠਿੰਡਾ ਵਿਖੇ ਥਰਮਲ ਕਲੋਨੀ ਦੇ ਗੇਟ ਨੰ: 03 ਤੇ ਸਰਕਲ ਪੱਧਰੀ ਸਾਂਝਾ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ।
ਆਗੂਆਂ ਨੇ 3 ਜੁਲਾਈ ਦੇ ਸੂਬਾ ਪੱਧਰੀ ਪਟਿਆਲਾ ਧਰਨੇ ਅਤੇ 9 ਜੁਲਾਈ ਨੂੰ ਕੇਂਦਰੀ ਟਰੇਡ ਜਥੇਬੰਦੀਆਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਨੂੰ ਸਫ਼ਲ ਕਰਨ ਲਈ ਤਿਆਰੀਆਂ ਵਿੱਚ ਜੁਟਣ ਦਾ ਸੱਦਾ ਦਿੱਤਾ। ਆਗੂਆਂ ਨੇ ਸਰਕਾਰ ਤੋਂ ਸਮੂਹ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ ,ਸਮੂਹ ਅਦਾਰਿਆਂ ਦੇ ਆਊਟਸੋਰਸਡ ਠੇਕਾ ਮੁਲਾਜਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ਤੇ ਅਦਾਰਿਆਂ ਵਿੱਚ ਮਰਜ਼ ਕਰਕੇ ਪੱਕਾ ਕਰਨ, ਪੰਦਰਵੀਂ ਲੇਬਰ ਕਾਨਫਰੰਸ ਦੇ ਫਾਰਮੂਲੇ/ਅੱਜ ਦੀ ਮਹਿੰਗਾਈ ਮੁਤਾਬਿਕ ਠੇਕਾ ਮੁਲਾਜ਼ਮਾਂ ਦੀ ਤਨਖ਼ਾਹ ਨਿਸਚਿਤ ਕਰਨ , ਠੇਕਾ ਮੁਲਾਜ਼ਮਾਂ ਨੂੰ ਸੇਵਾ ਮੁਕਤ ਹੋਣ ਉਪਰੰਤ ਘੱਟੋ-ਘੱਟ 10 ਲੱਖ ਰੁਪਏ ਗੁਜ਼ਾਰਾ ਭੱਤਾ ਦੇਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਕਰਨ ਅਤੇ ਰੈਗੂਲਰ ਤੇ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਨੂੰ ਫੌਰੀ ਪ੍ਰਵਾਨ ਕਰਨ ਦੀ ਮੰਗ ਕੀਤੀ।