ਕਿਰਪਾਲ ਸਾਗਰ ਅਕੈਡਮੀ ਦੇ ਹਰਸਿਮਰਨ ਜੋਤ ਵਿਰਕ ਨੇ ਚਾਰਲਸ ਯੂਨੀਵਰਸਿਟੀ,ਪਰਾਗ ਤੋਂ ਐਮ ਡੀ ਮੈਡੀਸਿਨ ਡਾਕਟਰੇਟ ਕੀਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20 ਜੂਨ, 2025- ਕਿਰਪਾਲ ਸਾਗਰ ਅਕੈਡਮੀ ਦੇ ਸਾਬਕਾ ਵਿਦਿਆਰਥੀ ਹਰਸਿਮਰਨ ਜੋਤ ਵਿਰਕ ਨੇ ਚੈਕ ਰਿਪਬਲਿਕ ਦੇ ਪਰਾਗ ਦੀ ਚਾਰਲਸ ਯੂਨੀਵਰਸਿਟੀ ਤੋਂ ਐਮ ਬੀ ਬੀ ਐਸ, ਐਮ ਡੀ ਮੈਡੀਸਿਨ ਡਾਕਟਰੇਟ ਦੀ ਉਪਾਧੀ ਹਾਸਿਲ ਕੀਤੀ।
ਹਰਸਿਮਰਨ ਜੋਤ ਵਿਰਕ ਨਰਸਰੀ ਤੋਂ ਲੈਕੇ ਬਾਹਰਵੀਂ ਜਮਾਤ ਤੱਕ ਕਿਰਪਾਲ ਸਾਗਰ ਅਕੈਡਮੀ ਦਾ ਵਿਦਿਆਰਥੀ ਰਿਹਾ ਹੈ। ਅਕੈਡਮੀ ਨੰਬਰ 2887 ਦੇ ਨਾਲ ਉਸ ਨੇ ਸਕੂਲ ਦੇ ਸਰਵਪੱਖੀ ਸਰਵੋਤਮ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਕੀਤਾ। ਸਾਲ 2017-18 ਦੌਰਾਨ ਹਰਸਿਮਰਨ ਜੋਤ ਵਿਰਕ ਕਿਰਪਾਲ ਸਾਗਰ ਅਕੈਡਮੀ ਦਾ ਹੈਡ ਬੁਆਏ ਰਿਹਾ। ਸੀ ਬੀ ਐਸ ਈ ਤੋਂ ਬਾਹਰਵੀਂ ਦੇ ਇਮਤਿਹਾਨ ਵੇਲੇ ਉਹ ਫਸਟ ਕਲਾਸ ਫਸਟ ਪਾਸ ਆਊਟ ਹੋਇਆ।
ਮੈਡੀਸਿਨ ਦੀ ਸਟੱਡੀ ਵਾਸਤੇ ਹਰਸਿਮਰਨ ਜੋਤ ਵਿਰਕ ਚੈਕ ਰਿਪਬਲਿਕ ਦੇ ਪਰਾਗ ਦੀ ਚਾਰਲਸ ਯੂਨੀਵਰਸਿਟੀ ਵਿਖੇ ਦਾਖਲ ਹੋਇਆ। ਉਸ ਨੇ ਇਥੋਂ ਐਮ ਡੀ ਡਿਗਰੀ ਹਾਸਲ ਕੀਤੀ। ਉਸ ਦੀ ਇਸ ਉਪਲਬਧੀ ਹਾਸਲ ਕਰਨ ਉਪਰੰਤ ਉਸ ਨੂੰ ਸੈਂਕੜਿਆਂ ਦੀ ਤਾਦਾਦ ਵਿੱਚ ਮੁਬਾਰਕਬਾਦ ਸੁਨੇਹੇ ਮਿਲੇ ਜਿਨ੍ਹਾਂ ਵਿੱਚ ਉਸ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਅਗਸਟੀਨ, ਪ੍ਰਿੰਸੀਪਲ ਰਾਮਾਚੰਦਰਨ, ਪ੍ਰਿੰਸੀਪਲ ਮੋਹਨ ਸਿੰਘ, ਪ੍ਰਿੰਸੀਪਲ ਰਮੇਸ਼ ਚੰਦਰ ਸੇਠੀ, ਪ੍ਰਿੰਸੀਪਲ ਮਾਰਗਰੇਟ ਅਗਸਟੀਨ, ਮਿਸਟਰ ਵੂਲਫ ਗਰਲਿਚ, ਇਤਿਆਦਿ ਵਿਸ਼ੇਸ਼ ਨਾਮ ਹਨ।
ਡਾਕਟਰ ਹਰਸਿਮਰਨ ਜੋਤ ਵਿਰਕ ਦੇ ਮਾਣਮੱਤੇ ਮਾਪੇ, ਡਾਕਟਰ ਕਰਮਜੀਤ ਸਿੰਘ, ਮਿਸਿਜ਼ ਅੰਗੇਲਾ ਵਿਰਕ, ਉਸ ਦੇ ਭੂਆ ਜੀ ਮਿਸਿਜ਼ ਪਰਮਿੰਦਰ ਕੌਰ, ਨੇ ਵਿਸ਼ੇਸ਼ ਤੌਰ ਤੇ ,,ਹਰ ਜੀ,, ਹਰਸਿਮਰਨ ਜੋਤ ਵਿਰਕ ਦਾ ਘਰ ਦਾ ਨਾਮ, ਬਾਰੇ ਦੱਸਿਆ ਕਿ ਬਚਪਨ ਤੋਂ ਹੀ ਹਰਸਿਮਰਨ ਜੋਤ ਦੇ ਮਨ ਅੰਦਰ ਡਾਕਟਰ ਬਣਨ ਦੀ ਤਮੰਨਾ ਸੀ। ਉਸ ਦੀ ਇਸ ਕਾਮਯਾਬੀ ਨਾਲ ਮਾਨਵਤਾ ਦੀ ਭਲਾਈ ਵਾਸਤੇ ਇੱਕ ਹੋਰ ਹਸਤੀ ਸਮਾਜ ਵਿਚ ਆਣ ਖਲੋਤੀ ਹੈ। ਗਿਆਨ ਦਾ ਅੰਤ ਸੇਵਾ ਹੈ, ਇਹ ਸਾਡਾ ਸਾਰਿਆਂ ਦਾ ਉਦੇਸ਼ ਹੈ।
ਹਰਸਿਮਰਨ ਜੋਤ ਵਿਰਕ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ, ਉਸ ਦੀ ਜ਼ਿੰਦਗੀ ਵਿਚ ਸਭ ਤੋਂ ਵੱਡਾ ਯੋਗਦਾਨ ਉਸ ਦੇ ਦਾਦੀ ਜੀ, ਬੀ ਜੀ ਸੁਰਿੰਦਰ ਕੌਰ ਜੀ ਦਾ ਹੈ। ਉਹ ਮੈਨੂੰ ਸਦਾ ਹੀ ਡਾਕਟਰ ਬਣਿਆ ਹੋਇਆ ਵੇਖਣਾ ਚਾਹੁੰਦੇ ਸਨ। ਉਹਨਾਂ ਦੇ ਆਸ਼ੀਰਵਾਦ ਸਦਕਾ ਤੇ ਉਹਨਾਂ ਦੀ ਦਿੱਤੀ ਹੋਈ ਸੇਧ ਸਦਕਾ ਮੈਂ ਅੱਜ ਉਸ ਮੁਕਾਮ ਤੇ ਪਹੁੰਚ ਗਿਆ ਹਾਂ। ਆਪਣੀ ਇਹ ਉਪਲਬੱਧੀ ਨੂੰ ਮੈਂ ਬੀ ਜੀ ਨੂੰ ਸਮਰਪਿਤ ਕਰਦਾ ਹਾਂ।
ਮੈਂ ਕਿਰਪਾਲ ਸਾਗਰ ਅਕੈਡਮੀ ਦਾ ਸਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੇ ਅੰਦਰ ਲੀਡਰਸ਼ਿਪ ਗੁਣਾਂ ਨੂੰ ਭਰਿਆ। ਪ੍ਰਿੰਸੀਪਲ ਗੁਰਜੀਤ ਸਿੰਘ ਨੇ ਕਿਹਾ, ਇਹਨਾਂ ਦਿਨਾਂ ਦੌਰਾਨ ਸਕੂਲ ਗਰਮੀਆਂ ਦੀਆਂ ਛੁੱਟੀਆਂ ਕਾਰਨ ਬੰਦ ਹੈ, ਸਕੂਲ ਖੁੱਲਣ ਤੇ ਵਿਸ਼ੇਸ਼ ਸਮਾਗਮ ਕੀਤੇ ਜਾਣਗੇ। ਸਾਨੂੰ ਆਪਣੇ ਸਾਬਕਾ ਵਿਦਿਆਰਥੀ ਹਰਸਿਮਰਨ ਜੋਤ ਵਿਰਕ ਦੀ ਇਸ ਕਾਮਯਾਬੀ ਤੇ ਬੇਹੱਦ ਮਾਣ ਮਹਿਸੂਸ ਹੁੰਦਾ ਹੈ।