ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਨੇ ਅੱਗ ਵਰਾਉਂਦੀ ਗਰਮੀ ਦੌਰਾਨ ਲਾਈ ਚਿੱਤਰਕਲਾ ਵਰਕਸ਼ਾਪ
ਅਸ਼ੋਕ ਵਰਮਾ
ਬਠਿੰਡਾ, 15 ਜੂਨ 2025: ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵਲੋਂ ਹਰ ਸਾਲ ਬਠਿੰਡਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕੋਈ ਨਾ ਕੋਈ ਚਿੱਤਰਕਲਾ ਦੇ ਖੇਤਰ ਵਿੱਚ ਗਤੀਵਿਧੀ ਕਰਵਾਈ ਜਾਂਦੀ ਹੈ, ਜਿਸ ਦੇ ਫਲਸਰੂਪ ਹਾੜ ਦੇ ਮਹੀਨੇ ਕੜਕ ਦੀ ਧੁੱਪ ਵਿੱਚ ਸ਼ਾਮ ਤੱਕ ਬਾਬਾ ਜੀਵਨ ਸਿੰਘ ਵਾਲਾ ਬੀੜ ਤਲਾਬ ਵਿੱਚ ਪੈਂਦੇ ਮਿਨੀ ਚਿੜੀਆ ਘਰ ਵਿਖੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਇੱਕ ਰੋਜ਼ਾ ਜਲ ਰੰਗ ਚਿੱਤਰਕਲਾ ਵਰਕਸ਼ਾਪ ਲਾਈ ਗਈ ਜਿਸ ਵਿੱਚ ਤਿੰਨ ਦਰਜਨ ਤੋਂ ਵੱਧ ਕਲਾਕਾਰਾਂ ਨੇ ਭਾਗ ਲਿਆ ਜਿਨਾਂ ਵਿੱਚੋਂ ਵਿਦਿਆਰਥੀ ਕਲਾਕਾਰ ਵੀ ਸ਼ਾਮਿਲ ਸਨ ਜੋ ਵੱਖ ਵੱਖ ਕਾਲਜਾਂ ਜਾਂ ਯੂਨੀਵਰਸਿਟੀਆਂ ਤੋਂ ਕਲਾ ਦੇ ਖੇਤਰ ਵਿੱਚ ਪੜ੍ਹਾਈ ਵੀ ਕਰ ਰਹੇ ਹਨ। ਇਸ ਮੌਕੇ ਸਾਰੇ ਹੀ ਕਲਾਕਾਰਾਂ ਨੇ ਚਿੜੀਆ ਘਰ ਦੇ ਅੰਦਰਲੇ ਵੱਖ ਵੱਖ ਦ੍ਰਿਸ਼ਾਂ ਨੂੰ ਆਪਣੇ ਕੈਨਵਸ ਉੱਪਰ ਉਤਾਰਿਆ ਅਤੇ ਜਲ ਰੰਗਾ ਦਾ ਪ੍ਰਯੋਗ ਕਰਦੇ ਹੋਏ ਸੁੰਦਰ ਤਸਵੀਰਾਂ ਤਿਆਰ ਕੀਤੀਆਂ।
ਇਸ ਚਿੱਤਰ ਕਲਾ ਵਰਕਸ਼ਾਪ ਦਾ ਦੌਰਾ ਕਰਨ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਸ੍ਰੀ ਪਦਮਜੀਤ ਮਹਿਤਾ ਮੇਅਰ ਬਠਿੰਡਾ ਹੋਰਾਂ ਨੇ ਆਪਣੀ ਟੀਮ ਸਮੇਤ ਸ਼ਿਰਕਤ ਕੀਤੀ। ਜਿੱਥੇ ਉਹਨਾਂ ਸਾਰੇ ਹੀ ਕਲਾਕਾਰਾਂ ਕੋਲ ਜਾਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਉਹਨਾਂ ਦੇ ਕਲਾ ਦੇ ਖੇਤਰ ਵਿੱਚ ਪਾਏ ਯੋਗਦਾਨ ਅਤੇ ਉਨਾਂ ਦੁਆਰਾ ਤਿਆਰ ਕੀਤੀਆਂ ਕਲਾਕ੍ਰਿਤਾਂ ਬਾਰੇ ਜਾਣਿਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ, ਵਿੱਤ ਸਕੱਤਰ ਸੁਰੇਸ਼ ਮੰਗਲਾ, ਪ੍ਰੈਸ ਸਕੱਤਰ ਸੰਦੀਪ ਸ਼ੇਰਗਿੱਲ ਮੇਅਰ ਸਾਹਿਬ ਦੇ ਇਸ ਦੌਰੇ ਦੌਰਾਨ ਉਹਨਾਂ ਦੇ ਨਾਲ ਰਹੇ ਅਤੇ ਉਨਾਂ ਨੂੰ ਸੁਸਾਇਟੀ ਦੇ ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਆਰਟਿਸਟ ਗੁਰਪ੍ਰੀਤ ਹੋਰਾਂ ਨੇ ਮੇਅਰ ਸਾਹਿਬ ਕੋਲ ਬੇਨਤੀ ਕੀਤੀ ਕਿ ਬਠਿੰਡਾ ਵਿੱਚ ਇਸ ਦੇ ਪੁਰਾਤਨ ਇਤਿਹਾਸ ਨੂੰ ਦਰਸਾਉਂਦਾ ਹੋਇਆ ਇੱਕ ਸੁੰਦਰ ਮਿਊਜ਼ੀਅਮ ਅਤੇ ਚਿੱਤਰਕਾਰਾਂ ਨੂੰ ਆਪਣੀਆਂ ਪੇਂਟਿੰਗ ਪ੍ਰਦਰਸ਼ਿਤ ਕਰਨ ਲਈ ਇੱਕ ਹਾਲ ਬਠਿੰਡਾ ਦੇ ਕਿਸੇ ਵੀ ਕੋਨੇ ਵਿੱਚ ਹੋਣਾ ਲਾਜ਼ਮੀ ਹੈ।
ਪਦਮਜੀਤ ਮਹਿਤਾ ਮੇਅਰ ਬਠਿੰਡਾ ਨੇ ਚਿੱਤਰਕਾਰਾਂ ਦਾ ਕੰਮ ਵੇਖਣ ਤੋਂ ਬਾਅਦ ਅਤੇ ਸੁਸਾਇਟੀ ਦੀਆਂ ਪ੍ਰਾਪਤੀਆਂ ਬਾਰੇ ਜਾਨਣ ਤੋਂ ਬਾਅਦ ਪ੍ਰਬੰਧਕਾਂ ਨੂੰ ਇਹ ਭਰੋਸਾ ਦਿਵਾਇਆ ਕਿ ਜਲਦ ਹੀ ਉਹਨਾਂ ਲਈ ਬਠਿੰਡਾ ਵਿੱਚ ਇੱਕ ਬਹੁਤ ਸੋਹਣਾ ਹਾਲ ਬਣ ਕੇ ਤਿਆਰ ਹੋਵੇਗਾ ਜਿੱਥੇ ਉਹ ਆਪਣਾ ਕਲਾ ਦਾ ਕੰਮ ਵੀ ਕਰ ਸਕਣਗੇ ਅਤੇ ਆਪਣੀਆਂ ਕਲਾਕ੍ਰਿਤਾਂ ਨੂੰ ਪ੍ਰਦਰਸ਼ਿਤ ਵੀ ਕਰ ਸਕਣਗੇ ਅਤੇ ਦੂਰ ਦੁਰਾਡੇ ਤੋਂ ਆਉਣ ਵਾਲੇ ਲੋਕ ਇਹਨਾਂ ਕਲਾਕ੍ਰਿਤਾਂ ਜਾਂ ਪੇਂਟਿੰਗਾਂ ਦਾ ਆਨੰਦ ਮਾਣ ਸਕਣਗੇ। ਇਸ ਨਾਲ ਹੋਰ ਬੱਚਿਆਂ ਵਿੱਚ ਵੀ ਕਲਾ ਪ੍ਰਤੀ ਰੁਚੀ ਪੈਦਾ ਹੋਵੇਗੀ। ਸੁਸਾਇਟੀ ਦੇ ਮੈਂਬਰਾਂ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਇਸ ਸੰਸਥਾ ਵੱਲੋਂ ਇੱਕ ਯਾਦ ਚਿੰਨ ਭੇਂਟ ਕੀਤਾ ਗਿਆ। ਚਿੱਤਰਕਾਰ ਅਸ਼ੋਕ ਮਲੇਰਕੋਟਲਾ ਵੱਲੋਂ ਮੁੱਖ ਮਹਿਮਾਨ ਦੇ ਦਸਤਖਾਂ ਨੂੰ ਸੋਹਣੇ ਤਰੀਕੇ ਨਾਲ ਰੰਗਾਂ ਵਿੱਚ ਸਜਾ ਕੇ ਉਹਨਾਂ ਨੂੰ ਭੇਂਟ ਕੀਤਾ।
ਇੱਥੇ ਹੀ ਨਾਲ ਦੱਸਣਾ ਬਣਦਾ ਹੈ ਕਿ ਇਸ ਪਿੰਡ ਦੀ ਬੀਬਾ ਕੰਚਨ ਜੀ ਸਰਪੰਚ, ਰੋਹਨ ਮੱਟੂ, ਭੋਲਾ ਸਿੰਘ ਅਤੇ ਸਮੂਹ ਪੰਚਾਇਤ ਅਤੇ ਮੈਂਬਰ ਸਾਹਿਬਾਨਾਂ ਵੱਲੋਂ ਸੁਸਾਇਟੀ ਦੇ ਚਿੱਤਰਕਾਰਾਂ ਲਈ ਚਾਹ ਪਾਣੀ ਅਤੇ ਇਸ ਤੋਂ ਇਲਾਵਾ ਚਿੱਤਰਕਾਰਾਂ ਦੇ ਬੈਠਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇੱਥੇ ਭਾਗ ਲੈਣ ਵਾਲੇ 40 ਦੇ ਕਰੀਬ ਕਲਾਕਾਰਾਂ ਵਿੱਚ ਸੋਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ, ਵਿੱਤ ਸਕੱਤਰ ਸੁਰੇਸ਼ ਮੰਗਲਾ, ਅਮਰਜੀਤ ਸਿੰਘ ਪੇਂਟਰ ਸਰਪ੍ਰਸਤ , ਹਰਦਰਸ਼ਨ ਸਿੰਘ ਸੋਹਲ, ਮਿਥੁਨ ਮੰਡਲ, ਸੰਦੀਪ ਸ਼ੇਰਗਿੱਲ, ਪਰਮਿੰਦਰ ਪੈਰੀ, ਚਿੰਤਨ ਸ਼ਰਮਾ, ਵਿਜੇ ਭੂਦੇਵ, ਗੁਰਜੀਤ ਸਿੰਘ, ਰਮਨਦੀਪ ਕੌਰ, ਅਮਰੀਕ ਮਾਨਸਾ, ਸੁਖਰਾਜ ਕੌਰ, ਰਿਤੇਸ਼ ਕੁਮਾਰ, ਬਸੰਤ ਸਿੰਘ, ਪਰਸ਼ੋਤਮ ਕੁਮਾਰ, ਸੁਰਿੰਦਰ ਸਿੰਘ ਖੋਖ਼ਰ, ਸਰਗਮ, ਪਰਵਾਜ਼ਪ੍ਰੀਤ, ਆਸ਼ਿਮਾ, ਨਵਦੀਪ ਸਿੰਘ, ਅਮਿਤ, ਅਮਨਿੰਦਰ ਐਮੀ, ਕਿਰਨਜੀਤ ਕੌਰ, ਸੀਰਜ ਗੁਪਤਾ, ਭੂਮਿਕਾ, ਨਵੀਂ ਭੁੱਚੋ, ਆਦਿ ਤੋ ਇਲਾਵਾ ਹੋਰ ਵਿਦਿਆਰਥੀਆਂ ਅਤੇ ਚਿੱਤਰਕਾਰਾਂ ਨੇ ਭਾਗ ਲਿਆ। ਅਖੀਰ ਇਹ ਵਰਕਸ਼ਾਪ ਯਾਦਗਾਰ ਹੋਰ ਨਿਬੜੀ ਜਿੱਥੇ ਕਲਾਕਾਰਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਆਪਣੀ ਕਲਾ ਦੇ ਜੌਹਰ ਵਿਖਾਏ।