ਨੀਟ ਪ੍ਰੀਖਿਆ 'ਚ ਮਾਲੇਰਕੋਟਲਾ ਦੇ ਮੁਹੰਮਦ ਸ਼ਮੀਰ ਨੇ ਪੂਰੇ ਭਾਰਤ 'ਚੋਂ 33 ਵਾਂ ਰੈਂਕ ਕੀਤਾ ਹਾਸਿਲ
ਵਧਾਈਆਂ ਦੇਣ ਵਾਲਿਆਂ ਦਾ ਸ਼ਮੀਰ ਦੇ ਘਰ ਲੱਗਿਆ ਤਾਂਤਾ
ਸ਼ਮੀਰ ਦੀ ਕਾਮਯਾਬੀ ਪੇਂਡੂ ਇਲਾਕਿਆਂ ਦੇ ਹੋਰ ਬੱਚਿਆਂ ਲਈ ਵੀ ਪ੍ਰੇਰਕ- ਐਡਵੋਕੇਟ ਜੁਲਫਕਾਰ ਅਲੀ ਮਲਿਕ
ਮਾਲੇਰਕੋਟਲਾ 15 ਜੂਨ 2025 - ਨੀਟ ਪ੍ਰੀਖਿਆ ਦੇ ਆਏ ਨਤੀਜਿਆਂ 'ਚ ਮਲੇਰਕੋਟਲਾ ਦੇ ਹੋਣਹਾਰ ਵਿਦਿਆਰਥੀ ਮੁਹੰਮਦ ਸਮੀਰ ਨੇ 720 'ਚੋਂ 662 (99.997%) ਅੰਕ ਪ੍ਰਾਪਤ ਕਰਕੇ ਭਾਰਤ ਭਰ 'ਚੋਂ 33ਵਾਂ ਰੈਂਕ ਹਾਸਲ ਕੀਤਾ ਹੈ। ਮੁਹੰਮਦ ਸਮੀਰ ਦੀ ਇਸ ਪ੍ਰਾਪਤੀ 'ਤੇ ਉਨ੍ਹਾਂ ਦੇ ਪਿੰਡ ਅਤੇ ਇਲਾਕੇ ਭਰ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਵਕਫ਼ ਬੋਰਡ ਦੇ ਸਾਬਕਾ ਸੀਈਓ ਐਡਵੋਕੇਟ ਜੁਲਫਕਾਰ ਅਲੀ ਮਲਿਕ ਨੇ ਕਿਹਾ ਕਿ ਨੀਟ 2025 ਵਿਚੋ ਆਲ ਇੰਡੀਆ ਰੈਂਕ 33 , ਹਾਸਲ ਕਰਕੇ ਮੁਹੰਮਦ ਸ਼ਮੀਰ ਨੇ ਪਿੰਡ ਦਲੇਲਗੜ ਅਤੇ ਜ਼ਿਲ੍ਹਾ ਮਾਲੇਰਕੋਟਲਾ ਤੇ ਪੰਜਾਬ ਦਾ ਮਾਣ ਵਧਾਇਆ ਹੈ, ਉਸ ਦੀ ਮਿਹਨਤ ਨੂੰ ਸਲਾਮ ਅਤੇ ਸ਼ਮੀਰ ਦੇ ਨਾਲ ਨਾਲ ਉਸ ਦੇ ਮਾਂ ਬਾਪ ਲਈ ਬਹੁਤ ਖਾਸ ਦਿਨ ਅਤੇ ਇਲਾਕੇ ਵਾਲਿਆਂ ਲਈ ਮੁਬਾਰਕ ਵਾਲਾ ਦਿਨ ਹੈ। ਜਨਾਬ ਮਲਿਕ ਨੇ ਕਿਹਾ ਕਿ ਸ਼ਮੀਰ ਨੇ ਦੇਸ਼ ਭਰ 'ਚੋਂ 33ਵਾਂ ਰੈਂਕ ਹਾਸਲ ਕਰਕੇ ਸਾਬਤ ਕਰ ਦਿੱਤਾ ਕਿ ਮਿਹਨਤ, ਲਗਨ ਅਤੇ ਨਿਰੰਤਰ ਕੋਸ਼ਿਸ਼ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ।ਸਮੀਰ ਦੀ ਇਹ ਕਾਮਯਾਬੀ ਪੇਂਡੂ ਇਲਾਕਿਆਂ ਦੇ ਹੋਰ ਬੱਚਿਆਂ ਲਈ ਵੀ ਇੱਕ ਪ੍ਰੇਰਕ ਮਿਸਾਲ ਹੈ। ਉਸ ਨੇ ਇਹ ਕਰ ਦਿਖਾਇਆ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਆਪਣੇ ਹੀ ਦੇਸ਼ ਵਿੱਚ ਰਹਿ ਕੇ ਵੀ ਵੱਡੀਆਂ ਉਚਾਈਆਂ ਨੂੰ ਛੂਹਿਆ ਜਾ ਸਕਦਾ ਹੈ।