Babushahi Special: ਝੋਨੇ ਦੀ ਬਿਜਾਈ: ਲੇਬਰ ਨੂੰ ਗੰਢਣ ਲਈ ਗੱਲ ਚੋਗਾ ਪਾਉਣ ਤੇ ਮਿੱਠੇ ਪੋਚਿਆਂ ਤੱਕ ਆਈ
ਅਸ਼ੋਕ ਵਰਮਾ
ਬਠਿੰਡਾ, 14 ਮਈ 2025: ਅਰੇ ਸੂਰਜ ਫਿਕਰ ਨਹੀਂ ਕਰਨਾ ਜੈਸੇ ਤੁਮ ਆਖੋਗੇ ਉਵੇਂ ਹੀ ਕਰ ਦੂੰਗਾ। ਇਸ ਵਾਰ ‘ਕੱਲੇ ਆਲੂ ਚਾਵਲ ਨਹੀਂ, ਥੋਨੂੰ ਬਰੈਡ ਵੀ ਦਿਆਂਗੇ।’ ਕਿਸਾਨ ਗੁਰਦੇਵ ਸਿੰਘ ਨੇ ਪਿਛਲੇ ਸਾਲ ਝੋਨਾ ਲਾਉਣ ਆਏ ਪਰਵਾਸੀ ਮਜ਼ਦੂਰਾਂ ਦੀ ਟੋਲੀ ਦੇ ਮੁਖੀਆ ਸੂਰਜ ਯਾਦਵ ਨੂੰ ਰਲੀ ਮਿਲੀ ਪੰਜਾਬੀ ਹਿੰਦੀ ’ਚ ਫੋਨ ਰਾਹੀਂ ਏਦਾਂ ਦਾ ਲਾਲਚ ਦਿੱਤਾ ਹੈ। ਇਕੱਲਾ ਗੁਰਦੇਵ ਸਿੰਘ ਹੀ ਨਹੀਂ ਬਲਕਿ ਹੋਰ ਕਿਸਾਨ ਵੀ ਝੋਨਾ ਲਾਉਣ ਲਈ ਲੇਬਰ ਦੇ ਸੰਭਾਵੀ ਸੰਕਟ ਦੇ ਮੱਦੇਨਜ਼ਰ ਪਰਵਾਸੀ ਮਜ਼ਦੂਰਾਂ ਨੂੰ ਗੰਢਣ ਲਈ ਏਦਾਂ ਦੇ ਸਬਜ਼ਬਾਗ ਦਿਖਾ ਰਹੇ ਸਨ। ਉਂਜ ਤਾਂ ਸਰਕਾਰੀ ਆਦੇਸ਼ਾਂ ਦੇ ਬਾਵਜੂਦ ਹਰ ਸਾਲ ਪਹਿਲੀ ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਪਰ ਐਤਕੀਂ ਜਦੋਂ ਸਰਕਾਰ ਨੇ ਇਜਾਜਤ ਦੇ ਦਿੱਤੀ ਹੈ ਤਾਂ ਕਿਸਾਨ ਲੇਬਰ ਸੰਕਟ ਦੇ ਪੱਖ ਤੋਂ ਸੁਰਖਰੂ ਹੋਣ ਦੇ ਰੌਂਅ ਵਿੱਚ ਨਜ਼ਰ ਆ ਰਹੇ ਹਨ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪਰਵਾਸੀ ਮਜ਼ਦੂਰਾਂ ਦੇ ਪੰਜਾਬ ਵੱਲ ਘੱਟ ਮੂੰਹ ਕਰਨ ਕਾਰਨ ਜੋ ਸਥਾਨਕ ਮਜ਼ਦੂਰ ਹਨ, ਉਨ੍ਹਾਂ ਦੇ ਨਖਰੇ ਵੀ ਉੱਚੇ ਹੋ ਗਏ ਹਨ। ਇਹੋ ਕਾਰਨ ਹੈ ਕਿ ਝੋਨੇ ਹੇਠਲਾ ਵੱਧ ਰਕਬਾ ਲਿਆਉਣ ਵਾਲੇ ਕਿਸਾਨਾਂ ਨੇ ਪ੍ਰਵਾਸੀ ਲੇਬਰ ਨੂੰ ਗੰਢਣਾ ਸ਼ੁਰੂ ਕਰ ਦਿੱਤਾ ਹੈ। ਰਾਮਪੁਰਾ ਹਲਕੇ ਦੇ ਕਿਸਾਨ ਗੁਰਦਿਆਲ ਸਿੰਘ ਨੇ ਤਾਂ ਪਰਵਾਸੀ ਮਜ਼ਦੂਰਾਂ ਨੂੰ ਸ਼ਾਮ ਵਕਤ ਟੀ.ਵੀ. ਦੀ ਸਹੂਲਤ ਦੇਣ ਦੀ ਵੀ ਪੇਸ਼ਕਸ ਕੀਤੀ ਪਰ ਉਸ ਦੀ ਆਸ ਨੂੰ ਹਾਲੇ ਬੂਰ ਨਹੀਂ ਪਿਆ ਕਿਉਂਕ ਲੇਬਰ ਨੇ ਸੋਚਕੇ ਦੱਸਣ ਬਾਰੇ ਆਖ ਦਿੱਤਾ ਹੈ। ਕੋਈ ਵੇਲਾ ਸੀ ਜਦੋਂ ਪਰਵਾਸੀ ਮਜ਼ਦੂਰਾਂ ਨੂੰ ਖੇਤਾਂ ਵਿੱਚ ਹੀ ਪੈਣਾ ਪੈਂਦਾ ਸੀ ਪਰ ਜਦੋਂ ਤੋਂ ਲੇਬਰ ਦੀ ਤੋਟ ਪੈਣ ਲੱਗੀ ਹੈ ਤਾਂ ਕਿਸਾਨ ਇਨ੍ਹਾਂ ਨੂੰ ਕਈ ਸਹੂਲਤਾਂ ਦੇਣ ਅਤੇ ਬਾਹਰਲੇ ਘਰਾਂ ਵਿੱਚ ਠਹਿਰਾਉਣ ਲੱਗੇ ਹਨ।
ਜਾਣਕਾਰੀ ਅਨੁਸਾਰ ਬਠਿੰਡਾ ਪੱਟੀ ਵਿੱਚ ਕਿਸਾਨਾਂ ਨੇ ਝੋਨਾ ਲਾਉਣ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ। ਜਿਆਦਤਾਰ ਪਿੰਡਾਂ ਵਿੱਚ ਪਨੀਰੀ ਬੀਜਣ ਤੋਂ ਇਲਾਵਾ ਜਮੀਨ ਦੀ ਵਹਾਈ ਤੇ ਪੱਧਰ ਕਰਨ ਵਰਗੇ ਕਾਰਜ ਜਾਰੀ ਹਨ ਅਤੇ ਮਜਦੂਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਜੋਕਿ ਝੋਨਾ ਲਾਉਣ ਲਈ ਸਭ ਤੋਂ ਵੱਡੀ ਮਜਬੂਰੀ ਹੈ । ਕਿਸਾਨਾਂ ਨੂੰ ਜਾਪਦਾ ਹੈ ਕਿ ਬਿਹਾਰ ਵਿੱਚ ਚੋਣ ਵਰ੍ਹਾ ਹੋਣ ਕਰਕੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਘਟ ਸਕਦੀ ਹੈ ਜਿਸ ਕਰਕੇ ਉਹ ਜਲਦੀ ਤੋਂ ਜਲਦੀ ਲੇਬਰ ਪੱਕੀ ਕਰਨੀ ਚਾਹੁੰਦੇ ਹਨ।ਚਿੰਤਾ ਦਾ ਵਿਸ਼ਾ ਹੈ ਕਿ ਜੰਗ ਦੇ ਮਹੌਲ ਕਾਰਨ ਕਾਫੀ ਪ੍ਰਵਾਸੀ ਮਜ਼ਦੂਰ ਹਿਜਰਤ ਕਰ ਗਏ ਹਨ। ਯੂਪੀ ਬਿਹਾਰ ਦੇ ਲੋਕਾਂ ਨੂੰ ਸਥਾਨਕ ਪੱਧਰ ਤੇ ਰੁਜਗਾਰ ਮਿਲਣ ਕਾਰਨ ਪ੍ਰਵਾਸੀ ਲੇਬਰ ਦਾ ਪੰਜਾਬ ਵੱਲ ਰੁਝਾਨ ਦਿਨੋ ਦਿਨ ਘਟਣ ਲੱਗਾ ਹੈ ਜਿਸ ਕਰਕੇ ਖੇਤੀ ਖੇਤਰ ਦੀਆਂ ਮੁਸ਼ਕਲਾਂ ਵਧੀਆਂ ਹਨ।
ਇਹੋ ਕਾਰਨ ਹੈ ਕਿ ਕੋਈ ਔਕੜ ਨਾਂ ਆਵੇ ਕਿਸਾਨ ਕੋਈ ਰਿਸਕ ਲੈਣ ਦੇ ਰੌਂਅ ਵਿੱਚ ਨਹੀਂ ਹਨ। ਜਿੰਨ੍ਹਾਂ ਕਿਸਾਨਾਂ ਕੋਲ ਸਾਲਾਂ ਤੋ ਪੱਕੀ ਲੇਬਰ ਆ ਰਹੀ ਹੈ ਉਹ ਵੀ ਪ੍ਰਵਾਸੀ ਮਜਦੂਰਾਂ ਦੇ ਕੁੰਡੇ ਖੜਕਾਉਣ ਲੱਗੇ ਹਨ। ਇੱਕ ਕਿਸਾਨ ਨੇ ਪ੍ਰਵਾਸੀ ਮਜਦੂਰ ਦੀ ਲੜਕੀ ਦੇ ਵਿਆਹ ਲਈ ਪੰਜ ਹਜ਼ਾਰ ਰੁਪਿਆ ਐਡਵਾਂਸ ਭੇਜਿਆ ਹੈ। ਮਹਿਰਾਜ ਦੇ ਕਿਸਾਨ ਜਸਬੀਰ ਦਾ ਕਹਿਣਾ ਸੀ ਕਿ ਪ੍ਰਵਾਸੀ ਮਜਦੂਰ ਪਹਿਲਾਂ ਰਹਿਣ ਦਾ ਇੰਤਜਾਮ ਦੇਖਦੇ ਹਨ ਜਿਸ ਲਈ ਉਨ੍ਹਾਂ ਐਤਕੀਂ ਲੇਬਰ ਦੇ ਠਹਿਰਨ ਦਾ ਅਗੇਤਾ ਪ੍ਰਬੰਧ ਕਰ ਲਿਆ ਹੈ। ਭਾਈਰੂਪਾ ਦੇ ਕਿਸਾਨ ਕੁਲਵੰਤ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਸਾਲ ਕਾਫੀ ਉੱਚਾ ਭਾਅ ਦੇਣਾ ਪਿਆ ਸੀ ਜਿਸ ਕਰਕੇ ਪ੍ਰਵਾਸੀ ਮਜਦੂਰਾਂ ਨਾਲ ਗੱਲ ਤੋਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮਜਦੂਰਾਂ ਦੀ ਘਾਟ ਹੋਣ ਲੱਗੀ ਹੈ ਪ੍ਰਵਾਸੀ ਲੇਬਰ ਦਾ ਨਖਰਾ ਵੀ ਵਧਿਆ ਹੈ।
ਕਿਸਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿਛਲੀ ਵਾਰ ਉਨ੍ਹਾਂ ਨੂੰ ਮਜ਼ਦੂਰੀ ਤੋਂ ਬਿਨਾਂ, ਬਿਸਤਰੇ ,ਮੱਛਰਦਾਨੀ ਤੇ ਦੋ ਡੰਗ ਦੀ ਚਾਹ ਦੇਣੀ ਪਈ ਸੀ। ਉਨ੍ਹਾਂ ਕਿਹਾ ਕਿ ਬਠਿੰਡਾ ਜਿਲ੍ਹੇ ‘ਚ ਝੋਨੇ ਦੀ ਕਾਸ਼ਤ ਹੇਠ ਰਕਬਾ ਵਧਣ ਦੀਆਂ ਖਬਰਾਂ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਜਿਸ ਕਰਕੇ ਉਹ ਲੇਬਰ ਦਾ ਝੰਜਟ ਨਿਬੇੜਨਾ ਚਾਹੰਦੇ ਹਨ। ਤਲਵੰਡੀ ਸਾਬੋ ਦੇ ਕਿਸਾਨ ਬਲਵੰਤ ਸਿੰਘ ਨੇ ਦੱਸਿਆ ਕਿ ਸਥਾਨਕ ਪੱਧਰ ਤੇ ਓਨੀ ਲੇਬਰ ਮਿਲਦੀ ਨਹੀਂ ਜਿਸ ਕਰਕੇ ਕਈ ਸਾਲਾਂ ਤੋਂ ਪ੍ਰਵਾਸੀ ਮਜਦੂਰਾਂ ਤੇ ਬਣੀ ਨਿਰਭਰਤਾ ਦਾ ਇਹ ਲੋਕ ਲਾਹਾ ਤੱਕਦੇ ਹਨ। ਪਿੰਡ ਕੋਟਗੁਰੂ ਦੇ ਕਿਸਾਨ ਸੁਖਤੇਜ ਸਿੰਘ ਧਾਲੀਵਾਲ ਦਾ ਕਹਿਣਾ ਸੀ ਉਹ ਕਈ ਸਾਲਾਂ ਤੋਂ ਮੁਕਾਮੀ ਲੇਬਰ ਤੋਂ ਝੋਨਾ ਲੁਆ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਵਾਸੀਆਂ ਦੀ ਰਫਤਾਰ ਜਿਆਦਾ ਹੈ ਪਰ ਢੰਗ ਸਥਾਨਕ ਖੇਤ ਮਜ਼ਦੂਰਾਂ ਦਾ ਵਧੀਆ ਹੈ।
ਕਿਸਾਨਾਂ ਦੇ ਖਦਸ਼ੇ ਸਹੀ: ਮਾਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਖਦਸ਼ੇ ਸਹੀ ਹਨ ਇਸ ਵਾਰ ਲੇਬਰ ਦਾ ਸੰਕਟ ਬਣਨਾ ਤੈਅ ਹੈ। ਉਨ੍ਹਾਂ ਕਿਹਾ ਕਿ ਐਤਕੀਂ ਪ੍ਰਵਾਸੀ ਮਜ਼ਦੂਰ ਵੀ ਬਾਂਹ ਨਹੀਂ ਫੜ੍ਹਾ ਰਹੇ ਹਨ ਜਿਸ ਕਰਕੇ ਕਿਸਾਨਾਂ ਦੇ ਤੌਖਲੇ ਵਧੇ ਹਨ। ਉਨ੍ਹਾਂ ਕਿਹਾ ਕਿ ਤਣਾਅ ਕਾਰਨ ਮਜ਼ਦੂਰਾਂ ਦੀ ਹਿਜ਼ਰਤ ਵੀ ਸੰਕਟ ਵਧਾਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਲੇਬਰ ਸੰਕਟ ਕਾਰਨ ਇਸ ਵਾਰ ਸਿੱਧੀ ਬਿਜਾਈ ਹੇਠ ਰਕਬਾ ਵਧ ਸਕਦਾ ਹੈ ਜਿਸ ਦਾ ਰੁਝਾਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਮੂਹ ਫਸਲਾਂ ਦੇ ਲਾਹੇਵੰਦ ਭਾਅ ਦੇਵੇ ਤਾਂ ਵੀ ਸਮੱਸਿਆ ਦਾ ਪੱਕਾ ਹੱਲ ਹੋ ਸਕਦਾ ਹੈ।