ਦੁਖਦ ਘਟਨਾਵਾਂ ਵਾਪਰਨ ਤੋਂ ਬਾਅਦ ਹੀ ਸਰਕਾਰਾਂ ਕਿਉਂ ਹਰਕਤ ਵਿੱਚ ਆਉਂਦੀਆਂ: ਬਾਬਾ ਬਲਬੀਰ ਸਿੰਘ 96 ਕਰੋੜੀ
- ਪੀੜ੍ਹਤ ਪ੍ਰੀਵਾਰਾਂ ਨਾਲ ਗਹਿਰਾ ਦੁਖ ਪ੍ਰਗਟਾਇਆ ਤੇ ਸਰਕਾਰਾਂ ਨੂੰ ਡੱਟ ਕੇ ਮਦਦ ਕਰਨ ਲਈ ਕਿਹਾ
ਅੰਮ੍ਰਿਤਸਰ:- 13 ਮਈ 2025 - ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਜੀਠਾ ਹਲਕੇ ‘ਚ ਵਾਪਰੇ ਦੁਖਦਾਈ ਸ਼ਰਾਬ ਕਾਂਡ ਤੇ ਆਪਣੀ ਪ੍ਰਤੀਕਰਮ ਦੇਂਦਿਆ ਕਿਹਾ ਕਿ ਇਹ ਮੰਦਭਾਗੀ ਦੁਖਦਾਈ ਤੇ ਅਫਸੋਸ ਵਾਲੀ ਘਟਨਾ ਵਾਪਰੀ ਹੈ। ਜਿਸ ਨਾਲ ਵੱਡਾ ਮਨੁੱਖੀ ਨੁਕਸਾਨ ਹੋਇਆ ਹੈ। ਸ਼ਰਾਬ ਕਾਂਡ ਵਿੱਚ 17 ਤੋਂ ਵੱਧ ਵਿਅਕਤੀਆਂ ਦੀ ਮੌਤ ਨੇ ਰਿਆਲੀ, ਭੰਗਾਲੀ, ਥਰੀਏਵਾਲ ਆਦਿ ਪਿੰਡਾਂ ਵਿੱਚ ਸੋਗ ਦੇ ਸੱਥਰ ਵਿਛਾ ਦਿਤੇ ਹਨ। ਗਰੀਬ ਪ੍ਰੀਵਾਰਾਂ ਦੇ ਘਰਪਾਲਕਾਂ ਦੀ ਮੌਤ ਨਾਲ ਇਹ ਪ੍ਰੀਵਾਰ ਦੋਹਰੀ ਮਾਰ ਦੇ ਸ਼ਿਕਾਰ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੌਕੇ ਤੇ ਲਿਆ ਐਕਸ਼ਨ ਭਾਵੇਂ ਠੀਕ ਕਿਹਾ ਜਾ ਸਕਦਾ ਹੈ ਪਰ ਏਨੀ ਵੱਡੀ ਪੱਧਰ ਤੇ ਨਕਲੀ ਮਾੜੀ ਸ਼ਰਾਬ ਦੀ ਵਿਕਰੀ ਹੋਣੀ ਵੱਡੇ ਲੋਕਾਂ ਦੀ ਮਿਲੀ ਭੁਗਤ ਤੋਂ ਬਗੈਰ ਨਹੀਂ ਹੋ ਸਕਦਾ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਹੋਈਆਂ ਮੌਤਾਂ ਤੇ ਗਹਿਰੇ ਦੁਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪਿਛਲੇ ਦੋ ਸਾਲ ਦੇ ਕਰੀਬ ਤਰਨਤਾਰਨ ਜ਼ਿਲ੍ਹੇ ਵਿੱਚ ਨਕਲੀ ਜਾਅਲੀ ਸ਼ਰਾਬ ਪੀਣ ਕਾਰਨ ਇਸ ਤੋਂ ਵੀ ਵੱਡੀ ਗਿਣਤੀ ਵਿੱਚ ਮੌਤਾਂ ਹੋ ਗਈਆਂ ਸਨ।
ਅਜਿਹੇ ਹਲਾਤਾਂ ਨਾਲ ਨਜਿਠਣ ਲਈ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਬਾਜ ਅੱਖ ਰੱਖ ਕੇ ਕਾਰਵਾਈ ਯਕੀਨੀ ਬਨਾਉਣੀ ਚਾਹੀਦੀ ਹੈ। ਜਦੋਂ ਦੋਸ਼ੀ ਵੱਲੋਂ ਰਿਸ਼ਵਤ ਤੇ ਸਿਫਾਰਸ਼ ਕਾਰਗਰ ਹੋ ਜਾਂਦੀ ਹੈ ਉਦੋਂ ਅਜਿਹੀਆਂ ਮੰਦ ਭਾਗੀਆਂ ਘਟਨਾਵਾਂ ਦੇ ਵਾਪਰਨ ਦੇ ਰਾਹ ਖੁੱਲ ਜਾਂਦੇ ਹਨ। ਉਨ੍ਹਾਂ ਕਿਹਾ ਪ੍ਰੀਵਾਰਾਂ ‘ਚ ਪਿਆ ਘਾਟਾ ਪੂਰਿਆ ਨਹੀਂ ਜਾ ਸਕਦਾ, ਪਰ ਸਰਕਾਰ ਨੂੰ ਇਨ੍ਹਾਂ ਪੀੜ੍ਹਤ ਪ੍ਰੀਵਾਰਾਂ ਦੀ ਡੱਟ ਕੇ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਦੁਖ ਨਾਲ ਕਿਹਾ ਕਿ ਦੁਖਦ ਘਟਨਾਵਾਂ ਵਾਪਰਨ ਤੋਂ ਬਾਅਦ ਹੀ ਸਰਕਾਰਾਂ ਕਿਉਂ ਹਰਕਤ ਵਿੱਚ ਆਉਂਦੀਆਂ ਹਨ।