ਡਾ. ਦਲਜੀਤ ਚੀਮਾ ਤੇ ਗੁਰਪ੍ਰੀਤ ਰਾਜੂ ਖੰਨਾ ਨੇ ਸਮਾਣਾ ’ਚ ਹਾਦਸੇ ਦਾ ਸ਼ਿਕਾਰ ਹੋਏ 6 ਬੱਚਿਆਂ ਤੇ ਡ੍ਰਾਈਵਰ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ
ਪਟਿਆਲਾ/ਸਮਾਣਾ, 13 ਮਈ 2025 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੇ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਮਾਣਾ ਵਿਚ ਦਰਦਨਾਕ ਹਾਦਸੇ ਵਿਚ ਮੌਤ ਦੇ ਮੂੰਹ ਵਿਚ ਜਾ ਪਏ 6 ਵਿਦਿਆਰਥੀਆਂ ਤੇ ਡ੍ਰਾਈਵਰ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ।
ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਤੇ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਇਹ ਬਹੁਤ ਹੀ ਦੁੱਖਦ ਹਾਦਸਾ ਸੀ ਜਿਸ ਵਿਚ ਪਰਿਵਾਰਾਂ ਦੇ 6 ਬੱਚੇ ਤੇ ਡ੍ਰਾਈਵਰ ਮੌਤ ਦੇ ਮੂੰਹ ਜਾ ਪਏ ਹਨ। ਉਹਨਾਂ ਕਿਹਾ ਕਿ ਪਰਿਵਾਰ ਦੇ ਜੀਅ ਦੇ ਜਾਣ ਦਾ ਘਾਟਾ ਸਾਰੀ ਉਮਰ ਪੂਰਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਛੋਟੀ ਉਮਰ ਵਿਚ ਹੀ ਬੱਚਿਆਂ ਦਾ ਇਸ ਫਾਨੀ ਸੰਸਾਰ ਨੂੰ ਰੁਖ਼ਸਤ ਕਰ ਜਾਣਾ ਮਾਪਿਆਂ ਲਈ ਹੋਰ ਵੀ ਦੁਖਦਾਈ ਹੈ। ਉਹਨਾਂ ਕਿਹਾ ਕਿ ਡ੍ਰਾਈਵਰ ਵੀ ਪਰਿਵਾਰ ਦਾ ਇਕਲੌਤਾ ਕਮਾਊ ਸਰੋਤ ਸੀ ਜਿਸਦੇ ਤੁਰ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ ਅਤੇ ਇਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।
ਇਸ ਮੌਕੇ ਸਮਾਣਾ ਹਲਕੇ ਤੋਂ ਜਸਮੀਤ ਸਿੰਘ ਹਰਿਆਊ ਅਤੇ ਅਮਰਜੀਤ ਸਿੰਘ ਪੰਜਰਥ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਲੰਗ, ਸ਼ਹਿਰੀ ਪ੍ਰਧਾਨ ਕਰਮਵੀਰ ਸਿੰਘ ਸਾਹਨੀ, ਸਾਬਕਾ ਐਮ ਸੀ ਸੁਖਵਿੰਦਰਪਾਲ ਸਿੰਘ ਮਿੰਟਾ, ਗੋਪਾਲ ਸ਼ਰਮਾ ਤੇ ਹੋਰ ਆਗੂ ਮੌਜੂਦ ਸਨ।