ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਅਨੀਮੀਆ ਜਾਂਚ ਤੇ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਬਠਿੰਡਾ,13ਮਈ2025: ਐਚਪੀਸੀਐਲ ਮਿਤਲ ਐਨਰਜੀ ਲਿਮਟਿਡ ਵਲੋਂ ਸੀਐੱਸਆਰ ਪਹਿਲ ਹੇਠ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਆਸ-ਪਾਸ ਦੇ ਪਿੰਡਾਂ ਵਿੱਚ ਕਿਸ਼ੋਰ ਸਿਹਤ ਵੱਲ ਪਹਿਲਕਦਮੀ ਕਰਦਿਆਂ ਮਮਤਾ ਹੈਲਥ ਇੰਸਟੀਚਿਊਟ ਤੇ ਏਮਜ਼ ਬਠਿੰਡਾ ਨਾਲ ਸਾਂਝਦਾਰੀ ਕਰਕੇ ਸਕੂਲ ਅਧਾਰਿਤ ਐਨੀਮੀਆ ਸਕਰੀਨਿੰਗ ਮੁਹਿੰਮ ਚਲਾਈ, ਜਿਸ ਵਿੱਚ ਆਲੇ-ਦੁਆਲੇ ਦੇ 45 ਸਕੂਲਾਂ ਦੇ 7105 ਵਿਦਿਆਰਥੀਆਂ ਦੇ ਖ਼ੂਨ ਦੀ ਜਾਂਚ ਕੀਤੀ ਗਈ ਅਤੇ ਐਨੀਮੀਆ ਦੇ ਲੱਛਣਾਂ, ਕਾਰਨਾਂ ਅਤੇ ਰੋਕਥਾਮ ਬਾਰੇ ਸਿੱਖਿਆ ਤੇ ਜਾਗਰੂਕਤਾ, ਸੰਤੁਲਿਤ ਆਹਾਰ ਚਾਰਟ ਵੀ ਤਿਆਰ ਕਰਕੇ ਦਿੱਤੇ ਗਏ। ਇਸ ਮੁਹਿੰਮ ਦੌਰਾਨ ਕਈ ਸਰਕਾਰੀ ਸਕੂਲਾਂ ਦੇ ਐਥਲੀਟ ਵਿਦਿਆਰਥੀਆਂ ਦਾ ਅਧਿਐਨ ਵੀ ਕੀਤਾ ਗਿਆ ਜੋ ਹੋਣਹਾਰ ਸਨ ਪਰ ਕੱੁਝ ਸਮੇਂ ਤੋਂ ਥਕਾਵਟ, ਚੱਕਰ ਆਉਣ ਅਤੇ ਅੱਖਾਂ ਵਿੱਚ ਜਲਣ ਵਰਗੇ ਲੱਛਣ ਮਹਿਸੂਸ ਕਰ ਰਹੇ ਸਨ। ਜਾਂਚ ਵਿੱਚ ਇਹ ਲੱਛਣ ਖ਼ੂਨ ਦੀ ਘਾਟ, ਅਰਥਾਤ ਐਨੀਮੀਆ ਦੇ ਸਨ। ਇਸ ਮੌਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੋਸ਼ਣ ਸੰਬੰਧੀ ਸੁਝਾਅ ਦਿੱਤੇ ਗਏ ਤੇ ਸੰਤੁਲਿਤ ਆਹਾਰ ਲੈਣ ਲਈ ਡਾਕਟਰੀ ਟੀਮ ਵਲੋਂ ਜਾਗਰੂਕ ਕੀਤਾ ਗਿਆ।
ਏਮਜ਼ ਦੇ ਡਾਕਟਰਾਂ ਦੀ ਟੀਮ ਵਲੋਂ ਵਿਦਿਆਰਥੀਆਂ ਲਈ ਸਕੂਲਾਂ ਵਿੱਚ ਪ੍ਰੇਰਣਾਦਾਇਕ ਸੈਸ਼ਨ ਕਰਵਾਏ ਗਏ। ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਆਇਰਨ-ਫੋਲਿਕ ਐਸਿਡ ਦੀ ਨਿਯਮਤ ਖੁਰਾਕ ਅਤੇ ਆਇਰਨ ਵਾਲਾ ਆਹਾਰ ਖਾਣ ਨਾਲ ਐਨੀਮੀਆ ਤੋਂ ਬਚਾਅ ਕੀਤਾ ਜਾ ਸਕਦਾ ਹੈ। ਸਕੂਲਾਂ ਵਿੱਚ ਲਗਾਏ ਗਏ ਕੈਂਪਾਂ ਦੌਰਾਨ 48.4% ਕੁੜੀਆਂ ਅਤੇ 30.6% ਮੁੰਡਿਆਂ ਵਿੱਚ ਐਨੀਮੀਆ ਪਾਇਆ ਗਿਆ, ਜਿਸਦਾ ਅਰਥ ਹੈ ਕਿ ਉਹਨਾਂ ਵਿੱਚ ਖ਼ੂਨ ਦੀ ਘਾਟ ਦੇ ਲੱਛਣ ਸਨ। ਇਹ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਖ਼ੂਨ ਦੀ ਘਾਟ ਇੱਕ ਅਜਿਹਾ ਸਮੱਸਿਆ ਹੈ, ਜਿਸਦਾ ਪਤਾ ਆਮ ਤੌਰ ’ਤੇ ਨਹੀਂ ਲੱਗਦਾ, ਅਤੇ ਥਕਾਵਟ, ਨਜ਼ਰ ਕਮਜ਼ੋਰ ਹੋਣੀ, ਚੱਕਰ ਆਉਣ ਵਰਗੀਆਂ ਕਈ ਬਿਮਾਰੀਆਂ ਦੇ ਪਿੱਛੇ ਇਹੀ ਕਾਰਨ ਹੁੰਦੇ ਹਨ। ਇਹ ਕਿਸ਼ੋਰਾਂ ਦੀ ਊਰਜਾ, ਧਿਆਨ, ਮਾਨਸਿਕ ਵਿਕਾਸ ਤੇ ਰੋਗ-ਪ੍ਰਤੀਰੋਧਕ ਸਮਰਥਾ ਨੂੰ ਪ੍ਰਭਾਵਤ ਕਰਦੀ ਹੈ, ਜੋ ਕਿ ਵਧੇਰੇ ਤੌਰ ’ਤੇ ਪੇਂਡੂ ਇਲਾਕਿਆਂ ਵਿੱਚ ਵੇਖੀ ਜਾਂਦੀ ਹੈ।
ਐਚਐਮਈਐਲ ਦੀ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸਿਰਫ ਐਨੀਮੀਆ ਦੇ ਮਾਮਲਿਆਂ ਦੀ ਪਛਾਣ ਕਰਨੀ ਹੀ ਨਹੀਂ ਸੀ, ਸਗੋਂ ਕਿਸ਼ੋਰਾਂ ਨੂੰ ਇਸ ਦੇ ਲੱਛਣਾਂ, ਕਾਰਨਾਂ ਤੇ ਰੋਕਥਾਮ ਬਾਰੇ ਸਿੱਖਿਆ ਅਤੇ ਜਾਗਰੂਕਤਾ ਦੇਣੀ ਵੀ ਸੀ। ਮਮਤਾ ਹੈਲਥ ਇੰਸਟੀਚਿਊਟ ਦੀ ਫੀਲਡ ਟੀਮ ਨੇ ਜ਼ਮੀਨੀ ਪੱਧਰ ’ਤੇ ਸਕੂਲਾਂ ਨਾਲ ਸਹਿਯੋਗ ਕਰਦੇ ਹੋਏ ਸਮੁਦਾਇਕ ਸੰਪਰਕ ਬਣਾਇਆ ਤੇ ਪੂਰੇ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ। ਐਚਐਮਈਐਲ ਦੇ ਸੀਐਸਆਰ ਡੀਜੀਐਮ ਵਿਸ਼ਵ ਮੋਹਨ ਪ੍ਰਸਾਦ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ‘ਇਹ ਪ੍ਰੋਜੈਕਟ ਸਾਡੇ ਵਲੋਂ ਗ੍ਰਾਮੀਣ ਕਿਸ਼ੋਰਾਂ ਦੀ ਸਿਹਤ ਸੁਧਾਰਣ ਵੱਲ ਚੁੱਕਿਆ ਗਿਆ ਇਕ ਅਹਿਮ ਕਦਮ ਹੈ। ਮਮਤਾ ਹੈਲਥ ਇੰਸਟੀਚਿਊਟ ਅਤੇ ਐਮਸ ਬਠਿੰਡਾ ਦੇ ਸਹਿਯੋਗ ਨਾਲ ਇਹ ਸਿੱਧ ਹੋ ਗਿਆ ਹੈ ਕਿ ਜਦੋਂ ਸਮੁਦਾਇਕ ਕੋਸ਼ਿਸ਼ਾਂ ਮਿਲਦੀਆਂ ਹਨ, ਤਾਂ ਅਸੀਂ ਵੱਡੀਆਂ ਸਿਹਤ ਸਮੱਸਿਆਵਾਂ ਦਾ ਪ੍ਰਭਾਵਸ਼ਾਲੀ ਹੱਲ ਲੱਭ ਸਕਦੇ ਹਾਂ।” ਇਸ ਮੁਹਿੰਮ ਰਾਹੀਂ ਨਾ ਸਿਰਫ ਐਨੀਮੀਆ ਦੇ ਕਈ ਮਾਮਲਿਆਂ ਦੀ ਪਛਾਣ ਹੋਈ, ਸਗੋਂ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ।