AAP ਨੇ ਬਿਕਰਮਜੀਤ ਸਿੰਘ ਥਿੰਦ ਨੂੰ ਲਗਾਇਆ ਜਗਰਾਉਂ ਹਲਕੇ ਦਾ ਕੋਆਰਡੀਨੇਟਰ
ਦੀਪਕ ਜੈਨ
ਜਗਰਾਓ, 29 ਅਪ੍ਰੈਲ 2025- ਜਿੱਥੇ ਪੰਜਾਬ ਸਰਕਾਰ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਲੈ ਕੇ ਪੂਰੀ ਤਰਹਾਂ ਚਿੰਤਿਤ ਹੈ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ। ਉਸੇ ਲੜੀ ਤਹਿਤ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪੰਜਾਬ ਪ੍ਰੈਜੀਡੈਂਟ ਅਮਨ ਅਰੋੜਾ ਅਤੇ ਸਟੇਟ ਵਰਕਿੰਗ ਪ੍ਰੈਜੀਡੈਂਟ ਅਮਨ ਸ਼ੇਰ ਸਿੰਘ ਸੈ਼ਰੀ ਕਲਸੀ ਵੱਲੋਂ ਅੱਜ ਜਗਰਾਉਂ ਵਿਧਾਨ ਸਭਾ ਹਲਕੇ ਲਈ ਬਿਕਰਮਜੀਤ ਸਿੰਘ ਥਿੰਦ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇਥੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਚਲਾਇਆ ਗਿਆ ਆਪਰੇਸ਼ਨ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਵੱਡੀ ਗਿਣਤੀ ਵਿੱਚ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਭਾਰੀ ਮਾਤਰਾ ਵਿੱਚ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੰਬੇ ਅਰਸੇ ਤੋਂ ਨਸ਼ੇ ਦਾ ਕਾਰੋਬਾਰ ਕਰਕੇ ਵੱਡੀਆਂ ਜਾਇਦਾਦਾਂ ਖੜੀਆਂ ਕਰਨ ਵਾਲੇ ਨਸ਼ਾ ਤਸਕਰਾਂ ਵੱਲੋਂ ਉਸਾਰੀਆਂ ਗਈਆਂ ਇਮਾਰਤਾਂ ਨੂੰ ਵੀ ਸਰਕਾਰ ਦੇ ਨਿਯਮਾਂ ਮੁਤਾਬਕ ਢਾਅ ਦਿੱਤਾ ਗਿਆ ਹੈ। ਹੁਣ ਪੰਜਾਬ ਸਰਕਾਰ ਵੱਲੋਂ ਅਲੱਗ ਅਲੱਗ ਵਿਧਾਨ ਸਭਾ ਹਲਕਿਆਂ ਵਿੱਚ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ।
ਆਪਣੀ ਨਿਯੁਕਤੀ ਬਾਰੇ ਬੋਲਦਿਆਂ ਹੋਇਆਂ ਵਿਕਰਮਜੀਤ ਸਿੰਘ ਥਿੰਦ ਕੋਆਰਡੀਨੇਟਰ ਨੇ ਕਿਹਾ ਕੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਦੇ ਅਤੀ ਧੰਨਵਾਦੀ ਹਨ ਜਿਨਾਂ ਦੀ ਬਦੌਲਤ ਉਹਨਾਂ ਨੂੰ ਨਸ਼ਿਆਂ ਨੂੰ ਖਤਮ ਕਰਨ ਦੀ ਜਿੰਮੇਵਾਰੀ ਮਿਲੀ ਹੈ ਅਤੇ ਉਹ ਇਸ ਜਿੰਮੇਵਾਰੀ ਨੂੰ ਬਖੂਬੀ ਨਿਭਾਉਣਗੇ। ਉਹਨਾਂ ਕਿਹਾ ਕਿ ਸਰਕਾਰ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕੇ ਅੰਦਰ ਮੁਕੰਮਲ ਤੌਰ ਤੇ ਨਸ਼ੇ ਦੇ ਕਾਰੋਬਾਰ ਦਾ ਖਾਤਮਾ ਕਰ ਦਿੱਤਾ ਜਾਵੇਗਾ। ਉਹਨਾਂ ਦੀ ਨਿਯੁਕਤੀ ਮੌਕੇ ਜਿੱਥੇ ਬੀਬੀ ਸਰਬਜੀਤ ਕੌਰ ਮਾਣੂਕੇ ਹਲਕਾ ਵਿਧਾਇਕ ਨੇ ਉਹਨਾਂ ਨੂੰ ਵਧਾਈ ਦਿੱਤੀ ਉੱਥੇ ਆਮ ਆਦਮੀ ਪਾਰਟੀ ਜਗਰਾਉਂ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੱਤੀ ਗਈ।