ਦੁਕਾਨਦਾਰ ਨੂੰ ਲੁਟੇਰਿਆਂ ਨੇ ਗੋਲੀ ਮਾਰ ਕੀਤਾ ਜ਼ਖਮੀ
- ਲੁੱਟਣ ਦੀ ਨੀਅਤ ਨਾਲ ਦੁਕਾਨ ਵਿੱਚ ਲੁਟੇਰਿਆਂ ਦਾ ਮਾਲਕ ਨੇ ਡੱਟ ਕੇ ਕੀਤਾ ਮੁਕਾਬਲਾ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 17 ਮਾਰਚ 2025 - ਪੰਜਾਬ ਵਿੱਚ ਲੁੱਟਾਂ ਖੋਹਾਂ ਅਤੇ ਕਤਲੋਗਾਰਦ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਤਾਜਾ ਮਾਮਲੇ ਵਿੱਚ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪੁਲ ਸਠਿਆਲੀ ਤੇ ਇੱਕ ਇਲੈਕਟਰੋਨਿਕ ਦੀ ਦੁਕਾਨ ਦੇ ਮਾਲਕ ਨੂੰ ਅਣਪਛਾਤੇ ਲੁਟੇਰਿਆਂ ਨੇ ਗੋਲੀ ਮਾਰ ਕੇ ਜਖਮੀ ਕਰ ਦਿੱਤਾ।
ਮੂੰਹ ਬੰਨ੍ਹ ਕੇ ਆਏ ਦੋ ਲੁਟੇਰਿਆਂ ਨੇ ਦੁਕਾਨ ਵਿੱਚ ਵੜ ਕੇ ਦੁਕਾਨ ਦੇ ਕਰਿੰਦੇ ਨੂੰ ਪਾਸੇ ਕਰਦੇ ਹੋਏ ਜਦੋਂ ਇਕਬਾਲ ਸਿੰਘ ਪੁੱਤਰ ਜਵੰਦ ਸਿੰਘ ਵਾਸੀ ਨੈਣੋਂਕੋਟ ਉੱਤੇ ਹਮਲਾ ਕੀਤਾ ਤਾਂ ਮਾਸਟਰ ਇਕਬਾਲ ਸਿੰਘ ਨੇ ਰਵਾਇਤੀ ਹਥਿਆਰ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਇਸ ਝੜਪ ਵਿੱਚ ਲੁਟੇਰੇ ਅਤੇ ਮਾਲਕ ਦੁਕਾਨ ਤੋਂ ਬਾਹਰ ਆ ਗਏ ਦੁਕਾਨ ਤੋਂ ਬਾਹਰ ਆਉਂਦੇ ਸਾਰ ਹੀ ਲੁਟੇਰਿਆਂ ਨੇ ਇਕਬਾਲ ਸਿੰਘ ਨੂੰ ਗੋਲੀ ਮਾਰ ਕੇ ਜਖਮੀ ਕਰ ਦਿੱਤਾ। ਗੋਲੀ ਇਕਬਾਲ ਸਿੰਘ ਦੇ ਢਿੱਡ ਦੇ ਸੱਜੇ ਪਾਸੇ ਲੱਗੀ ਹੈ ਜਿਸ ਨੂੰ ਤੁਰੰਤ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਇਕਬਾਲ ਸਿੰਘ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ।
ਇਸ ਮੌਕੇ ਥਾਣਾ ਮੁਖੀ ਕਾਹਨੂੰਵਾਨ ਕੁਲਵਿੰਦਰ ਸਿੰਘ ਅਤੇ ਡੀਐਸਪੀ ਕੁਲਵੰਤ ਸਿੰਘ ਮਾਨ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਜਖਮੀ ਇਕਬਾਲ ਸਿੰਘ ਤੋਂ ਵਿਸਥਾਰ ਵਿੱਚ ਘਟਨਾ ਦੀ ਜਾਣਕਾਰੀ ਲਈ ਅਤੇ ਉਹਨਾਂ ਨੇ ਲੁਟੇਰਿਆਂ ਦੇ ਹੁਲੀਏ ਅਤੇ ਦੁਕਾਨ ਵਿੱਚ ਹੋਏ ਸਾਰੇ ਮਾਮਲੇ ਬਾਰੇ ਵੀ ਜਾਣਕਾਰੀ ਲਈ।
ਇਸ ਸਬੰਧੀ ਜਦੋਂ ਡੀਐਸਪੀ ਕੁਲਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣੇ ਹੀ ਇਹ ਖਬਰ ਮਿਲੀ ਸੀ ਕਿ ਸਠਿਆਲੀ ਪੁਲ ਉੱਪਰ ਕਿਸੇ ਦੁਕਾਨਦਾਰ ਨੂੰ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੂਰੀ ਵਾਹ ਲਗਾ ਰਹੀ ਹੈ। ਘਟਨਾ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਸਹਿਮ ਹੈ ਉਥੇ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਹਾਲਾਤਾਂ ਪ੍ਰਤੀ ਰੋਸ ਵੀ ਦੇਖਣ ਨੂੰ ਮਿਲ ਲਿਆ ਮਿਲ ਰਿਹਾ ਹੈ।