ਕੇਂਦਰ ਸਰਕਾਰ ਵੱਲੋਂ ਨਵੀਂ ਪ੍ਰਸਤਾਵਿਤ ਹਦਬੰਦੀ ਨਾਲ ਦੇਸ਼ ਦੇ ਸੰਘੀ ਢਾਂਚੇ ਦੀ ਹੋਂਦ ਨੂੰ ਖਤਰਾ ਪੈਦਾ ਹੋਵੇਗਾ : ਪ੍ਰੋ. ਬਡੂੰਗਰ
ਪਟਿਆਲਾ, 17 ਮਾਰਚ 2025 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਵੀਂ ਪ੍ਰਸਤਾਵਿਤ ਹਦਬੰਦੀ ਅਤੇ ਰਾਸ਼ਟਰੀ ਸਿੱਖਿਆ ਨੀਤੀ ਲਾਗੂ ਕਰਨ ਦੇ ਨਾਲ ਦੇਸ਼ ਦੇ ਸੰਘੀ ਢਾਂਚਾ ਨੂੰ ਵੱਡਾ ਖਤਰਾ ਪੈਦਾ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਲ ਘੱਟ ਗਿਣਤੀਆਂ ਤੇ ਹੱਕਾਂ, ਹਿੱਤਾਂ ਸਭਿਆਚਾਰ, ਭਾਸ਼ਾ, ਸੱਭਿਆਚਾਰ ਨੂੰ ਭਾਰੀ ਨੁਕਸਾਨ ਪਹੁੰਚੇਗਾ। ਉਹਨਾਂ ਕਿਹਾ ਕਿ ਘੱਟ ਗਿਣਤੀਆਂ ਨਾਲ ਤਾਂ ਪਹਿਲਾਂ ਹੀ ਧੱਕਾ ਹੁੰਦਾ ਰਿਹਾ ਹੈ।
ਉਹਨਾਂ ਕਿਹਾ ਕਿ ਖਾਸ ਕਰ ਸਿੱਖ ਕੌਮ ਜੋ ਦੇਸ਼ ਦੇ ਕੋਨੇ ਕੋਨੇ ਵਿੱਚ ਵਸੀ ਹੋਈ ਹੈ, ਉਸ ਨੂੰ ਵੀ ਸਮੇਂ ਸਮੇਂ ਤੇ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਹਿੰਸਕ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕੇਸ ਅਜਿਹੀਆਂ ਕਾਰਵਾਈਆਂ ਇੱਕ ਸਾਜਿਸ਼ ਦੇ ਤਹਿਤ ਅਮਲ ਵਿਚ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਜੇਕਰ ਇਹ ਨੀਤੀਆਂ ਲਾਗੂ ਹੋ ਜਾਣ ਤਾਂ ਦੇਸ਼ ਲਈ ਵੱਡਾ ਖਤਰਾ ਪੈਦਾ ਹੋਣਗੀਆਂ ਇਸ ਲਈ ਇਹਨਾਂ ਮੁੱਦਿਆਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੂੰ ਰਲ ਕੇ ਇੱਕ ਮੰਚ ਤੇ ਇਕੱਤਰ ਹੋ ਕੇ ਸਾਂਝੀ ਆਵਾਜ਼ ਉਠਾਉਣੀ ਚਾਹੀਦੀ ਹੈ।