ਪੰਪ ਤੋਂ ਤੇਲ ਪਵਾ ਕੇ ਨਿਹੰਗ ਬਾਣੇ ਵਿੱਚ ਭੱਜੇ ਵਿਅਕਤੀਆਂ ਨੇ ਪੈਟਰੋਲ ਪੰਪ ਮਾਲਕ ਦੇ ਲੜਕੇ ਦਾ ਵੱਢਿਆ ਗੁੱਟ
- ਇਕ ਨਿਹੰਗ ਸਿੰਘ ਕਾਬੂ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 17 ਮਾਰਚ 2025 - ਸ੍ਰੀ ਹਰਗੋਬਿੰਦਪੁਰ ਦੇ ਕਸਬਾ ਘੁਮਾਣ ਤੋਂ ਬਿਆਸ ਰੋਡ 'ਤੇ ਸਥਿਤ ਬਾਬਾ ਨਾਮਦੇਵ ਫਿਲਿੰਗ ਸਟੇਸ਼ਨ 'ਤੇ 3 ਮੋਟਰਸਾਈਕਲ ਸਵਾਰ ਨਿਹੰਗ ਸਿੰਘ ਦੇ ਬਾਣੇ 'ਚ ਆਏ। ਉਹ ਤੇਲ ਪਵਾ ਕੇ ਜਦੋਂ ਭੱਜੇ ਤਾਂ ਉਥੇ ਖੜ੍ਹੇ ਪੈਟਰੋਲ ਪੰਪ ਮਾਲਕ ਦੇ ਪੁੱਤਰ ਗੁਰਕੀਰਤ ਸਿੰਘ ਪਿੰਡ ਬਾਘੇ ਨੇ ਉਨ੍ਹਾਂ ਦਾ ਪਿੱਛਾ ਕਰਕੇ ਉਨ੍ਹਾਂ ਮੋਟਰਸਾਈਕਲ ਸਵਾਰਾਂ ਨੂੰ ਰੋਕ ਲਿਆ ਤਾਂ ਇਕ ਨਿਹੰਗ ਬਾਣੇ ਵਾਲੇ ਵਿਅਕਤੀ ਨੇ ਗੁਰਕੀਰਤ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ, ਜਿਸ ਕਾਰਨ ਉਸ ਨੂੰ ਅੰਮ੍ਰਿਤਸਰ ਅਮਨਦੀਪ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਲੋਕਾਂ ਨੇ ਉਸ ਨਿਹੰਗ ਬਾਣੇ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ। 2 ਨਿਹੰਗ ਭੱਜਣ 'ਚ ਕਾਮਯਾਬ ਹੋ ਗਏ।
ਇਸ ਸਬੰਧੀ ਪੈਟਰੋਲ ਪੰਪ ਤੇ ਕੰਮ ਕਰਦੇ ਜੁਗਰਾਜ ਸਿੰਘ ਨੇ ਦੱਸਿਆ ਕਿ ਮੇਰੇ ਨਾਲ ਕੰਮ ਕਰਦੇ ਸਾਥੀ ਕੋਲੋਂ ਦੋ ਨਿਹੰਗ ਦੇ ਬਾਣੇ ਵਿੱਚ ਆਏ ਵਿਅਕਤੀਆਂ ਨੇ ਸਪਲੈਂਡਰ ਮੋਟਰਸਾਈਕਲ ਵਿੱਚ ਇੱਕ ਹਜ਼ਾਰ ਰੁਪਏ ਦਾ ਤੇਲ ਪਵਾ ਲਿਆ । ਜਦੋਂ ਉਸ ਨੇ ਉਨ੍ਹਾਂ ਕੋਲੋਂ ਰੁਪਏ ਮੰਗੇ ਤਾਂ ਉਨ੍ਹਾਂ ਨੇ ਗੁੱਗਲ ਪੇ ਕਰਨ ਲਈ ਕਿਹਾ ਪਰ ਗੂਗਲ ਪੇ ਕਰਨ ਦੀ ਬਜਾਏ ਉਹ ਤੇਜ਼ੀ ਨਾਲ ਮੋਟਰਸਾਈਕਲ ਭਜਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਨਿਹੰਗ ਬਾਣੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ ਤਿੰਨ ਸੀ ਉਹ ਆਪਣੇ ਇਕ ਸਾਥੀ ਨੂੰ ਪੰਪ ਤੋਂ ਥੋੜ੍ਹੀ ਦੂਰ ਉਤਾਰ ਕੇ ਤੇਲ ਪਵਾਉਣ ਆਏ ਸਨ।
ਜੁਗਰਾਜ ਸਿੰਘ ਨੇ ਦੱਸਿਆ ਕਿ ਪੈਟਰੋਲ ਪੰਪ ਦੇ ਮਾਲਕ ਦਾ ਲੜਕਾ ਗੁਰਕੀਰਤ ਸਿੰਘ ਕਿਸੇ ਕੰਮ ਤੋਂ ਆ ਰਿਹਾ ਸੀ ਜਦੋਂ ਅਸੀਂ ਰੌਲਾ ਪਾਇਆ ਤਾਂ ਗੁਰਕੀਰਤ ਸਿੰਘ ਨੇ ਫਰਾਰ ਹੋਏ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਰੋਕਿਆ ਇਕ ਲੁਟੇਰੇ ਨੇ ਕਿਰਪਾਨ ਨਾਲ ਹਮਲਾ ਕਰਕੇ ਗੁਰਕੀਰਤ ਸਿੰਘ ਦਾ ਗੁਟ ਵੱਢ ਦਿੱਤਾ । ਗੰਭੀਰ ਜ਼ਖ਼ਮੀ ਗੁਰਕੀਰਤ ਸਿੰਘ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਿਖੇ ਜੇਰੇ ਇਲਾਜ ਹੈ। ਉਨ੍ਹਾਂ ਆਖ ਦੱਸਿਆ ਕਿ ਨਿਹੰਗ ਬਾਣੇ ਵਿੱਚ ਆਏ ਲੁਟੇਰਿਆਂ ਦੇ ਇੱਕ ਸਾਥੀ ਨੂੰ ਲੋਕਾਂ ਨੇ ਮੌਕੇ ਤੇ ਫ਼ੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ।
ਥਾਣਾ ਘੁਮਾਣ ਦੇ ਐਸ ਐਚ ਓ ਗੁਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਵਿਰੁੱਧ ਬਣਦੀ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਫਰਾਰ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।