ਪੱਤਰਕਾਰ ਹਮਲਾ ਮਾਮਲਾ: ਭਗਤਾ ਭਾਈ ਵਾਸੀਆਂ ਵੱਲੋਂ ਝੂਠ ਦਾ ਪੁਲੰਦਾ ਕਰਾਰ
ਅਸ਼ੋਕ ਵਰਮਾ
ਬਠਿੰਡਾ, 14ਫਰਵਰੀ 2025: ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਕਸਬਾ ਭਗਤਾ ਭਾਈ ਵਿੱਚ ਵੀਰਵਾਰ ਨੂੰ ਸਵੇਰ ਵਕਤ ਗੋਲੀ ਲੱਗਣ ਕਾਰਨ ਜਖਮੀ ਹੋਏ ਪੰਜਾਬੀ ਅਖਬਾਰ ਦੇ ਪੱਤਰਕਾਰ ਰਾਜੀਵ ਗੋਇਲ ਪੁੱਤਰ ਰਾਜ ਕੁਮਾਰ ਅਗਰਵਾਲ ਵਾਸੀ ਭਗਤਾ ਭਾਈ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।
ਅੱਜ ਭਗਤਾ ਭਾਈ ਦੇ ਦਰਜਨਾਂ ਦੀ ਗਿਣਤੀ ’ਚ ਸ਼ਹਿਰੀਆਂ ਅਤੇ ਪਤਵੰਤੇ ਵਿਅਕਤੀਆਂ ਨੇ ਐਸਐਸਪੀ ਬਠਿੰਡਾ ਨੂੰ ਮੰਗ ਪੱਤਰ ਦੇਕੇ ਰਾਜੀਵ ਗੋਇਲ ਦੇ ਗੋਲੀ ਲੱਗਣ ਨਾਲ ਜਖਮੀ ਹੋਣ ਦੇ ਮਾਮਲੇ ਨੂੰ ਪੂਰੀ ਤਰਾਂ ਝੂਠਾ ਕਰਾਰ ਦਿੱਤਾ ਹੈ। ਪੱਤਰਕਾਰ ਰਾਜੀਵ ਗੋਇਲ ਖਿਲਾਫ ਭਗਤਾ ਭਾਈ ਦੇ ਦੁਕਾਨਦਾਰ ਤੇ ਹੋਰ ਸ਼ਹਿਰੀ ਨਵਜੋਤ ਬਜਾਜ ਦੇ ਹੱਕ ਵਿੱਚ ਇੱਕ ਮੋਰੀ ਨਿਕਲ ਗਏ ਹਨ। ਉਨ੍ਹਾਂ ਜਿਲ੍ਹਾ ਪੁਲਿਸ ਅਧਿਕਾਰੀਆਂ ਨੂੰ ਸ਼ਹਿਰ ਦੀ ਸਥਿਤੀ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਸੁਰੱਖਿਅਤ ਮਹੌਲ ਮੁਹੱਈਆ ਕਰਵਾਉਣ ਲਈ ਕਿਹਾ।

ਭਗਤਾ ਭਾਈ ਦੇ ਸਾਬਕਾ ਪੰਚ ਚੰਦਰਭਾਨ, ਭਾਜਪਾ ਆਗੂ ਪਵਨ ਕੁਮਾਰ, ਅਸ਼ੋਕ ਕੁਮਾਰ ਜਲਾਲ ਵਾਲੇ, ਜੇਐਸ ਬਰਾੜ, ਗੋਰਾ ਬਜਾਜ ,ਸੁਰੇਸ਼ ਕੁਮਾਰ, ਰਜਿੰਦਰ ਕੁਮਾਰ ਉਰਫ ਰੀਠਾ ,ਪਰੇਮ ਕੁਮਾਰ ,ਮੋਤੀ ਰਾਮ, ਨਿੱਕਾ ਜੈਨ,ਨਿਖਲ ਕੋਠਾਰੀ,ਰਮਨੀ ,ਸੁਖਦੇਵ ਕੁਮਾਰ ਘੋਚੀ ਅਤੇ ਟਵਿੰਕਲ ਕੁਮਾਰ ਆਦਿ ਤੋਂ ਅੱਜ ਐਸਐਸਪੀ ਦਫਤਰ ਦੇ ਅਧਿਕਾਰੀ ਨੇ ਮੰਗ ਪੱਤਰ ਹਾਸਲ ਕੀਤਾ ਅਤੇ ਇਨਸਾਫ ਦਾ ਭਰੋਸਾ ਵੀ ਦਿਵਾਇਆ।
ਸ਼ਹਿਰ ਵਾਸੀਆਂ ਨੇ ਰਾਜੀਵ ਗੋਇਲ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸ਼ਹਿਰ ਵਾਸੀਆਂ ਨੇ ਫਿਕਰ ਜਾਹਰ ਕੀਤੇ ਕਿ ਪੁਲਿਸ ਨੇ ਢੁੱਕਵੇਂ ਅਹਿਤਿਹਾਤੀ ਕਦਮ ਨਾਂ ਚੁੱਕੇ ਤਾਂ ਸ਼ਹਿਰ ਦਾ ਮਹੌਲ ਹੋਰ ਵੀ ਖਰਾਬ ਹੋ ਸਕਦਾ ਹੈ। ਭਗਤਾ ਭਾਈ ਵਾਸੀਆਂ ਨੇ ਐਸਐਸਪੀ ਨੂੰ ਦਿੱਤੇ ਮੰਗ ਪੱਤਰ ’ਚ ਦੱਸਿਆ ਹੈ ਕਿ ਵੀਰਵਾਰ ਨੂੰ ਸ਼ਹਿਰ ਦੇ ਮੁੱਖ ਚੌਂਕ ਵਿੱਚ ਹੋਈ ਫਾਇਰਿੰਗ ਲਈ ਰਾਜੀਵ ਗੋਇਲ ਹੀ ਕਥਿਤ ਤੌਰ ਤੇ ਜਿੰਮੇਵਾਰ ਹੈ।
ਉਨ੍ਹਾਂ ਦੱਸਿਆ ਕਿ ਅਸਲ ਨਵਜੋਤ ਬਜਾਜ ਵੱਲੋਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਗੋਲੀ ਰਾਜੀਵ ਗੋਇਲ ਦੇ ਆਪਣੇ ਹੀ ਜਾ ਲੱਗੀ ਅਤੇ ਜਖਮੀ ਹੋ ਗਿਆ । ਉਨ੍ਹਾਂ ਦੱਸਿਆ ਕਿ ਕਾਰਵਾਈ ਤਾਂ ਰਾਜੀਵ ਗੋਇਲ ਖਿਲਾਫ ਹੋਣੀ ਚਾਹੀਦੀ ਸੀ ਪਰ ਉਸ ਨੇ ਮੁਕੱਦਮਾ ਨਵਜੋਤ ਬਜਾਜ ਖਿਲਾਫ ਦਰਜ ਕਰਵਾ ਦਿੱਤਾ। ਸ਼ਹਿਰ ਵਾਸੀਆਂ ਨੇ ਐਸਐਸ ਪੀ ਨੂੰ ਮੰਗ ਪੱਤਰ ਰਾਹੀਂ ਦੱਸਿਆ ਕਿ ਰਾਜੀਵ ਗੋਇਲ ਸ਼ਕਾਇਤੀ ਕਿਸਮ ਦਾ ਆਦਮੀ ਹੈ ਅਤੇ ਪੱਤਰਕਾਰ ਹੋਣ ਦਾ ਡਰਾਵਾ ਦੇਕੇ ਲੋਕਾਂ ਨੂੰ ਕਥਿਤ ਤੌਰ ’ਤੇ ਬਲੈਕਮੇਲ ਕਰਦਾ ਰਹਿੰਦਾ ਹੈ।
ਸ਼ਹਿਰ ਵਾਸੀਆਂ ਨੇ ਐਸਐਸਪੀ ਤੋਂ ਰਾਜੀਵ ਗੋਇਲ ਦੇ ਆਚਰਣ ਦੀ ਪੜਤਾਲ ਕਰਵਾਉਣ ਅਤੇ ਨਵਜੋਤ ਖਿਲਾਫ ਦਰਜ ਕੀਤਾ ਗਿਆ ਮੁਕੱਦਮਾ ਰੱਦ ਕਰਨ ਦੀ ਮੰਗ ਕੀਤੀ ਹੈ। ਭਗਤਾ ਭਾਈ ਦੇ ਪਤਵੰਤਿਆਂ ਨੇ ਸ਼ਰੇਆਮ ਅਸਲਾ ਲਹਿਰਾਉਣ,ਪੁਲਿਸ ਨੂੰ ਗਲ੍ਹਤ ਬਿਆਨ ਦੇਕੇ ਝੂਠਾ ਮੁਕੱਦਮਾ ਦਰਜ ਕਰਵਾਉਣ ਅਤੇ ਸੋਸ਼ਲ ਮੀਡੀਆ ਤੇ ਸਮਾਜ ’ਚ ਤਰੇੜਾਂ ਪਾਉਣ ਵਾਲੀਆਂ ਪੋਸਟਾਂ ਪਾਉਣ ਦੇ ਮਾਮਲੇ ’ਚ ਰਾਜੀਵ ਗੋਇਲ ਖਿਲਾਫ ਸਖਤ ਕਾਨੂੰਨੀ ਕਰਵਾਈ ਕਰਨ ਦੀ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ਵੀਰਵਾਰ ਨੂੰ ਭਗਤਾ ਭਾਈ ਵਿਖੇ ਮੁੱਖ ਚੌਂਕ ਤੇ ਇੱਕ ਹੋਈ ਝੜਪ ਦੌਰਾਨ ਪੱਟ ’ਚ ਗੋਲੀ ਲੱਗਣ ਨਾਲ ਜਖਮੀ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਰਾਜੀਵ ਗੋਇਲ ਵਾਸੀ ਭਗਤਾ ਭਾਈ ਦਾ ਸਿਵਲ ਹਸਪਤਾਲ ਬਠਿੰਡਾ ’ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਰਾਜੀਵ ਗੋਇਲ ਨੇ ਇਸ ਵਾਰਦਾਤ ਨੂੰ ਨਵਜੋਤ ਉਰਫ ਗੱਗੂ ਬਜਾਜ ਨੂੰ ਜਿੰਮੇਵਾਰ ਦੱਸਿਆ ਸੀ। ਰਾਜੀਵ ਗੋਇਲ ਦੇ ਪਿਤਾ ਰਾਜ ਕੁਮਾਰ ਦਾ ਕਹਿਣਾ ਸੀ ਕਿ ਜਦੋਂ ਵੀ ਉਨ੍ਹਾਂ ਦਾ ਲੜਕਾ ਬਾਹਰ ਜਾਂਦਾ ਸੀ ਤਾਂ ਉਹ ਘੇਰ ਲੈਂਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਤੇ ਲਾਏ ਦੋਸ਼ਾਂ ਨੂੰ ਝੂਠੇ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਕੋਈ ਸਾਬਤ ਕਰ ਦੇਵੇ ਕਿ ਰਾਜੀਵ ਗੋਇਲ ਕਿਸੇ ਤੋਂ ਰਿਸ਼ਵਤ ਲੈਂਦਾ ਹੈ ਤਾਂ ਉਹ ਕੋਈ ਵੀ ਸਜਾ ਭੁਗਤਣ ਨੂੰ ਤਿਆਰ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਪੜਤਾਲ ਕਰਨ ਦੀ ਮੰਗ ਕੀਤੀ ਹੈ।