Babushahi Special: ਕੀਹਨੂੰ ਦੇਈਏ ਮੁਹੱਬਤਾਂ ਦੇ ਫੁੱਲ ਬੁੱਢੇ ਵਾਰੇ ਬਾਬੇ ਪੁੱਛਦੇ
ਵੈਲਨਟਾਈਨ ਡੇਅ ਦਾ ਇੱਕ ਪਹਿਲੂ ਇਹ ਵੀ
ਅਸ਼ੋਕ ਵਰਮਾ
ਬਠਿੰਡਾ, 14 ਫਰਵਰੀ 2025 :ਮੁਹੱਬਤਾਂ ਦਾ ਫੁੱਲ ਕਿਸਨੂੰ ਦੇਈਏ? ਢਲਦੀ ਉਮਰ ਦੇ ਇਹ ਉਨ੍ਹਾਂ ਲੋਕਾਂ ਦਾ ਸੁਆਲ ਹੈ ਜਿਨ੍ਹਾਂ ਨੂੰ ਆਮ ਭਾਸ਼ਾ ’ਚ ਛੜੇ ਆਖਿਆ ਜਾਂਦਾ ਹੈ। ਅੱਜ 14 ਫਰਵਰੀ ਨੂੰ ਵੈਲਨਟਾਈਨ ਡੇ ਦੇ ਮੌਕੇ ’ਤੇ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਲਈ ਤਾਂ ਪੂਰੀ ਜ਼ਿੰਦਗੀ ਹੀ ਗੁਆਚੀ ਮੁਹੱਬਤ ਵਰਗੀ ਬਣੀ ਰਹੀ ਹੈ। ਕਿਸੇ ਨੂੰ ਮਾਲੀ ਸੰਕਟ ਨੇ ਛੜਾ ਬਣਾ ਦਿੱਤਾ ਤੇ ਕਿਸੇ ਨੇ ਚੜ੍ਹਦੀ ਉਮਰ ’ਚ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ ਜੋ ਉਸ ਦੇ ਸਮਾਜਿਕ ਜੀਵਨ ਤੇ ਭਾਰੂ ਪਿਆ। ਇਕਲਾਪੇ ਦਾ ਝੋਰਾ ਤੇ ਉਪਰੋਂ ਬੁਢਾਪੇ ਦੀ ਚੀਸ। ਜ਼ਿੰਦਗੀ ਦੇ ਆਖਰੀ ਮੋੜ ’ਤੇ ਵੀ ਦੁੱਖਾਂ ਨੇ ਪਿੱਛਾ ਨਹੀਂ ਛੱਡਿਆ ਤਾਂ ਆਪਣੇ ਫੈਸਲੇ ਤੇ ਪਛਤਾਵਾ ਹੋਇਆ ਪਰ ਹੁਣ ਝੋਰੇ ਤੋਂ ਸਿਵਾਏ ਕੋਈ ਚਾਰਾ ਨਹੀਂ ਹੈ। ਬਿਰਧ ਉੱਪਰੋਂ ਇਕੱਲੇ ਗੁਦੇਵ ਸਿੰਘ ਦੀ ਇਹ ਦਾਸਤਾਂ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਬਜ਼ੁਰਗਾਂ ਦਾ ਕੁਸੈਲਾ ਸੱਚ ਹੈ।
ਇਹ ਉਹ ਲੋਕ ਹਨ ਜਿਨ੍ਹਾਂ ਦੇ ਵਿਹੜੇ ਕਦੇ ਖੁਸ਼ੀ ਨਹੀਂ ਆਈ ਤੇ ਨਾਂ ਹੀ ’ਵੈਲੇਨਟਾਈਨ ਡੇਅ’ ਵਰਗਾ ਕੋਈ ਵੀ ਦਿਹਾੜਾ ਉਸ ਲਈ ਮਾਅਨੇ ਨਹੀਂ ਰੱਖਦਾ। ਗੁਰਦੇਵ ਨੇ ਜਵਾਨੀ ਉਮਰੇ ਵਿਆਹ ਨਾ ਕਰਾਉਣ ਦਾ ਫੈਸਲਾ ਕੀਤਾ ਸੀ ਜਿਸ ਤੇ ਹੁਣ ਉਸ ਨੂੰ ਅਫਸੋਸ ਹੋ ਰਿਹਾ ਹੈ। ਉਹ ਛੋਟੇ ਜਿਹੇ ਘਰ ਵਿੱਚ ਇਕੱਲਾ ਰਹਿੰਦਾ ਹੈ ਅਤੇ ਖ਼ੁਦ ਹੀ ਰੋਟੀ ਬਨਾਉਣੀ ਪੈਂਦੀ ਹੈ। ਆਪਣੇ ਸਮੇਂ ਦੌਰਾਨ ਉਹ ਵਿਆਹ ਸਾਹਿਆਂ ਵਿੱਚ ਮੰਜੇ ਜੋੜਕੇ ਸਪੀਕਰ ਲਾਉਣ ਦਾ ਕੰਮ ਕਰਦਾ ਸੀ। ਉਹ ਆਖਦਾ ਹੈ ਕਿ ਉਸ ਨੇ ਸਪੀਕਰ ਲਾ ਲਾ ਕੇ ਸਾਰਾ ਪਿੰਡ ਵਿਆਹ ਦਿੱਤਾ ਪਰ ਹੁਣ ਖੁਦ ਨੂੰ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਮਾਲਵੇ ਵਿੱਚ ਬਹੁਤੇ ਉਹ ਬਜ਼ੁਰਗ ਵੀ ਹਨ, ਜਿਨ੍ਹਾਂ ਦੇ ਘੱਟ ਜ਼ਮੀਨਾਂ ਹੋਣ ਕਰਕੇ ਵਿਆਹ ਨਹੀਂ ਹੋ ਸਕੇ ਅਤੇ ਢਲਦੀ ਉਮਰੇ ਰੋਟੀ ਫਿਕਰਾਂ ਨੇ ਘੇਰਿਆ ਹੋਇਆ ਹੈ ਅਤੇ ਕਈਆਂ ਨੂੰ ਆਖਰੀ ਪੜਾਅ ਤੇ ਵੀ ਮਜ਼ਦੂਰੀ ਕਰਨੀ ਪੈ ਰਹੀ ਹੈ।
ਫਾਜ਼ਿਲਕਾ ਜਿਲ੍ਹੇ ਨਾਲ ਸਬੰਧਤ ਬਜ਼ੁਰਗ ਹਰਚੰਦ ਸਿੰਘ ਹੁਣ 70 ਸਾਲ ਦਾ ਹੈ। ਜਦੋਂ ਉਸ ਦੀ ਮੰਗਣੀ ਹੋਈ ਤਾਂ ਬਾਅਦ ’ਚ ਪਤਾ ਲੱਗਾ ਕਿ ਉਸ ਦੀ ਮੰਗੇਤਰ ਮੁਸਲਮਾਨਾਂ ਦੀ ਕੁੜੀ ਹੈ ਤਾਂ ਉਸ ਨੇ ਵਿਆਹ ਨਾ ਕਰਾਉਣ ਦਾ ਹੀ ਫੈਸਲਾ ਕਰ ਲਿਆ। ਉਸ ਨੇ ਆਖਿਆ ਕਿ ਲੋਕ ਬਹੁਤ ਮੋਹ ਕਰਦੇ ਹਨ, ਇਸ ਲਈ ਵਿਆਹ ਨਾ ਕਰਾਉਣ ਦਾ ਕੋਈ ਅਫਸੋਸ ਨਹੀਂ ਹੈ। ਇਸੇ ਇਲਾਕੇ ਦੇ ਜਰਨੈਲ ਸਿੰਘ ਨੂੰ 65 ਸਾਲ ਦੀ ਉਮਰ ’ਚ ਸ਼ਿਕਵਾ ਹੈ ਕਿ ਉਸ ਦੀ ਤਾਂ ਪੂਰੀ ਜਿੰਦਗੀ ਹੀ ਮੁਹੱਬਤ ਗੁਆਚੀ ਰਹੀ ਹੈ। ਉਸ ਨੂੰ ਇਹੋ ਝੋਰਾ ਸੀ ਕਿ ਪੂਰੀ ਜ਼ਿੰਦਗੀ ਉਸਨੂੰ ਪਿਆਰ ਨਹੀਂ ਮਿਲਿਆ। ਉਸਨੇ ਇਹੋ ਆਖਿਆ, ਅਸੀਂ ਕੀਹਨੂੰ ਦੇਈਏ ਪਿਆਰ ਦਾ ਫੁੱਲ। ਹੁਣ ਜਦੋਂ ਬੁਢਾਪਾ ਆ ਗਿਆ ਹੈ, ਤਾਂ ਫਿਕਰ ਖਾਣ ਲੱਗਾ ਹੈ। ਉਹ ਆਖਦਾ ਹੈ ਕਿ ਜਦੋਂ ਕਿਧਰੇ ਰੋਟੀ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਗੁਰੂ ਘਰ ਹੀ ਸਹਾਰਾ ਬਣਦਾ ਹੈ।
ਜਰਨੈਲ ਸਿੰਘ ਆਖਦਾ ਹੈ ਬੱਸ ਜਿਵੇਂ ਕਿਵੇਂ ਜ਼ਿੰਦਗੀ ਕੱਟ ਜਾਵੇ, ਹੁਣ ਤਾਂ ਇਹੋ ਕਾਫੀ ਹੈ। ਰਾਮਪੁਰਾ ਫੂਲ ਹਲਕੇ ਦਾ 62 ਸਾਲ ਦੇ ਸੁਰਜੀਤ ਸਿੰਘ ਅਤੇ ਉਸ ਦੇ ਭਰਾ ਨੂੰ ਇਸ ਕਰਕੇ ਰਿਸ਼ਤਾ ਨਹੀਂ ਹੋ ਸਕਿਆ ਕਿ ਉਨ੍ਹਾਂ ਕੋਲ ਜ਼ਮੀਨ ਨਹੀਂ ਸੀ। ਕੋਈ ਵੇਲਾ ਸੀ, ਜਦੋਂ ਉਹ ਮਾਲਵੇ ਦੇ ਮੁਰੱਬਿਆਂ ਵਾਲੇ ਜੱਟਾਂ ਚੋਂ ਇੱਕ ਸੱਦੀਦੇੇ ਸਨ। ਇੱਕ ਕਤਲ ਕੀ ਹੋਇਆ ਪੂਰੀ 75 ਕਿੱਲੇ ਜ਼ਮੀਨ ਵਿਕ ਗਈ ਜਿਸ ਦੇ ਝੋਰੇ ’ਚ ਭਰਾ ਚੱਲ ਵਸਿਆ। ਉਸ ਨੇ ਭਰੇ ਮਨ ਨਾਲ ਆਖਿਆ ਕਿ ਉਹ ਕਦੇ ਖੁਦ ਰੋਟੀ ਬਣਾ ਲੈਂਦਾ ਹੈ ਅਤੇ ਕਦੇ ਇੱਧਰੋਂ ਉਧਰੋਂ ਛਕ ਲੈਂਦਾ ਹੈ। ਉਸ ਨੇ ਤਾਂ ਸਰਕਾਰ ’ਤੇ ਵੀ ਗਿਲਾ ਕੀਤਾ ਜਿਸ ਨੇ ਤਾਂ ਉਸ ਦੀ ਬੁਢਾਪਾ ਪੈਨਸ਼ਨ ਵੀ ਨਹੀਂ ਲਾਈ ਹੈ। ਉਸ ਦਾ ਕਹਿਣਾ ਸੀ ਕਿ ਜੀਵਨ ਸਾਥੀ ਬਿਨਾਂ ਕਾਹਦੀ ਜ਼ਿੰਦਗੀ। ਉਸ ਨੇ ਕਿਹਾ ਕਿ ਬੁਢਾਪੇ ਵਿੱਚ ਹੁਣ ਜ਼ਿੰਦਗੀ ਲੰਘਾਉਣੀ ਪਹਾੜ ਵਾਂਗ ਹੈ।
ਬਿਨਾਂ ਵਿਆਹ ਕਾਹਦੀ ਜਿੰਦਗੀ
ਬਠਿੰਡਾ ਜਿਲ੍ਹੇ ਦੇ ਇੱਕ ਵੱਡੇ ਪਿੰਡ ’ਚ ਇੱਕੋ ਘਰ ’ਚ ਪੰਜ ਭਰਾ ਸਨ ਜਿੰਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਸੀ ਤਾਂ ਇੱਕ ਨੇ ਦੂਸਰੇ ਸੂਬੇ ’ਚ ਘਰ ਵਸਾ ਲਿਆ। ਮਾਲੀ ਸੰਕਟ ਕਾਰਨ ਬਾਕੀ ਚਾਰਾਂ ਭਰਾਵਾਂ ਦੇ ਵਿਆਹ ਨਾ ਹੋ ਸਕੇ। ਇੱਕ ਭਰਾ ਦਾ ਕਹਿਣਾ ਸੀ ਕਿ ਕਾਹਦੀ ਮੁਹੱਬਤ ਤੇ ਕਾਹਦੀ ਜ਼ਿੰਦਗੀ। ਉਸ ਨੇ ਕਿਹਾ ਕਿ ਅੱਜ ਦੇ ਧੀਆਂ ਪੁੱਤਾਂ ਨੂੰ ਦੇਖ ਕੇ ਕਈ ਵਾਰ ਲੱਗਦਾ ਹੈ ਕਿ ਚੰਗਾ ਹੋਇਆ ਵਿਆਹ ਨਹੀਂ ਕਰਾਇਆ। ਇਸ ਤਰ੍ਹਾਂ ਦੇ ਹੋਰ ਕਿੰਨੇ ਬਜ਼ੁਰਗ ਸਨ, ਜਿਨ੍ਹਾਂ ਨੇ ਆਖਿਆ ਕਿ ’ਵੈਲੇਨਟਾਈਨ ਡੇਅ’ ਤਾਂ ਜੇਬ ਭਾਰੀ ਵਾਲਿਆਂ ਦਾ ਹੈ, ਉਨ੍ਹਾਂ ਨੂੰ ਤਾਂ ਬੁਢਾਪਾ ਹੀ ਡਰਾ ਰਿਹਾ ਹੈ।
ਅਸੀਂ ਤਾਂ ਜਿੰਦਗੀ ਦੇ ਪ੍ਰਧਾਨ ਮੰਤਰੀ
ਕੋਟਕਪੂਰਾ ਦਾ ਬਜ਼ੁਰਗ ਕਰਤਾਰ ਸਿੰਘ ਨੂੰ ਵਿਆਹ ਨਾਂ ਕਰਵਾਉਣ ਦਾ ਕੋਈ ਅਫਸੋਸ ਨਹੀਂ ਹੈ। ਉਸ ਦਾ ਕਹਿਣਾ ਸੀ, ਉਸਨੇ ਐਸ਼ ਦੀ ਜ਼ਿੰਦਗੀ ਜਿਉਣ ਲਈ ਵਿਆਹ ਨਾ ਕਰਾਉਣ ਦਾ ਫੈਸਲਾ ਕੀਤਾ ਸੀ ਅਤੇ ਕਦੇ ਮਹਿਸੂਸ ਨਹੀਂ ਹੋਇਆ ਕਿ ਜ਼ਿੰਦਗੀ ’ਚ ’ਕੱਲਾ ਹਾਂ । ਕਰਤਾਰ ਸਿੰਘ ਨੇ ਮਾਣ ਮਹਿਸੂਸ ਕੀਤਾ ਕਿ ਅਟਲ ਬਿਹਾਰੀ ਵਾਜਪਾਈ ਨੇ ਵਿਆਹ ਨਹੀਂ ਕਰਵਾਇਆ, ਫਿਰ ਵੀ ਪ੍ਰਧਾਨ ਮੰਤਰੀ ਬਣਿਆ ਹੈ। ਉਹ ਆਖਦਾ ਹੈ ਕਿ ਹੁਣ ਤਾਂ ਮੋਦੀ ਸਾਹਿਬ ਅਤੇ ਰਾਹੁਲ ਗਾਂਧੀ ਵੀ ਉਨ੍ਹਾਂ ਦੇ ਹਮਜਮਾਤੀ ਹਨ। ਉਸ ਨੇ ਹੋਰ ਵੀ ਕਈ ਲੀਡਰਾਂ ਦੇ ਨਾਮ ਗਿਣਵਾਏ ਜਿੰਨ੍ਹਾਂ ਵੱਲੋਂ ਵਿਆਹ ਦੀ ਗੱਡੀ ਨਾਂ ਚੜ੍ਹਨ ਦੇ ਬਾਵਜੂਦ ਸਿਆਸੀ ਗੱਡੀ ਵਧੀਆ ਰੇੜ੍ਹੀ ਗਈ।