ਨੇਤਰਹੀਣ ਬੱਚਿਆਂ ਨੂੰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੇ ਵੰਡੇ ਕੰਬਲ
ਹੁਸ਼ਿਆਰਪੁਰ, 3 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਵਿਚ ਵਿਸ਼ੇਸ਼ ਬੱਚਿਆਂ, ਹੜ੍ਹ ਪ੍ਰਭਾਵਿਤ, ਜ਼ਰੂਰਤਮੰਦ ਔਰਤਾਂ ਅਤੇ ਬੇਸਹਾਰਾ ਲੋਕਾਂ ਲਈ ਇਕ ਮਸੀਹਾ ਦੇ ਰੂਪ ਵਿਚ ਕੰਮ ਕਰ ਰਹੀ ਹੈ।
ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ 108 ਸੰਤ ਨਰਾਇਣ ਦਾਸ ਜੀ ਬਲਾਇੰਡ ਸਕੂਲ, ਬਾਹੋਵਾਲ (ਮਾਹਿਲਪੁਰ), ਹੁਸ਼ਿਆਰਪੁਰ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ 35 ਨੇਤਰਹੀਣ ਬੱਚਿਆਂ ਨੂੰ ਠੰਡ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਗਰਮ ਕੰਬਲ ਵੰਡੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਰੈਡ ਕਰਾਸ ਸੁਸਾਇਟੀ ਦੀ ਪ੍ਰਧਾਨ ਕੋਮਲ ਮਿੱਤਲ ਨੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।
ਡਿਪਟੀ ਕਮਿਸ਼ਨਰ ਨੇ ਰੈਡ ਕਰਾਸ ਸੁਸਾਇਟੀ ਦੇ ਇਨ੍ਹਾਂ ਉਪਰਾਲਿਆਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸਮਾਜ ਦੇ ਕਮਜ਼ੋਰ ਵਰਗਾਂ ਦੀ ਮਦਦ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਸਮਾਜ ਦੇ ਹੋਰ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਨੇਕ ਕੰਮਾਂ ਵਿਚ ਯੋਗਦਾਨ ਦੇਣ ਦੀ ਅਪੀਲ ਕੀਤੀ।
ਸਕੱਤਰ ਰੈਡ ਕਰਾਸ ਸੁਸਾਇਟੀ ਨੇ ਦੱਸਿਆ ਕਿ ਬਾਹੋਵਾਲ (ਮਾਹਿਲਪੁਰ) ਸਥਿਤ ਇਸ ਸਕੂਲ ਨੂੰ ਰੈਡ ਕਰਾਸ ਸੁਸਾਇਟੀ ਵਲੋਂ ਪਿਛਲੇ ਸਮੇਂ ਵਿਚ ਵੀ ਸਹਿਯੋਗ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਕੂਲ ਨੂੰ ਡਿਸਪੋਜ਼ਲ ਗਲਾਸ ਅਤੇ ਪਲੇਟ ਬਣਾਉਣ ਦੀ ਮਸ਼ੀਨ ਦਿੱਤੀ ਗਈ ਸੀ ਤਾਂ ਜੋ ਨੇਤਰਹੀਣ ਬੱਚਿਆਂ ਨੂੰ ਰੋਜ਼ਗਾਰ ਦਾ ਮੌਕਾ ਮਿਲ ਸਕੇ। ਹੁਣ ਠੰਡ ਦੇ ਮੌਸਮ ਵਿਚ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਕੰਬਲ ਵੰਡੇ ਗਏ ਹਨ।
ਪ੍ਰੋਗਰਾਮ ਦੌਰਾਨ ਦੱਸਿਆ ਗਿਆ ਕਿ ਸਕੂਲ ਵਿਚ ਪੰਜਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਨੇਤਰਹੀਣ ਬੱਚੇ ਹਿੱਸਾ ਲੈ ਰਹੇ ਹਨ। ਇਹ ਟੁਰਨਾਮੈਂਟ ਬੱਚਿਆਂ ਨੂੰ ਆਤਮਵਿਸ਼ਵਾਸ ਅਤੇ ਖੇਡ ਹੁਨਰ ਨੂੰ ਬੜ੍ਹਾਵਾ ਦੇਣ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੈ।