ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਏ
ਹਰਜਿੰਦਰ ਸਿੰਘ ਭੱਟੀ
ਅਕਾਲ ਅਕੈਡਮੀ ਕੌੜੀਵਾੜਾ: 6 ਜਨਵਰੀ 2025 - ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਾ ਨੂੰ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਕੌੜੀਵਾੜਾ ਦੇ ਬੱਚਿਆਂ ਵੱਲੋਂ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਅਰਦਾਸ ਉਪਰੰਤ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਰਵਾਨਗੀ ਅਕਾਲ ਅਕੈਡਮੀ ਕੌੜੀਵਾੜਾ ਤੋਂ ਕੀਤੀ ਗਈ ਅਤੇ ਵੱਖ-ਵੱਖ ਪਿੰਡਾਂ ਵਿੱਚੋਂ ਪੜਾਅ ਦਰ ਪੜਾਅ ਸਰਦੂਲਗੜ੍ਹ, ਆਹਲੂਪੁਰ, ਬਾਦਰਾਂ, ਹੀਰਕੇ, ਝੰਡੂਕੇ, ਮੀਰਪੁਰ, ਕੌੜੀਵਾੜਾ, ਲੋਹਗੜ੍ਹ, ਝੰਡਾ ਕਲਾਂ, ਨਖਾਟੀਆਂ ਤੋਂ ਹੁੰਦਾ ਹੋਇਆ ਵਾਪਿਸ ਆਪਣੇ ਸਥਾਨ ਅਕਾਲ ਅਕੈਡਮੀ ਕੌੜੀਵਾੜਾ ਵਿਖੇ ਸਮਾਪਤ ਹੋਇਆ। ਸਿੱਖ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਥਾਂ-ਥਾਂ 'ਤੇ ਬਣੇ ਵੱਖ-ਵੱਖ ਪੜਾਵਾਂ ਵਿਚ ਲੰਗਰ ਲਾਏ ਗਏ।
ਇਸ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਸਵਾਗਤ ਕੀਤਾ ਗਿਆ। ਇਸ ਨਗਰ ਕੀਰਤਨ ਵਿਚ ਸਮੂਹ ਪਿੰਡਾਂ ਦੀ ਸੰਗਤ ਵਲੋਂ ਭਾਰੀ ਗਿਣਤੀ ਵਿਚ ਸ਼ਿਰਕਤ ਕੀਤੀ। ਪਿੰਡਾਂ ਵਿਚ ਨਗਰ ਕੀਰਤਨ ਅਤੇ ਸਮਾਗਮਾਂ ਵਿੱਚ ਅਕਾਲ ਅਕੈਡਮੀ ਕੌੜੀਵਾੜਾ ਦੇ ਵਿਦਿਆਰਥੀਆ ਵੱਲੋਂ ਸ਼ਬਦ ਕੀਰਤਨ, ਕਵੀਸ਼ਰੀ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਛੋਟੇ ਬੱਚਿਆਂ ਵੱਲੋਂ ਗੱਤਕੇ ਦੇ ਵੀ ਜੌਹਰ ਦਿਖਾਏ ਗਏ। ਇਸ ਮੌਕੇ ਤੇ ਵੱਖ ਵੱਖ ਪਿੰਡਾਂ ਦੀਆਂ ਗੁਰਦੁਆਰਾਂ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ। ਅਕਾਲ ਅਕੈਡਮੀ ਕੌੜੀਵਾੜਾ ਪ੍ਰਿੰਸਿਪਲ ਬਲਜੀਤ ਕੌਰ ਭੁੱਲਰ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ।