DC ਮਾਲੇਰਕੋਟਲਾ ਵੱਲੋਂ ਐਸ.ਜੀ.ਪੀ.ਸੀ. ਬੋਰਡ ਦੇ ਗਠਨ ਲਈ ਡ੍ਰਾਫਟ ਵੋਟਰ ਸੂਚੀ ਜਾਰੀ, ਦਾਅਵੇ ਤੇ ਇਤਰਾਜ਼ ਮੰਗੇ
- ਯੋਗ ਵੋਟਰ 24 ਜਨਵਰੀ ਤੱਕ ਕਰਵਾ ਸਕਦੇ ਨੇ ਰਜਿਸਟ੍ਰੇਸ਼ਨ ਫਾਰਮ ਜਮ੍ਹਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 4 ਜਨਵਰੀ :2024 - ਡਿਪਟੀ ਕਮਿਸ਼ਨਰ ਡਾ.ਪੱਲਵੀ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਨਵੇਂ ਬੋਰਡ ਦੇ ਗਠਨ ਲਈ ਡ੍ਰਾਫਟ ਵੋਟਰ ਸੂਚੀ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡ੍ਰਾਫਟ ਸੂਚੀ 21 ਅਕਤੂਬਰ, 2023 ਤੋਂ 15 ਦਸੰਬਰ, 2024 ਦਰਮਿਆਨ ਚਲਾਈ ਗਈ ਵੋਟਰ ਰਜਿਸਟ੍ਰੇਸ਼ਨ ਮੁਹਿੰਮ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ।
ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੋਗ ਵੋਟਰ 24 ਜਨਵਰੀ, 2025 ਤੱਕ ਡ੍ਰਾਫਟ ਸੂਚੀ ਬਾਰੇ ਦਾਅਵੇ ਅਤੇ ਇਤਰਾਜ਼ ਦਾਇਰ ਕਰ ਸਕਦੇ ਹਨ। ਸਬੰਧਤ ਰਿਵਾਈਜ਼ਿੰਗ ਅਥਾਰਟੀਆਂ ਵੱਲੋਂ 5 ਫਰਵਰੀ, 2025 ਤੱਕ ਇਨ੍ਹਾਂ ਦਾਅਵਿਆਂ ਤੇ ਇਤਰਾਜ਼ਾਂ ਦੀ ਸਮੀਖਿਆ ਅਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਪਲੀਮੈਂਟਰੀ ਸੂਚੀਆਂ ਦੇ ਖਰੜੇ ਨੂੰ 24 ਫਰਵਰੀ, 2025 ਤੱਕ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ 25 ਫਰਵਰੀ, 2025 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਡ੍ਰਾਫਟ ਵੋਟਰ ਸੂਚੀ ਵਿੱਚ ਦੋ ਬੋਰਡ ਹਲਕਿਆਂ ਦੇ 210 ਪੋਲਿੰਗ ਸਟੇਸ਼ਨਾਂ ਦੇ 72,608 ਵੋਟਰ ਸ਼ਾਮਲ ਹਨ। ਇਨ੍ਹਾਂ ਵਿੱਚ 48-ਮਾਲੇਰਕੋਟਲਾ ਅਧੀਨ 94 ਪੋਲਿੰਗ ਸਟੇਸ਼ਨ ਤੇ 30861 ਵੋਟਰ, 49-ਅਮਰਗੜ੍ਹ 116 ਪੋਲਿੰਗ ਸਟੇਸ਼ਨ ਤੇ 41747 ਵੋਟਰ ਹਨ। ਐਸ.ਡੀ.ਐਮ. ਮਾਲੇਰਕੋਟਲਾ ਅਤੇ ਅਮਰਗੜ੍ਹ ਨੂੰ ਮਾਲੇਰਕੋਟਲਾ ਅਤੇ ਅਮਰਗੜ੍ਹ ਬੋਰਡ ਹਲਕਿਆਂ ਲਈ ਰਿਵਾਈਜ਼ਿੰਗ ਅਥਾਰਟੀ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਹੋਰ ਦੱਸਿਆਂ ਕਿ ਐਸ.ਡੀ.ਐਮ. ਮਾਲੇਰਕੋਟਲਾ ਕੋਲ ਮਾਲੇਰਕੋਟਲਾ ਤਹਿਸੀਲ ਅਧੀਨ ਖੇਤਰ ਦੇ ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਜਾ ਸਕਦੇ ਹਨ। ਇਸੇ ਤਰ੍ਹਾਂ ਐਸ.ਡੀ.ਐਮ. ਅਮਰਗੜ੍ਹ ਕੋਲ ਕਾਨਗੋ ਸਰਕਲ ਅਮਰਗੜ੍ਹ ਅਤੇ ਮਾਨਵੀ,ਪਟਵਾਰ ਸਰਕਲ ਉਪਲਖੇੜੀ,ਭੈਣੀਕਲ੍ਹਾ,ਸਕੋਪੁਰ ਸੰਗਮ, ਹਿੰਮਤਾਣਾ,ਨਾਰੀਕੇ ਆਫ ਕਾਨਗੋ ਸਰਕਲ, ਜਮਾਲਪੁਰ ,ਮਾਲੇਰਕੋਟਲਾ ਤਹਿਸੀਲ ਵਿੱਚ ਕਾਨਗੋ ਸਰਕਲ ਮਿਮਸਾ,ਪਟਵਾਰ ਸਰਕਲ ਭਸੌਰ ਅਤੇ ਬਬਨਪੁਰ ਆਫ ਕਾਨਗੋ ਸਰਕਲ ਧੁਰੀ ਅਤੇ ਪਟਵਾਰ ਸਰਕਲ ਜਹਾਗੀਰ,ਬਮਲ ਅਤੇ ਘਨੌਰਕਲ੍ਹਾਂ ਆਫ ਕਾਨਗੋ ਸਰਕਲ,ਘਨੌਰਕਲ੍ਹਾਂ ਇਨ ਧੁਰੀ ਤਹਿਸੀਲ ਦੇ ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਜਾ ਸਕਦੇ ਹਨ।
ਉਨ੍ਹਾਂ ਸਿੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਰਜਿਸਟ੍ਰੇਸ਼ਨ ਮੁਹਿੰਮ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਯੋਗ ਵੋਟਰ 24 ਜਨਵਰੀ, 2025 ਤੱਕ ਆਪਣੇ ਰਜਿਸਟ੍ਰੇਸ਼ਨ ਫਾਰਮ ਜਮ੍ਹਾ ਕਰਵਾ ਸਕਦੇ ਹਨ, ਬਸ਼ਰਤੇ ਉਹ ਵੋਟ ਬਣਾਉਣ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ।