ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲੋਂ ਖਨੌਰੀ ਮੋਰਚਾ 'ਚ ਮਿੱਠੇ ਚੌਲਾਂ ਦਾ ਲਗਾਇਆ ਗਿਆ ਲੰਗਰ
- ਡੱਲੇਵਾਲ ਦੇ ਮਰਨ ਵਰਤ ਦਾ 42ਵਾਂ ਦਿਨ, ਸਿਹਤ ਅਤਿ ਨਾਜ਼ੁਕ, ਸਰਕਾਰਾਂ ਬੇਖਬਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 06 ਜਨਵਰੀ 2024,: ਪੰਜਾਬ ਹਰਿਆਣਾ ਦੇ ਖਨੌਰੀ ਬਾਰਡਰ ਉੱਤੇ ਕਿਸਾਨ 13 ਫਰਵਰੀ 2024 ਤੋਂ ਦਿੱਲੀ ਦੀਆਂ ਬਰੂਹਾਂ 'ਤੇ ਚੱਲੇ ਕਿਸਾਨ ਅੰਦੋਲਨ 2021 ਦੀਆਂ ਕੇਂਦਰ ਸਰਕਾਰ ਦੁਆਰਾ ਮੰਨੀਆਂ ਗਈਆਂ ਮੰਗਾਂ ਮਨਵਾਉਣ ਲਈ ਪੱਕਾ ਧਰਨਾ ਲਗਾ ਕੇ ਬੈਠੇ ਹਨ । ਸ਼ੰਭੂ ਅਤੇ ਖਨੌਰੀ ਦੀਆਂ ਸੜਕਾਂ ਉੱਤੇ ਸਾਢੇ ਗਿਆਰਾਂ ਮਹੀਨੇ ਤੋਂ ਗਰਮੀ, ਸਰਦੀ, ਮੀਂਹ, ਹਨੇਰੀ, ਝੱਖੜ ਦਾ ਸਾਹਮਣਾ ਕਰਦੇ ਹੋਏ ਕਿਸਾਨ ਸ਼ਾਂਤਮਈ ਬੈਠੇ ਹਨ । ਇਸ ਦੌਰਾਨ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਨੇ ਕੋਈ ਗੱਲਬਾਤ ਕਿਸਾਨਾਂ ਨਾਲ ਕੀਤੀ, ਮਹੀਨਿਆਂ ਬਾਦ ਸੁਪਰੀਮ ਕੋਰਟ ਨੇ ਪਹਿਲ ਕਰਦਿਆਂ ਕੇਂਦਰ ਸਰਕਾਰ ਨੂੰ ਤਾੜਨਾ ਕਰਨ ਦੀ ਬਜਾਏ ਕਿ ਕਿਸਾਨਾਂ ਨਾਲ ਗੱਲਬਾਤ ਕਰੋ ਪੰਜਾਬ ਸਰਕਾਰ ਨੂੰ ਹੁਕਮ ਜਾਰੀ ਕੀਤੇ ਜਾ ਰਹੇ ਨੇ ਕਿ ਸ. ਡੱਲੇਵਾਲ ਨੂੰ ਜ਼ਬਰਦਸਤੀ ਚੁੱਕ ਕੇ ਹਸਪਤਾਲ 'ਚ ਲਿਆਓ ਜੋ ਕਿ ਪੰਜਾਬ ਸਰਕਾਰ ਨੂੰ ਪਤਾ ਹੈ ਕਿ ਕਿਸੇ ਵੀ ਸੂਰਤ ਵਿੱਚ ਮੁਮਕਿਨ ਨਹੀਂ ਹੈ ।
ਇਸ ਦੇ ਰੋਸ ਵਜੋਂ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਤੱਕ ਮਰਨ ਵਰਤ ਉੱਤੇ ਬੈਠੇ ਹਨ ਜਿਸਨੂੰ ਅੱਜ 41ਵਾਂ ਦਿਨ ਹੈ । ਉਹਨਾਂ ਦੀ ਸਿਹਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ । ਡਾ. ਸਵੈਮਾਨ ਸਿੰਘ ਅਮਰੀਕਾ ਦੀ ਟੀਮ 'ਫਾਈਵ ਰਿਵਰਜ਼' ਲਗਾਤਾਰ ਉਹਨਾਂ ਦੀ ਸਿਹਤ ਦਾ ਚੈਕਅਪ ਕਰ ਰਹੀ ਹੈ । ਖਾਲਸਾ ਏਡ ਅਤੇ ਦੇਸ਼ ਵਿਦੇਸ਼ ਦੀਆਂ ਅਨੇਕਾਂ ਜੱਥੇਬੰਦੀਆਂ ਮੋਰਚੇ ਵਿੱਚ ਲੰਗਰ, ਰੈਣ ਬਸੇਰੇ ਅਤੇ ਹੋਰ ਸਮੱਗਰੀ ਮੁਹੱਈਆ ਕਰਵਾ ਰਹੀਆਂ ਹਨ । ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਕਰਨਾਟਕ, ਮਹਾਂਰਾਸ਼ਟਰ ਉੱਤਰ ਪ੍ਰਦੇਸ਼ ਸਮੇਤ ਦੇਸ਼ ਭਰ ਤੋਂ ਕਿਸਾਨ ਮੋਰਚੇ ਵਿੱਚ ਪੱਕੇ ਡੇਰੇ ਲਗਾਕੇ ਬੈਠੇ ਹਨ ।
ਇਸੇ ਲੜੀ ਤਹਿਤ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਗਿਆ । ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਵਫਦ ਮੁਹੰਮਦ ਜਮੀਲ ਐਡਵੋਕੇਟ, ਹਾਜੀ ਮੁਹੰਮਦ ਬਾਬੂ ਢੋਟ, ਚੌਧਰੀ ਲਿਆਕਤ ਅਲੀ ਬਨਭੌਰਾ, ਅਬਦੁਲ ਰਸ਼ੀਦ ਨਾਭੇਵਾਲੇ, ਭੂਰਾ ਫੋਰਮੈਨ ਭੈਣੀ ਦੀ ਅਗਵਾਈ 'ਚ ਲਗਾਤਾਰ ਸ਼ੰਭੂ ਅਤੇ ਖਨੌਰੀ ਮੋਰਚਿਆਂ ਉੱਤੇ ਹਾਜ਼ਰੀ ਲਗਾਉਂਦਾ ਆ ਰਿਹਾ ਹੈ । ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਾਜੀ ਮੁਹੰਮਦ ਬਾਬੂ ਨੇ ਦੱਸਿਆ ਕਿ ਮਲੇਰਕੋਟਲਾ ਦੇ ਜਾਗਰੂਕ ਕਿਸਾਨ ਬੂੰਦੂ ਮਲਿਕ ਪੁੱਤਰ ਖੁਸ਼ੀ ਮੁਹੰਮਦ ਮਲਿਕ ਨੇ ਇਸ ਲੰਗਰ ਸੇਵਾ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ । ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਜੋ ਮਾਲੀ ਮਦਦ ਕਿਸਾਨ ਮੋਰਚੇ ਲਈ ਲੋੜੀਂਦੀ ਹੋਵੇਗੀ ਕੀਤੀ ਜਾਵੇਗੀ । ਹਾਜੀ ਬਾਬੂ ਨੇ ਕਿਹਾ ਕਿ ਸਮੂਹ ਮੁਸਲਿਮ ਭਾਈਚਾਰਾ ਮਲੇਰਕੋਟਲਾ ਵੱਲੋਂ ਖਨੌਰੀ ਬਾਰਡਰ ਉੱਤੇ ਮਿੱਠੇ ਚੌਲਾਂ ਦਾ ਲੰਗਰ ਜੋ ਹੁਣ ਮਲੇਰਕੋਟਲਾ ਤੋਂ ਬਣਕੇ ਆਉਂਦਾ ਹੈ ਉਹ ਪੱਕੇ ਤੌਰ ਮੋਰਚੇ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ ।
ਮੁਹੰਮਦ ਜਮੀਲ ਐਡਵੋਕੇਟ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਮਲੇਰਕੋਟਲਾ ਸਮੇਤ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਅਪੀਲ ਹੈ ਕਿ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਕੇ ਮੋਰਚੇ ਵਿੱਚ ਹਾਜ਼ਰੀ ਜਰੂਰ ਲਗਵਾਉਣ ਅਤੇ 41 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਸ. ਜਗਜੀਤ ਸਿੰਘ ਡੱਲੇਵਾਲ ਦੀ ਮੁਹਿੰਮ ਨੂੰ ਸਮਰਥਨ ਦੇਣ ਤਾਂ ਕਿ ਜਨਤਾ ਦੀ ਏਕਤਾ ਨਾਲ ਸਰਕਾਰਾਂ ਉੱਤੇ ਦਬਾਅ ਬਣਾਇਆ ਜਾ ਸਕੇ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਵਾਕੇ ਕਾਰਪੋਰੇਟ ਦੇ ਹੱਥਾਂ 'ਚ ਜਾ ਰਹੀ ਦੇਸ਼ ਦੀ ਵਾਂਗਡੋਰ ਨੂੰ ਰੋਕਿਆ ਜਾ ਸਕੇ ।