ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਖੰਘ 'ਚ ਖੰਘਣ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 29 ਦਸੰਬਰ 2024: ਆਉਣ ਵਾਲੇ ਦਿਨਾਂ ਦੌਰਾਨ ਸਯੁੰਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦਿਆਂ ਨੂੰ ਜ਼ੋਰ ਨਾਲ ਲਾਗੂ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਕਿਸਾਨੀ ਮੰਗਾਂ ਸਬੰਧੀ 30 ਦਸੰਬਰ ਨੂੰ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਲੜ ਰਹੇ ਫੋਰਮਾ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨਾਲ ਤਾਲਮੇਲ ਕਰਦਿਆਂ ਬੀ ਕੇ ਯੂ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਬਠਿੰਡਾ ਰਾਮਪੁਰਾ ਅਤੇ ਤਲਵੰਡੀ ਸਾਬੋ ਵਿਖੇ ਬਲਾਕ ਪੱਧਰੇ ਇਕੱਠ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਇਸ ਤੋਂ ਇਲਾਵਾ 4 ਜਨਵਰੀ ਨੂੰ ਪੰਜਾਬ ਦੀਆਂ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਟੋਹਾਣੇ ਹਰਿਆਣਾ ਵਿਖੇ ਵੱਡਾ ਇਕੱਠ ਕੀਤਾ ਜਾਵੇਗਾ ਅਤੇ 9 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਮੋਗਾ ਵਿਖੇ ਖੇਤੀ ਮੰਡੀਕਰਨ ਨੀਤੀ ਖਰੜੇ ਤੇ ਹੋਰ ਕਿਸਾਨੀ ਭਖਦੀਆਂ ਮੰਗਾਂ ਸਬੰਧੀ ਚੇਤਨਾ ਮੁਹਿੰਮ ਚਲਾਈ ਜਾਏਗੀ।
ਇਸ ਮੌਕੇ ਇਹਨਾਂ ਪ੍ਰੋਗਰਾਮਾਂ ਵਿੱਚ ਪਹੁੰਚਣ ਅਤੇ ਹੋਰ ਪ੍ਰਬੰਧਾਂ ਲਈ ਅੱਜ ਦੀ ਮੀਟਿੰਗ ਵਿੱਚ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ ਕੱਲ੍ਹ ਤਲਵੰਡੀ ਸਾਬੋ ਨੇੜੇ ਵਾਪਰੇ ਬੱਸ ਹਾਦਸੇ ਤੇ ਦੱਖ ਜਾਹਿਰ ਕਰਦਿਆਂ ਪੀੜਤਾ ਪ੍ਰੀਵਾਰਾਂ ਦੀ ਬਾਂਹ ਫ਼ੜਨ ਦੀ ਸਰਕਾਰ ਤੋਂ ਮੰਗ ਕੀਤੀ। ਮੀਟਿੰਗ ਵਿੱਚ ਹਰਿੰਦਰ ਕੌਰ ਬਿੰਦੂ,ਬਸੰਤ ਸਿੰਘ ਕੋਠਾ ਗੁਰੂ, ਨਛੱਤਰ ਸਿੰਘ ਢੱਡੇ, ਬਾਬੂ ਸਿੰਘ ਮੰਡੀ ਖੁਰਦ, ਜਸਵੀਰ ਸਿੰਘ ਬੁਰਜ ਸੇਮਾ, ਜਗਸੀਰ ਸਿੰਘ ਝੁੰਬਾ, ਜਗਦੇਵ ਸਿੰਘ ਜੋਗੇਵਾਲਾ, ਹਰਪ੍ਰੀਤ ਸਿੰਘ ਚੱਠੇਵਾਲਾ , ਰਾਜਵਿੰਦਰ ਸਿੰਘ ਰਾਮ ਨਗਰ, ਬਲਦੇਵ ਸਿੰਘ ਚੌਕੇ ਗੁਲਾਬ ਸਿੰਘ ਜਿਉਂਦ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ, ਬਲਜੀਤ ਸਿੰਘ ਪੂਹਲਾ, ਅਵਤਾਰ ਸਿੰਘ ਪੂਹਲਾ, ਸੰਸਾਰ ਸਿੰਘ ਕੋਠਾ ਗੁਰੂ, ਗੁਰਪਾਲ ਸਿੰਘ ਦਿਉਣ, ਹਰਪ੍ਰੀਤ ਸਿੰਘ ਸਿਵੀਆਂ, ਰਾਮ ਸਿੰਘ ਕੋਟਗੁਰੂ ਅਤੇ ਅਜੇ ਪਾਲ ਸਿੰਘ ਘੁੱਦਾ ਵੀ ਸ਼ਾਮਲ ਸਨ।
ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਕਿਸਾਨਾਂ ਖੇਤ/ਪੇਂਡੂ ਮਜ਼ਦੂਰਾਂ ਅਤੇ ਦੇਸ਼ ਵਿਰੋਧੀ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਵਾਉਣ ਲਈ ਤੇ ਸਾਰੀਆਂ ਫਸਲਾਂ ਉੱਪਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸੀ2+50% ਫਾਰਮੂਲੇ ਨਾਲ ਲਾਭਕਾਰੀ ਐੱਮ ਐੱਸ ਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਤੇ ਲਗਾਤਾਰ ਵਧ ਰਹੇ ਖੇਤੀ ਲਾਗਤ ਖਰਚਿਆਂ ਕਾਰਨ ਅਤੇ ਫ਼ਸਲਾਂ ਦੇ ਲਾਭਕਾਰੀ ਮੁੱਲ ਨਾ ਮਿਲਣ ਕਾਰਨ ਕਰਜ਼ਿਆਂ ਦੇ ਜਾਲ ਵਿੱਚ ਫਸ ਚੁੱਕੇ 80% ਤੋਂ ਵੱਧ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਖੁਦਕੁਸ਼ੀ ਤੋਂ ਰੋਕਣ , ਹਰ ਕਿਸਮ ਦਾ ਕਰਜ਼ਾ ਖਤਮ ਕਰਵਾਉਣ ਲਈ ਗਰੰਟੀ ਕਾਨੂੰਨ ਬਣਾਉਣ । ਕਿਸਾਨ ਅੰਦੋਲਨ ਦੌਰਾਨ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਿਹੜੇ ਪੁਲਿਸ ਵੱਲੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਮੜ੍ਹੇ ਕੇਸ ਰੱਦ ਕਰਵਾਉਣ ਅਤੇ ਵੱਖ-ਵੱਖ ਮੰਗਾਂ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਣ ਬਚਾਉਣ ਦੀ ਮੰਗ ਕੀਤੀ।