ਅੰਮ੍ਰਿਤਸਰ: ਜ਼ਿਲ੍ਹਾ ਪ੍ਰਸ਼ਾਸਨ ਨੇ 1700 ਟੀ ਬੀ ਮਰੀਜਾਂ ਨੂੰ ਖੁਰਾਕ ਲਈ ਗੋਦ ਲਿਆ
- ਜਿਲ੍ਹਾ ਅਧਿਕਾਰੀਆਂ ਨੇ 100 ਮਰੀਜਾਂ ਨੂੰ ਆਪਣੇ ਪੱਧਰ ਤੇ ਕੀਤਾ ਅਡਾਪਟ
- ਟੀ ਬੀ ਦੇ ਖਾਤਮੇ ਲਈ ਚਲਾਈ ਜਾ ਰਹੀ 100 ਦਿਨਾਂ ਦੀ ਵਿਸ਼ੇਸ਼ ਮੁਹਿੰਮ
- ਜਿਲ੍ਹਾ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ
ਅੰਮ੍ਰਿਤਸਰ 1 ਜਨਵਰੀ 2025 - ਰਾਸ਼ਟਰੀ ਤਪਦਿਕ ਮਿਟਾਓ ਪ੍ਰੋਗਰਾਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਟੀ ਬੀ ਮੁਕਤ ਭਾਰਤ ਅਭਿਆਨ ਤਹਿਤ 100 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਨ ਜਨ ਦਾ ਰੱਖੋ ਧਿਆਨ -ਟੀ ਬੀ ਮੁਕਤ ਭਾਰਤ ਅਭਿਆਨ ਅਤੇ ਸਾਰੇ ਹੋਣਗੇ ਜੇ ਸਾਥ- ਤਾਂ ਟੀ ਬੀ ਨੂੰ ਦੇਣਗੇ ਮਾਤ ਦੇ ਨਾਅਰੇ ਤਹਿਤ ਪਿੰਡ ਪੱਧਰ ਤੱਕ ਇਸ ਮੁਹਿੰਮ ਨੂੰ ਲੈ ਕੇ ਜਾਇਆ ਜਾਵੇਗਾ।
ਇਹ ਐਲਾਨ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਿਰਫ ਖੰਘ ਹੀ ਟੀ ਬੀ ਦਾ ਲੱਛਣ ਨਹੀਂ, ਜੇਕਰ ਤੁਹਾਨੂੰ ਬਲਗਮ ਵਾਲੀ ਖੰਘ, ਖੂਨ ਆਉਣਾ, ਬੁਖਾਰ ਹੋਣਾ, ਛਾਤੀ ਵਿੱਚ ਦਰਦ, ਸਰੀਰਕ ਬਦਲਾਅ, ਭਾਰ ਘੱਟਣਾ, ਰਾਤ ਨੂੰ ਪਸੀਨਾ ਆਉਣਾ, ਪੁਰਾਣੀ ਬਿਮਾਰੀ, ਜਾਂ ਥਕਾਵਟ ਹੁੰਦੀ ਹੋਵੇ ਤਾਂ ਇਨਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਨਿ-ਕਸ਼ੈ ਮਿੱਤਰ ਬਣ ਕੇ ਟੀ ਬੀ ਦੇ ਮਰੀਜਾਂ ਦੀ ਮਦਦ ਕਰੀਏ।
ਦੱਸਣਯੋਗ ਹੈ ਕਿ ਇਸ ਮਹਿਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1700 ਟੀ ਬੀ ਮਰੀਜਾਂ ਨੂੰ ਖੁਰਾਕ ਮੁਹਈਆ ਕਰਾਉਣ ਲਈ ਗੋਦ ਲਿਆ ਗਿਆ ਹੈ, ਜਿਸ ਵਿਚੋਂ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਟੀ ਬੀ ਦੇ 100 ਮਰੀਜਾਂ ਨੂੰ ਅਡਾਪਟ ਕੀਤਾ ਗਿਆ ਹੈ ਅਤੇ ਉਨਾਂ ਦਾ ਸਾਰਾ ਖਰਚਾ ਇਹ ਅਧਿਕਾਰੀ ਆਪਣੀ ਜੇਬ ਵਿਚੋਂ ਖਰਚ ਕਰਨਗੇ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਵਲੋਂ 10 ਮਰੀਜਾਂ ਨੂੰ ਅਡਾਪਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਵਲੋਂ ਵੀ ਟੀ ਬੀ ਦੇ ਮਰੀਜਾਂ ਨੂੰ ਅਡਾਪਟ ਕੀਤਾ ਜਾ ਰਿਹਾ ਹੈ ਤਾਂ ਜੋ ਜਿਲ੍ਹੇ ਨੂੰ ਟੀ ਬੀ ਮੁਕਤ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਟੀ ਬੀ ਦੇ ਹਰੇਕ ਮਰੀਜ਼ ਦਾ ਰਿਕਾਰਡ ਰੱਖਿਆ ਜਾਵੇਗਾ ਅਤੇ ਹਰੇਕ ਲੋੜਵੰਦ ਮਰੀਜ਼ ਨੂੰ ਮਾਹਿਰਾਂ ਦੀ ਸਲਾਹ ਅਨੁਸਾਰ ਸਹੀ ਖੁਰਾਕ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜੋ ਮਰੀਜ਼ ਆਰਥਿਕ ਤੌਰ ਉਤੇ ਅਸਮਰੱਥ ਹੋਣ ਕਾਰਨ ਸਹੀ ਖੁਰਾਕ ਨਹੀਂ ਲੈ ਰਹੇ, ਉਹਨਾਂ ਨੂੰ ਜਿਲਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਪਾਰਕ ਅਦਾਰਿਆਂ, ਰੈਡ ਕਰਾਸ, ਧਾਰਮਿਕ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਹਰ ਮਹੀਨੇ ਖੁਰਾਕ ਮੁਹਈਆ ਕਰਵਾਈ ਜਾਵੇ।
ਸ਼੍ਰੀਮਤੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਵਿੱਚੋਂ ਟੀ ਬੀ ਨੂੰ ਖਤਮ ਕਰਨ ਵਾਲਾ ਅੰਮ੍ਰਿਤਸਰ ਪਹਿਲਾ ਜ਼ਿਲ੍ਹਾ ਦੇਸ਼ ਭਰ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਲਈ ਜੋ ਵੀ ਸਮਾਂ, ਸਾਧਨ, ਪੈਸਾ ਅਤੇ ਐਨਰਜੀ ਲਗਾਉਣ ਦੀ ਲੋੜ ਹੋਈ ਅਸੀਂ ਲਗਾਵਾਂਗੇ। ਉਹਨਾਂ ਜ਼ਿਲੇ ਵਿੱਚ ਮੌਜੂਦ 5 ਹਜਾਰ ਤੋਂ ਵੱਧ ਮਰੀਜ਼ਾਂ ਦੀ ਰਹਾਇਸ਼ ਅਨੁਸਾਰ ਮੈਪਿੰਗ ਕਰਨ ਦੀ ਹਦਾਇਤ ਵੀ ਕੀਤੀ ਤਾਂ ਜੋ ਉਹਨਾਂ ਦੇ ਇਲਾਕਿਆਂ ਨੂੰ ਧਿਆਨ ਵਿੱਚ ਰੱਖ ਕੇ ਆਸ਼ਾ ਵਰਕਰ ਜਾਂ ਹੋਰ ਕਰਮਚਾਰੀਆਂ ਦੀ ਡਿਊਟੀ ਅਜਿਹੇ ਮਰੀਜ਼ਾਂ ਦੀ ਦਵਾਈ ਅਤੇ ਖੁਰਾਕ ਮੁਹਈਆ ਕਰਵਾਉਣ ਲਈ ਲਗਾਈ ਜਾ ਸਕੇ। ਉਹਨਾਂ ਕਿਹਾ ਕਿ ਅਜਿਹੀ ਪ੍ਰਣਾਲੀ ਅਤੇ ਸਾਧਨ ਕਾਇਮ ਕੀਤੇ ਜਾਣ ਕਿ ਹਰੇਕ ਮਰੀਜ਼ ਨੂੰ ਰੋਜਾਨਾ ਦਵਾਈ ਲੈਣ ਲਈ ਮੋਬਾਇਲ ਉੱਤੇ ਦੋ ਵਾਰ ਮੈਸੇਜ ਜਾਵੇ ਅਤੇ ਇਸ ਤੋਂ ਇਲਾਵਾ ਜਦੋਂ ਉਸ ਦੀ ਖੁਰਾਕ ਜਾਂ ਦਵਾਈ ਮੁੱਕਦੀ ਹੈ ਤਾਂ ਉਸ ਨੂੰ ਹੈਲਪਲਾਈਨ ਨੰਬਰ ਦਿੱਤਾ ਜਾਵੇ ਜੋ ਕਿ ਫੋਨ ਕਰਕੇ ਸਹਾਇਤਾ ਲੈ ਸਕੇ। ਉਨਾਂ ਨੇ ਇਸ ਲਈ ਜੇਲ ਵਿੱਚ ਬੰਦ ਕੈਦੀਆਂ ਵਿੱਚੋਂ ਵੀ ਟੀ ਬੀ ਦੇ ਮਰੀਜ਼ਾਂ ਦੀ ਸ਼ਨਾਖਤ ਕਰਨ ਅਤੇ ਉਹਨਾਂ ਦਾ ਇਲਾਜ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕਾਰਜ ਲਈ ਅੱਗੇ ਆਉਣ। ਉਨਾਂ ਕਿਹਾ ਕਿ ਜੋ ਲੋਕ ਆਪਣਾ ਜਨਮ ਦਿਨ, ਵਿਆਹ ਸਾਲਗ੍ਰਿਹਾ ਆਦਿ ਮੌਕਿਆਂ ਤੇ ਟੀ ਬੀ ਦੇ ਮਰੀਜਾਂ ਨੂੰ ਅਡਾਪਟ ਕਰਨ ਅਤੇ ਲੋੜਵੰਦ ਮਰੀਜਾਂ ਦੀ ਖੁਰਾਕ ਅਤੇ ਦਵਾਈ ਦਾ ਪ੍ਰਬੰਧ ਕਰਨ ਤਾਂ ਜੋ ਉਨਾਂ ਦੇ ਇਹ ਦਿਨ ਯਾਦਗਾਰ ਬਣ ਸਕਣ। ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਟੀ ਬੀ ਦੇ ਮਰੀਜਾਂ ਲਈ ਹੈਲਪਲਾਈਨ ਨੰਬਰ 0183-2422155 ਅਤੇ ਮੋਬਾਇਲ ਨੰਬਰ 9056454988 ਜਾਰੀ ਕੀਤਾ ਗਿਆ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਵਿਅਕਤੀ ਟੀ ਬੀ ਮਰੀਜਾਂ ਨੂੰ ਅਡਾਪਟ ਕਰਨਾ ਚਾਹੁੰਦੇ ਹਨ। ਉਹ ਇਸ ਨੇਕ ਕੰਮ ਲਈ ਦਿੱਤੇ ਗਏ ਹੈਲਪਲਾਈਨ ਉਪਰ ਸੰਪਰਕ ਕਰ ਸਕਦੇ ਹਨ ਅਤੇ ਨਿ-ਕਸ਼ੈ ਪੋਰਟਲ ਤੇ ਰਜਿਸਟਰਡ ਹੋ ਕੇ ਲੋੜਵੰਦਾਂ ਦੀ ਮਦਦ ਵੀ ਕਰ ਸਕਦੇ ਹਨ।