Bathinda Special Story: ਮੇਅਰ ਦੀ ਕੁਰਸੀ ਦੀ ਰੜਕ ਪਿੱਛੇ ਕਾਂਗਰਸ ਨੇ ਮਾਰੀ ਬੜ੍ਹਕ
ਅਸ਼ੋਕ ਵਰਮਾ
ਬਠਿੰਡਾ, 29 ਦਸੰਬਰ 2024 :ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 48 ਦੇ ਕੌਂਸਲਰ ਦੀ ਜਿਮਨੀ ਚੋਣ ਤੋਂ ਬਾਅਦ ਆਏ ਨਤੀਜਿਆਂ ਦੀ ਰੌਸ਼ਨੀ ’ਚ ਖਾਲੀ ਪਈ ਮੇਅਰ ਦੀ ਕੁਰਸੀ ਨੂੰ ਲੈਕੇ ਚੱਲ ਰਹੀਆਂ ਕਿਆਸ ਅਰਾਈਆਂ ਨੂੰ ਸਿਰੇ ਤੋਂ ਰੱਦ ਕਰਦਿਆਂ ਅੱਜ ਸ਼ਹਿਰੀ ਕਾਂਗਰਸ ਨੇ ਸਪਸ਼ਟ ਕੀਤਾ ਹੈ ਕਿ ਇਸ ਅਹੁਦੇ ਤੇ ਕਾਂਗਰਸੀ ਮੇਅਰ ਹੀ ਬਿਰਾਜਮਾਨ ਹੋਵੇਗਾ। ਐਤਵਾਰ ਨੂੰ ਮਰਹੂਮ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਸੰਖੇਪ ਸਮਾਗਮ ਦੌਰਾਨ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਇਸ ਮੁੱਦੇ ਨੂੰ ਲੈਕੇ ਹਾਕਮ ਧਿਰ ਆਮ ਆਦਮੀ ਪਾਰਟੀ ਨੂੰ ਸ਼ੀਸ਼ਾ ਵੀ ਦਿਖਾਇਆ ਅਤੇ ਕਾਂਗਰਸੀ ਕੌਂਸਲਰਾਂ ’ਚ ਇੱਕਜੁਟਤਾ ਹੋਣ ਦੀ ਗੱਲ ਵੀ ਆਖੀ। ਜਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦ੍ਰਜੀਤ ਮਹਿਤਾ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਅੱਜ ਸ਼ਹਿਰ ਦੇ ਸਿਆਸੀ ਹਲਕਿਆਂ ’ਚ ਸੁਣਾਈ ਦਿੱਤੀ ਕਾਂਗਰਸ ਦੀ ਬੜ੍ਹਕ ਨੇ ਹੁਣ ਮੇਅਰ ਦੀ ਚੇਅਰ ਨੂੰ ਲੈਕੇ ਮੈਦਾਨ ਭਖਾ ਦਿੱਤਾ ਹੈ।
ਦਰਅਸਲ ਵਾਰਡ ਨੰਬਰ 48 ਦੀ ਜਿਮਨੀ ਚੋਣ ਉਪਰੰਤ ਸ਼ਹਿਰ ’ਚ ਵੱਡੀ ਪੱਧਰ ਤੇ ਇਹ ਚਰਚਾ ਛਿੜੀ ਹੋਈ ਸੀ ਕਿ ਮੇਅਰ ਦੀ ਚੋਣ ਨੂੰ ਲੈਕੇ ਹਾਕਮ ਧਿਰ ਕੋਈ ਨਾਂ ਕੋਈ ਧਮਾਕਾ ਕਰ ਸਕਦੀ ਹੈ। ਇਨ੍ਹਾਂ ਗੱਲਾਂ ਨੇ ਇਸ ਕਰਕੇ ਵੀ ਜੋਰ ਫੜ੍ਹਿਆ ਕਿਉਂਕਿ ਆਮ ਆਦਮੀ ਪਾਰਟੀ ਨੇ ਵਿਧਾਇਕ ਜਗਰੂਪ ਗਿੱਲ ਦੀ ਸਿਫਾਰਸ਼ ਤੇ ਐਲਾਨੇ ਉਮੀਦਵਾਰ ਸਾਬਕਾ ਅਕਾਲੀ ਆਗੂ ਬਲਵਿੰਦਰ ਸਿੰਘ ਬਿੰਦਰ ਦੀ ਟਿਕਟ ਰੱਦ ਕਰਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਪੁੱਤਰ ਪਦਮਜੀਤ ਮਹਿਤਾ ਨੂੰ ਉਮੀਦਵਾਰ ਬਣਾ ਲਿਆ ਸੀ। ਸਿਆਸੀ ਮਾਹਿਰਾਂ ਨੇ ਵੀ ਮੰਨਿਆ ਸੀ ਕਿ ਇੱਕ ਕੌਂਸਲਰ ਦੀ ਛੋਟੀ ਤੇ ਸਧਾਰਨ ਜਿਹੀ ਜਿਮਨੀ ਚੋਣ ਲਈ ਇੰਜ ਹਾਈਪ੍ਰੋਫਾਈਲ ਪ੍ਰੀਵਾਰ ਨੂੰ ਮੈਦਾਨ ’ਚ ਉਤਾਰਨਾ ਸਹਿਜ ਨਹੀਂ ਬਲÇ ਇਸ ਕਦਮ ਪਿੱਛੇ ਵੱਡੀ ਰਾਜਨੀਤੀ ਕੰਮ ਕਰ ਰਹੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਸ ਚੋਣ ਦੌਰਾਨ ਹਾਕਮ ਧਿਰ ਦਾ ਉਮੀਦਵਾਰ ਨੇ ਬੰਪਰ ਜਿੱਤ ਪ੍ਰਾਪਤ ਕਰਨ ’ਚ ਸਫਲ ਹੋ ਗਿਆ।
ਚਾਹੇ ਕੋਈ ਕੁੱਝ ਵੀ ਕਹੀ ਜਾਏ, ਨਗਰ ਨਿਗਮ ਬਠਿੰਡਾ ਦੇ ਮੇਅਰ ਦਾ ਅਹੁਦਾ ਕਾਂਗਰਸ ਕੋਲ ਹੀ ਰਹੇਗਾ- ਰਾਜਨ ਗਰਗ
ਦੂਜੇ ਪਾਸੇ ਨਗਰ ਨਿਗਮ ਤੇ ਕਾਬਜ ਕਾਂਗਰਸ ਦਾ ਉਮੀਦਵਾਰ ਦੋ ਸੌ ਦੇ ਅੰਕੜੇ ਤੇ ਵੀ ਨਾਂ ਪੁੱਜ ਸਕਿਆ ਜੋ ਮੇਅਰ ਦੇ ਅਹੁਦੇ ਨੂੰ ਲੈਕੇ ਚੱਲ ਰਹੀਆਂ ਚਰਚਾਵਾਂ ਨੂੰ ਹੋਰ ਹਵਾ ਦੇਣ ਵਾਲਾ ਹੀ ਸਾਬਤ ਹੋਇਆ ਹੈ। ਚੋਣ ਨਤੀਜਿਆਂ ਤੋਂ ਬਾਅਦ ਮੀਡੀਆ ਵਿੱਚ ਵੀ ਇਹੋ ਰਿਪੋਰਟਾਂ ਆ ਰਹੀਆਂ ਸਨ ਕਿ ਪਦਮਜੀਤ ਮਹਿਤਾ ਨੂੰ ਚੋਣ ਲੜਾਉਣਾ ਤੇ ਫਿਰ ਜਿੱਤਣਾ ਕੋਈ ਸਹਿਜ ਨਹੀਂ ਹੈ। ਇੰਨ੍ਹਾਂ ਤੱਥਾਂ ਨੂੰ ਵਿਰਾਮ ਲਾਉਣ ਲਈ ਅੱਜ ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਚਾਹੇ ਕੋਈ ਕੁੱਝ ਵੀ ਕਹੀ ਜਾਏ ਨਗਰ ਨਿਗਮ ਬਠਿੰਡਾ ਦੇ ਮੇਅਰ ਦਾ ਅਹੁਦਾ ਕਾਂਗਰਸ ਕੋਲ ਹੀ ਰਹੇਗਾ। ਸ਼੍ਰੀ ਗਰਗ ਨੇ ਦੱਸਿਆ ਕਿ ਨਗਰ ਨਿਗਮ ਦੇ ਜਰਨਲ ਹਾਊਸ ਵਿੱਚ ਕਾਂਗਰਸ ਦੇ 28 ਕੌਂਸਲਰ ਹਨ ਜੋ ਬਹੁਮਤ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਕਾਰਜਕਾਰੀ ਮੇਅਰ ਵਜੋਂ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਬਠਿੰਡਾ ਵਿੱਚ ਕੌਂਸਲਰਾਂ ਦੀ ਖਰੀਦੋ-ਫ਼ਰੋਖਤ ਹੋਣ ਸਬੰਧੀ ਚਰਚਿਆਂ ਦਾ ਬਜ਼ਾਰ ਗਰਮ ਹੈ ਪਰ ਉਸ ਵਿੱਚ ਵਿਰੋਧੀ ਕਦਾਚਿੱਤ ਵੀ ਸਫਲ ਨਹੀਂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਜਦੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਹਮਾਇਤੀ ਮੇਅਰ ਸ਼੍ਰੀਮਤੀ ਰਮਨ ਗੋਇਲ ਨੂੰ ਅਹੁਦੇ ਤੋਂ ਹਟਾਇਆ ਜਾ ਰਿਹਾ ਸੀ ਤਾਂ ਉਦੋਂ ਵੀ ਅਜਿਹਾ ਹੀ ਵਰਤਾਰਾ ਵਰਤਿਆ ਸੀ ਪਰ ਕਾਂਗਰਸੀ ਕੌਂਸਲਰਾਂ ਦੀ ਏਕਤਾ ਨੇ ਇੰਨ੍ਹਾਂ ਕੋਸ਼ਿਸ਼ਾਂ ਦਾ ਮੂੰਹਤੋੜ ਜਵਾਬ ਦਿੱਤਾ ਸੀ। ਉਨ੍ਹਾਂ ਇੱਕ ਵਾਰ ਫਿਰ ਦਾਅਵੇ ਨਾਲ ਕਿਹਾ ਕਿ ਮੇਅਰ ਦੀ ਕੁਰਸੀ ਤੇ ਬੈਠਣ ਬਿਠਾਉਣ ਨਾਲ ਜੁੜੇ ਸਮੂਹ ਤੱਥਾਂ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੂਰੀ ਤਰਾਂ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸ਼ਰਾਬ ਪੀਣ ਨੂੰ ਲੈਕੇ ਬੇਹੱਦ ਤਲਖ ਟਿਪਣੀਆਂ ਕੀਤੀਆਂ ਸਨ ਕੀ ਹੁਣ ਮੇਅਰ ਬਣਨ ਲਈ ਉਨ੍ਹਾਂ ਦੀ ਹਮਾਇਤ ਲਈ ਜਾਏਗੀ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਹੈ।
ਮਨਪ੍ਰੀਤ ਬਾਦਲ ਪੱਖੀ ਮੇਅਰ ਨੂੰ 15 ਨਵੰਬਰ 2023 ਨੂੰ ਹਟਾ ਦਿੱਤਾ ਗਿਆ ਸੀ ਅਹੁਦੇ ਤੋਂ
ਦੱਸ ਦੇਈਏ ਕਿ 15 ਨਵੰਬਰ 2023 ਨੂੰ ਮਨਪ੍ਰੀਤ ਬਾਦਲ ਪੱਖੀ ਮੇਅਰ ਸ਼੍ਰੀਮਤੀ ਰਮਨ ਗੋਇਲ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਮੇਅਰ ਨੂੰ ਹਟਾਉਣ ਲਈ ਪੇਸ਼ ਮਤੇ ਦੇ ਹੱਕ ’ਚ 30 ਵੋਟਾਂ ਪਈਆਂ ਜਦੋਂਕਿ ਵਿਧਾਇਕ ਜਗਰੂਪ ਗਿੱਲ ਅਤੇ ਆਪ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਨੇ ਖੁਦ ਨੂੰ ਨਿਰਪੱਖ ਰੱਖਿਆ ਸੀ। ਨਗਰ ਨਗਮ ’ਚ ਅਕਾਲੀ ਦਲ ਦੇ 7 ਕੌਂਸਲਰਾਂ ਚੋਂ 4 ਨੇ ਅੱਜ ਦੀ ਮੀਟਿੰਗ ਵਿੱਚ ਭਾਗ ਨਹੀਂ ਲਿਆ ਸੀ। ਨਗਰ ਨਿਗਮ ਦੇ ਇਸ ਮਤੇ ਖਿਲਾਫ ਮੇਅਰ ਧੜਾ ਹਾਈਕੋਰਟ ਚਲਾ ਗਿਆ ਸੀ। ਕਾਫੀ ਸਮਾਂ ਸੁਣਵਾਈ ਚੱਲਣ ਦੇ ਬਾਵਜੂਦ ਰਮਨ ਗੋਇਲ ਨੂੰ ਅਦਾਲਤ ਚੋਂ ਇਸ ਮਾਮਲੇ ’ਚ ਕੋਈ ਸਫਲਤਾ ਨਹੀਂ ਮਿਲੀ ਸੀ। ਉਸ ਤੋਂ ਬਾਅਦ ਹੁਣ ਤੱਕ ਨਵਾਂ ਮੇਅਰ ਬਣਾਇਆ ਨਹੀਂ ਜਾ ਸਕਿਆ ਹੈ। ਮੇਅਰ ਦੀ ਚੋਣ ਲਈ ਸਰਕਾਰ ਜਲਦੀ ਹੀ ਤਰੀਕ ਤੈਅ ਕਰ ਸਕਦੀ ਹੈ ਜਿਸ ਨੂੰ ਲੈਕੇ ਹੁਣ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਹੀ ਧਿਰਾਂ ਨੇ ਅੰਦਰੋ ਅੰਦਰੀ ਤਿਆਰੀਆਂ ਵਿੱਢੀਆਂ ਹੋਈਆਂ ਹਨ।